49 ਹਜ਼ਾਰ ਰੁ: 'ਤੇ ਆਇਆ ਸੋਨਾ, ਫਰਵਰੀ ਤੱਕ ਹੋ ਸਕਦੈ ਇੰਨਾ ਭਾਰੀ ਸਸਤਾ
Monday, Nov 23, 2020 - 09:38 PM (IST)
ਨਵੀਂ ਦਿੱਲੀ— ਸੋਮਵਾਰ ਨੂੰ ਕੋਰੋਨਾ ਵਾਇਰਸ ਟੀਕੇ ਨੂੰ ਲੈ ਕੇ ਇਕ ਹੋਰ ਸਕਾਰਾਤਮਕ ਖ਼ਬਰ ਆਉਣ ਪਿੱਛੋਂ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨੇ ਦੀ ਕੀਮਤ ਤਕਰੀਬਨ 850 ਰੁਪਏ ਉਤਰ ਕੇ 49,360 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ, ਜੋ ਇਸ ਤੋਂ ਪਿਛਲੇ ਸੈਸ਼ਨ 'ਚ 50,212 ਰੁਪਏ ਪ੍ਰਤੀ ਦਸ ਗ੍ਰਾਮ ਰਹੀ ਸੀ।
ਇਸੇ ਤਰ੍ਹਾਂ ਦਸੰਬਰ ਡਿਲਿਵਰੀ ਵਾਲੀ ਚਾਂਦੀ ਵੀ ਇਸ ਦੌਰਾਨ 1,800 ਰੁਪਏ ਲਗਭਗ ਟੁੱਟ ਕੇ 60,365 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ। ਪਿਛਲੇ ਸੈਸ਼ਨ 'ਚ ਐੱਮ. ਸੀ. ਐਕਸ. 'ਤੇ ਚਾਂਦੀ 62,518 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।
ਉੱਥੇ ਹੀ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ ਤਕਰੀਬਨ 2 ਫ਼ੀਸਦੀ ਡਿੱਗ ਕੇ 1,836 ਡਾਲਰ ਪ੍ਰਤੀ ਔਂਸ ਅਤੇ ਚਾਂਦੀ 3 ਫ਼ੀਸਦੀ ਦੀ ਗਿਰਾਵਟ ਨਾਲ 23.62 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ।
ਇਹ ਵੀ ਪੜ੍ਹੋ- ਮੁੰਬਈ 'ਚ 'ਨੋ ਐਂਟਰੀ', ਯਾਤਰਾ ਤੋਂ ਪਹਿਲਾਂ ਹੁਣ ਕੋਰੋਨਾ ਟੈਸਟ ਕਰਾਉਣਾ ਲਾਜ਼ਮੀ
5,000 ਰੁਪਏ ਤੱਕ ਸਸਤਾ ਹੋ ਸਕਦਾ ਹੈ ਸੋਨਾ-
ਕੋਰੋਨਾ ਵਾਇਰਸ ਟੀਕੇ ਨੂੰ ਲੈ ਕੇ ਹਾਂ-ਪੱਖੀ ਖ਼ਬਰਾਂ ਆਉਣ ਨਾਲ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਸੋਨੇ ਦੀ ਮੰਗ ਘੱਟ ਹੋਈ ਹੈ। ਬ੍ਰਿਟੇਨ ਦੇ ਐਸਟ੍ਰਾਜ਼ੇਨੇਕਾ ਨੇ ਕਿਹਾ ਕਿ ਉਸ ਦਾ ਕੋਰੋਨਾ ਵਾਇਰਸ ਟੀਕਾ ਬਿਨਾਂ ਕਿਸੇ ਗੰਭੀਰ ਮਾੜੇ ਪ੍ਰਭਾਵਾਂ ਦੇ ਤਕਰੀਬਨ 90 ਫ਼ੀਸਦੀ ਅਸਰਦਾਰ ਹੋ ਸਕਦਾ ਹੈ। ਇਸ ਤੋਂ ਪਹਿਲਾਂ ਫਾਈਜ਼ਰ ਤੇ ਮੋਡੇਰਨਾ ਵੀ ਆਪਣੇ ਟੀਕੇ ਦੇ 90 ਫ਼ੀਸਦੀ ਤੋਂ ਵੱਧ ਪ੍ਰਭਾਵੀ ਹੋਣ ਦੀ ਘੋਸ਼ਣਾ ਕਰ ਚੁੱਕੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਮੰਗ ਘਟਣ ਨਾਲ ਫਰਵਰੀ ਤੱਕ ਸੋਨਾ ਮੌਜੂਦਾ ਪੱਧਰ ਤੋਂ 5,000 ਰੁਪਏ ਤੱਕ ਸਸਤਾ ਹੋ ਸਕਦਾ ਹੈ ਕਿਉਂਕਿ ਜਨਵਰੀ-ਫਰਵਰੀ ਤੱਕ ਕੋਰੋਨਾ ਟੀਕੇ ਦੇ ਆ ਜਾਣ ਦੀ ਉਮੀਦ ਹੈ। ਹਾਲਾਂਕਿ, ਕੁਝ ਦਾ ਮੰਨਣਾ ਹੈ ਕਿ ਸੋਨੇ 'ਚ ਜਲਦ ਕਿਸੇ ਵੱਡੇ ਉਤਰਾਅ-ਚੜ੍ਹਾਅ ਦੀ ਉਮੀਦ ਨਹੀਂ ਹੈ। ਮੁੰਬਈ 'ਚ ਨਿਰਮਲ ਬੈਂਗ ਕਮੋਡਿਟੀਜ਼ ਦੇ ਖੋਜ ਮੁਖੀ ਕੁਨਾਲ ਸ਼ਾਹ ਨੇ ਕਿਹਾ, ''ਟੀਕਾ ਨੇੜੇ ਦੀ ਮਿਆਦ 'ਚ ਸੋਨੇ ਦੇ ਬੁਨਿਆਦੀ ਸਿਧਾਂਤ ਨੂੰ ਬਦਲਣ ਵਾਲਾ ਨਹੀਂ ਹੈ। ਟੀਕਿਆਂ ਨੂੰ ਗਲੋਬਲ ਬਾਜ਼ਾਰ 'ਚ ਦਾਖ਼ਲ ਹੋਣ 'ਚ ਬਹੁਤ ਸਾਰਾ ਸਮਾਂ ਲੱਗਣ ਵਾਲਾ ਹੈ।''
ਇਹ ਵੀ ਪੜ੍ਹੋ- OXFORD ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਭਾਰਤ ਲਈ ਵੱਡੀ ਖ਼ੁਸ਼ਖ਼ਬਰੀ