ਸੋਨੇ ਵਿਚ ਵੱਡੀ ਗਿਰਾਵਟ ਦਾ ਖਦਸ਼ਾ, 10 ਗ੍ਰਾਮ ਲਈ ਇੰਨਾ ਹੋਵੇਗਾ ਖਰਚ

03/02/2020 3:48:49 PM

ਨਵੀਂ ਦਿੱਲੀ— ਪਿਛਲੇ ਦਿਨੀਂ ਕੀਮਤਾਂ 'ਚ ਭਾਰੀ ਉਥਲ-ਪੁਥਲ ਪਿੱਛੋਂ ਹੁਣ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਆਸਾਰ ਹਨ। ਜਲਦ ਹੀ ਇਸ 'ਚ ਦੋ-ਤਿੰਨ ਫੀਸਦੀ ਗਿਰਾਵਟ ਦਿਸ ਸਕਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਗਲੇ ਹਫਤੇ ਤੱਕ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 1,000 ਰੁਪਏ ਤੱਕ ਡਿੱਗ ਕੇ 40,400 ਰੁਪਏ ਰਹਿ ਸਕਦੀ ਹੈ। ਸ਼ਨੀਵਾਰ ਨੂੰ ਸੋਨੇ ਦਾ ਮੁੱਲ 41,450 ਰੁਪਏ ਸੀ, ਜੋ ਇਸ ਤੋਂ ਪਿਛਲੇ ਦਿਨ ਦੇ ਮੁਕਾਬਲੇ ਤਕਰੀਬਨ ਦੋ ਫੀਸਦੀ ਤੱਕ ਸਸਤਾ ਸੀ। ਜਿਊਲਰੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਗਾਹਕ ਤਾਜ਼ਾ ਖਰੀਦ ਲਈ ਹਾਲਾਤ ਦਾ ਵਿਸ਼ਲੇਸ਼ਣ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੀਮਤਾਂ 'ਚ ਹੋਰ ਕਮੀ ਹੋਵੇਗੀ। ਮੌਜੂਦਾ ਸਮੇਂ ਕੀਮਤਾਂ ਕਾਫੀ ਉੱਚ ਪੱਧਰ 'ਤੇ ਹੋਣ ਕਾਰਨ ਖਰੀਦਦਾਰ ਬਹੁਤ ਘੱਟ ਹੀ ਖਰੀਦ ਕਰ ਰਹੇ ਹਨ।

 

ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਡਾਲਰ ਦੇ ਮੁਕਾਬਲੇ 'ਚ ਰੁਪਏ ਨਰਮੀ ਰਹਿੰਦੀ ਹੈ ਤਾਂ ਭਾਰਤ 'ਚ ਕੀਮਤਾਂ 'ਚ ਗਿਰਾਵਟ ਦਾ ਪ੍ਰਭਾਵ ਹੋਰ ਬਾਜ਼ਾਰਾਂ ਦੀ ਤੁਲਨਾ 'ਚ ਘੱਟ ਹੋਵੇਗਾ।

ਹਾਲਾਂਕਿ, ਲੰਮੇ ਸਮੇਂ ਦੇ ਹਿਸਾਬ ਨਾਲ ਸੋਨੇ ਦੀ ਕੀਮਤ ਮਜਬੂਤ ਬਣੀ ਰਹੇਗੀ ਕਿਉਂਕਿ ਗਲੋਬਲ ਆਰਥਿਕ ਮੰਦੀ ਨੇ ਸਰਾਫਾ ਪ੍ਰਤੀ ਸੁਰੱਖਿਅਤ ਨਿਵੇਸ਼ ਦੀ ਖਿੱਚ ਵਧਾ ਦਿੱਤੀ ਹੈ। ਮਿਡ ਟਰਮ 'ਚ ਸੋਨੇ ਦੀ ਕੀਮਤ ਪ੍ਰਤੀ ਗ੍ਰਾਮ 44,000 ਰੁਪਏ ਤੱਕ ਪਹੁੰਚਣ ਤੋਂ ਪਹਿਲਾਂ ਡਿੱਗ ਕੇ 40,400 ਰੁਪਏ ਤੱਕ ਆ ਸਕਦੀ ਹੈ।
ਮੌਜੂਦਾ ਹਾਲਾਤ 'ਚ ਸੋਨੇ ਦੀ ਕੀਮਤ 40 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਤੋਂ ਥੱਲ੍ਹੇ ਜਾਣ ਦੀ ਸੰਭਾਵਨਾ ਨਹੀਂ ਲੱਗ ਰਹੀ। ਕੌਮਾਂਤਰੀ ਬਾਜ਼ਾਰ 'ਚ ਫਿਲਹਾਲ ਸੋਨਾ 1,525 ਤੇ 1,540 ਡਾਲਰ ਪ੍ਰਤੀ ਔਂਸ ਵਿਚਕਾਰ ਰਹਿ ਸਕਦਾ ਹੈ, ਜਦੋਂ ਕਿ ਮਿਡ ਟਰਮ 'ਚ ਇਹ 1,680 ਡਾਲਰ ਤੱਕ ਪਹੁੰਚ ਕੇ 1,700 ਡਾਲਰ ਪ੍ਰਤੀ ਔਂਸ ਤੋਂ ਵੀ ਪਾਰ ਜਾ ਸਕਦਾ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਯੂ. ਐੱਸ. ਫੈਡਰਲ ਰਿਜ਼ਰਵ ਬੈਂਕ ਵਾਇਰਸ ਦੇ ਪ੍ਰਭਾਵ ਤੋਂ ਅਰਥਵਿਵਸਥਾ ਨੂੰ ਬਚਾਉਣ ਲਈ ਅਗਲੇ ਮਹੀਨੇ ਤੱਕ ਵਿਆਜ ਦਰਾਂ 'ਚ ਕਟੌਤੀ ਕਰ ਸਕਦਾ ਹੈ, ਜਿਸ ਨਾਲ ਸੋਨੇ ਨੂੰ ਸਪੋਰਟ ਮਿਲੇਗੀ।


Related News