ਜਾਣੋ ਅਰਬਾਂ ਦੇ ਕਰਜ਼ਦਾਰ ਅਡਾਨੀ ਕਿਵੇਂ ਬਣੇ ਅਮੀਰ ਵਿਅਕਤੀ, ਮੋਦੀ ਦੇ ਰਾਜਕਾਲ 'ਚ ਚਮਕਿਆ ਕਾਰੋਬਾਰ
Monday, Dec 21, 2020 - 04:33 PM (IST)
ਬਿਜਨੈਸ ਡੈਸਕ : ਗੌਤਮ ਅਡਾਨੀ ਦਾ ਨਾਂ ਬੀਤੇ ਕੁੱਝ ਮਹੀਨਿਆਂ ਤੋਂ ਪੰਜਾਬ ਦੇ ਬੱਚੇ-ਬੱਚੇ ਦੀ ਜ਼ੁਬਾਨ ’ਤੇ ਚੜਿ੍ਹਆ ਹੋਇਆ। ਹਰ ਪੰਜਾਬੀ ਨੂੰ ਇਹ ਆਪਣਾ ਦੁਸ਼ਮਣ ਲੱਗ ਰਿਹਾ ਹੈ। ਖ਼ਾਸ ਕਰਕੇ ਕਿਸਾਨਾਂ ਨੂੰ। ਜਦੋਂ ਤੋਂ ਨਵੇਂ ਖੇਤੀਬਾੜੀ ਕਾਨੂੰਨ ਪਾਸ ਹੋਏ ਹਨ ਪੰਜਾਬ ਦੇ ਲੋਕਾਂ ਨੂੰ ਇਹ ਸ਼ਖ਼ਸ ਉਨ੍ਹਾਂ ਨੂੰ ਆਪਣੀਆਂ ਜ਼ਮੀਨਾਂ ਹੜੱਪਣ ਵਾਲਾ ਦਿਖਾਈ ਦੇ ਰਿਹਾ ਹੈ ਪਰ ਸ਼ਾਇਦ ਹੀ ਕੋਈ ਅਸਲ ਵਿਚ ਜਾਣਦਾ ਹੈ ਕਿ ਇਹ ਵਿਅਕਤੀ ਕੌਣ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੌਣ ਹੈ ਗੌਤਮ ਅਡਾਨੀ। ਜੋ ਪੰਜਾਬੀਆਂ ਦਾ ਅਣ ਐਲਾਨਿਆ ਦੁਸ਼ਮਣ ਬਣ ਚੁੱਕਾ ਹੈ ਅਤੇ ਉਸ ਨੇ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਕਿਵੇਂ ਤੈਅ ਕੀਤਾ ਅਤੇ ਅੱਜ ਕੱਲ ਅਡਾਨੀ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਦੀ ਕਿਰਕਿਰੀ ਕਿਉਂ ਬਣੇ ਹੋਏ ਹਨ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਗੱਤਕੇ ਸਮੇਤ 4 ਖੇਡਾਂ 'ਖੇਡੋ ਇੰਡੀਆ ਯੂਥ ਗੇਮਜ਼-2021' ’ਚ ਸ਼ਾਮਲ
ਕੌਣ ਹੈ ਗੌਤਮ ਅਡਾਨੀ
ਗੌਤਮ ਅਡਾਨੀ ਭਾਰਤੀ ਦੇ ਉਘੇ ਬਿਜਨੈਸਮੈਨ ਅਤੇ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਸ਼ਾਮਲ ਵਿਅਕਤੀ ਹਨ। 32.4 ਅਰਬ ਡਾਲਰ ਦੀ ਸੰਪਤੀ ਨਾਲ ਮੁਕੇਸ਼ ਅੰਬਾਨੀ ਤੋਂ ਬਾਅਦ ਅਡਾਨੀ ਭਾਰਤ ਦੇ ਦੂਜੇ ਸਭ ਤੋਂ ਅਮੀਰ ਬਿਜਨੈਸਮੈਨ ਹਨ। ਅਡਾਨੀ ਨੂੰ ਭਾਰਤ ਦਾ ਪੋਰਟਸ ਟਾਈਕੂਨ ਵੀ ਕਿਹਾ ਜਾਂਦਾ ਹੈ ਕਿਉਂਕਿ ਭਾਰਤ ਦੀਆਂ ਬੰਦਰਗਾਹਾਂ ’ਤੇ ਇਨ੍ਹਾਂ ਦਾ ਕਬਜ਼ਾ ਹੈ। ਅਡਾਨੀ ਬਿਜਨੈਸ ਗਰੁੱਪ ਇੰਫਰਾਸਟਰਕਚਰ ਵਿਚ ਸਭ ਤੋਂ ਵੱਡਾ ਬਰੈਂਡ ਹੈ। ਭਾਰਤ ਦੀ ਪੋਰਟ-ਰੇਲ ਲਿੰਕ ਪਾਲਿਸੀ ਪਿੱਛੇ ਅਡਾਨੀ ਦਾ ਦਿਮਾਗ਼ ਕੰਮ ਕਰਦਾ ਹੈ। ਸਾਬਕਾ ਰੇਲ ਮੰਤਰੀ ਨਿਤਿਸ਼ ਕੁਮਾਰ ਨੇ ਅਡਾਨੀ ਦੇ ਇਸ਼ਾਰੇ ’ਤੇ ਹੀ ਕੰਟਰੀ ਪੋਰਟਸ ਨੂੰ ਰੇਲਵੇ ਨਾਲ ਲਿੰਕ ਕੀਤਾ। 1988 ਵਿਚ ਕਮੋਡਿਟੀ ਟਰੇਡਿੰਗ ਬਾਜ਼ਾਰ ਵਿਚ ਉਤਰੇ ਅਡਾਨੀ ਗਰੁੱਪ ਦੀਆਂ ਅੱਜ ਬੰਦਰਗਾਹਾਂ, ਊਰਜਾ ਸਰੋਤਾਂ, ਖੇਤੀ ਬਿਜਨੈਸ, ਡਿਫੈਂਸ ਸਮੇਤ ਕਈ ਕਾਰੋਬਾਰਾਂ ਵਿਚ ਸਰਗਰਮ ਹਨ। 6 ਅਰਬ ਡਾਲਰ ਦੀ ਸੋਲਰ ਪਾਵਰ ਡੀਲ ਤੋਂ ਬਾਅਦ ਅਡਾਨੀ ਗਰੀਨ ਐਨਰਜੀ ਦੇ ਸ਼ੇਅਰਾਂ ਦੀ ਕੀਮਤ 6 ਗੁਣਾ ਜ਼ਿਆਦਾ ਵੱਧ ਗਈ ਹੈ। 2025 ਦੀ ਸਭ ਤੋਂ ਵੱਡੀ ਗਰੀਨ ਐਨਰਜੀ ਕੰਪਨੀ ਬਣਨ ਦੀ ਦਿਸ਼ਾ ਵਿਚ ਵੱਧ ਗਈ ਹੈ।
ਕੋਰੋਨਾ ਕਾਲ ਵਿਚ ਅਡਾਨੀ ਦੀ ਹੋਈ ਚਾਂਦੀ
ਕੋਰੋਨਾ ਕਾਲ ਵਿਚ ਜਿੱਥੇ 44 ਲੱਖ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਉਥੇ ਹੀ ਗੌਤਮ ਅਡਾਨੀ ਨੇ ਰੋਜ਼ਾਨਾ 456 ਕਰੋੜ ਰੁਪਏ ਕਮਾਏ। ਇਹ ਖ਼ੁਲਾਸਾ ਬਲੂਮਬਰਗ ਬਿਲੇਨੀਅਰਸ ਇੰਡੈਕਸ ਦੀ ਰਿਪੋਰਟ ਵਿਚ ਹੋਇਆ। ਕੋਰੋਨਾ ਕਾਲ ਵਿਚ ਕਮਾਈ ਦੇ ਮਾਮਲੇ ਵਿਚ ਗੌਤਮ ਅਡਾਨੀ ਮੁਕੇਸ਼ ਅੰਬਾਨੀ ਅਤੇ ਬਿਲ ਗੇਟਸ ਨੂੰ ਪਿੱਛੇ ਛੱਡ ਦਿੱਤਾ। ਇਸ ਮਾਮਲੇ ਵਿਚ ਟੇਸਲਾ ਦੇ ਸੀ.ਈ.ਓ. ਐਲਨ ਮਸਕ ਟਾਪ ’ਤੇ ਰਹੇ ਹਨ, ਜਿਨ੍ਹਾਂ ਨੇ ਪ੍ਰਤੀ ਦਿਨ 2.12 ਹਜ਼ਾਰ ਕਰੋੜ ਦੀ ਕਮਾਈ ਕੀਤੀ ਹੈ।
ਇਹ ਵੀ ਪੜ੍ਹੋ: ਪਹਿਲੇ ਟੈਸਟ ’ਚ ਹਾਰ ਮਗਰੋਂ ਭਾਰਤ ਨੂੰ ਹੋਰ ਝਟਕਾ, ਸੱਟ ਲੱਗਣ ਕਾਰਨ ਸੀਰੀਜ਼ ਤੋਂ ਬਾਹਰ ਹੋਇਆ ਇਹ ਗੇਂਦਬਾਜ਼
ਕੋਰੋਨਾ ਕਾਲ ਵਿਚ ਜਿੱਥੇ ਜ਼ਿਆਦਾਤਰ ਲੋਕਾਂ ਦੇ ਰੁਜ਼ਗਾਰ ਖ਼ਤਮ ਹੋ ਗਏ, ਉਥੇ ਹੀ ਅਡਾਨੀ ਗਰੁੱਪ ਦੀਆਂ 4 ਕੰਪਨੀਆਂ ਨੇ ਜ਼ਬਰਦਸਤ ਗਰੋਥ ਦਰਜ ਕੀਤੀ। ਜਿਨ੍ਹਾਂ ਵਿਚ ਅਡਾਨੀ ਗੈਸ, ਅਡਾਨੀ ਪੋਰਟਸ, ਅਡਾਨੀ ਪਾਵਰ, ਅਡਾਨੀ ਇੰਟਰਪ੍ਰਾਈਜਸ ਸ਼ਾਮਲ ਹਨ। ਗੌਤਮ ਅਡਾਨੀ ਦੀ ਨੈਟਵਰਥ ਵਿਚ 1.48 ਲੱਖ ਕਰੋੜ ਦਾ ਵਾਧਾ ਦਰਜ ਕੀਤਾ ਗਿਆ। 2020 ਵਿਚ ਸੰਪਤੀ 19.4 ਅਰਬ ਡਾਲਰ ਤੋਂ ਵੱਧ ਕੇ ਕਰੀਬ 32 ਅਬਰ ਡਾਲਰ ਤੱਕ ਪਹੁੰਚ ਗਈ। ਜਿਨ੍ਹਾਂ ਟਾਪ-10 ਲੋਕਾਂ ਦੀ ਸੰਪਤੀ ਵਧੀ ਅਡਾਨੀ ਉਨ੍ਹਾਂ ਵਿਚ 9ਵੇਂ ਸਥਾਨ ’ਤੇ ਰਹੇ। ਸਟੀਵ ਬਾਰਮਰ, ਲੈਰੀ ਪੇਜ ਅਤੇ ਬਿਲ ਗੇਟਸ ਵੀ ਸੰਪਤੀ ਵਾਧੇ ਦੇ ਮਾਮਲੇ ਵਿਚ ਡਾਨੀ ਤੋਂ ਪਿੱਛੇ ਰਹੇ।
ਅਡਾਨੀ ਸਿਰ 17 ਅਰਬ ਡਾਲਰ ਦਾ ਕਰਜ਼ਾ
ਹੈਰਾਨ ਦੀ ਗੱਲ ਇਹ ਵੀ ਹੈ ਭਾਰਤ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਦੇ ਸਿਰ ’ਤੇ 17 ਅਰਬ ਡਾਲਰ ਦਾ ਕਰਜ਼ਾ ਹੈ। ਗਰੁੱਪ ਨੇ ਤੇਜ਼ੀ ਨਾਲ ਆਪਣਾ ਕਾਰੋਬਾਰ ਫੈਲਾਇਆ ਪਰ ਕਰਜ਼ਾ ਲੈ ਕੇ। ਇਹ ਕਰਜ਼ਾ ਅਡਾਨੀ ਦੀ ਨੈਟਵਰਥ ਦਾ ਕਰੀਬ ਅੱਧਾ ਹਿੱਸਾ ਹੈ। ਅਡਾਨੀ ਇਸ ਲਈ ਕੁੱਝ ਹੱਦ ਤੱਕ ਗਰੀਨ ਐਨਰਜੀ ਵਿਚ ਸਟੇਕ ਸੈਲ ਨਾਲ ਫੰਡ ਜੁਟਾਉਂਦਾ ਰਿਹਾ ਹੈ ਅਤੇ ਵਿਦੇਸ਼ੀ ਬੈਂਕਾਂ ਤੋਂ ਕਰਜ਼ਾ ਲੈਂਦਾ ਹੈ। ਅੱਜ ਬੁਲੰਦੀਆਂ ਛੂਹ ਰਹੇ ਅਡਾਨੀ ਦਾ ਇਹ ਸਫ਼ਰ ਆਸਾਨ ਨਹੀਂ ਸੀ। ਹਾਲਾਂਕਿ ਅੱਜ ਉਹ ਮਿੱਟੀ ਹੱਥ ਪਾਉਂਦੇ ਹਨ ਤਾਂ ਸੋਨਾ ਕੀ ਹੀਰਾ ਬਣ ਜਾਂਦੀ ਹੈ ਪਰ ਸ਼ੁਰੂਆਤ ਇੰਨੀ ਚਮਕਦਾਰ ਨਹੀਂ ਸੀ। ਅਡਾਨੀ ਦਾ ਜਨਮ ਅਹਿਮਦਾਬਾਦ ਵਿਚ ਮੱਧਵਰਗੀ ਪਰਿਵਾਰ ਵਿਚ ਹੋਇਆ। ਉਹ 7 ਭੈਣ-ਭਰਾਵਾਂ ਵਿਚੋਂ ਇਕ ਸੀ। ਬਚਪਨ ਵਿਚ ਹੀ ਕੁੱਝ ਵੱਖਰਾ ਕਰਣ ਦਾ ਜਨੂੰਨ ਸੀ। ਕਾਲਜ ਦੀ ਪੜ੍ਹਾਈ ਗੁਜਰਾਤ ਯੂਨੀਵਰਸਿਟੀ ਤੋਂ ਕੀਤੀ ਪਰ ਰੋਜ਼ੀ-ਰੋਟੀ ਦਾ ਸਵਾਲ ਆ ਗਿਆ ਤਾਂ ਅਡਾਨੀ ਨੂੰ ਪੜ੍ਹਾਈ ਵਿਚਾਲੇ ਹੀ ਛੱਡਣੀ ਪਈ ਅਤੇ 100 ਰੁਪਏ ਜੇਬ ਵਿਚ ਲੈ ਕੇ ਅਡਾਨੀ ਪਹੁੰਚ ਗਏ ਮੁੰਬਈ ਅਤੇ ਇੱਥੋਂ ਸ਼ੁਰੂ ਹੋਈ ਉਨ੍ਹਾਂ ਦੇ ਜਬਰਦਸਤ ਵਪਾਰਕ ਸਫ਼ਰ ਦੀ ਸ਼ੁਰੂਆਤ।
ਇਹ ਵੀ ਪੜ੍ਹੋ: 21 December : ਅੱਜ ਹੈ ਸਾਲ ਦਾ ਸਭ ਤੋਂ ਛੋਟਾ ਦਿਨ, 16 ਘੰਟਿਆਂ ਦੀ ਰਹੇਗੀ ਰਾਤ
ਅਡਾਨੀ ਦਾ ਪੋਰਟ ਟਾਈਕੂਨ ਬਣਨ ਦਾ ਸਫ਼ਰ
ਮੁੰਬਈ ਵਿਚ ਉਨ੍ਹਾਂ ਨੇ ਡਾਇਮੰਡ ਇੰਡਸਟਰੀ ਵਿਚ ਕਿਸਮਤ ਅਜ਼ਮਾਈ। ਉਨ੍ਹਾਂ ਦਾ ਸਿਤਾਰਾ ਚੱਲ ਗਿਆ ਅਤੇ ਉਹ 20 ਸਾਲ ਦੀ ਉਮਰ ਵਿਚ ਮਿਲੇਨੀਅਰ ਬਣ ਗਏ। ਕੁੱਝ ਸਮੇਂ ਬਾਅਦ ਉਹ ਭਰਾ ਦੇ ਪਲਾਸਟਿਕ ਦੇ ਬਿਜਨੈਸ ਵਿਚ ਮਦਦ ਕਰਨ ਲਈ ਗੁਜਰਾਤ ਆ ਗਏ। ਉਸ ਤੋਂ ਬਾਅਦ 1988 ਵਿਚ ਅਡਾਨੀ ਨੇ ਕਮੋਡਿਟੀ ਟਰੈਡਿੰਗ ਕੰਪਨੀ ਅਡਾਨੀ ਇੰਟਰਪ੍ਰਾਈਜਸ ਦੀ ਸ਼ੁਰੂਆਤ ਕੀਤੀ। ਇਕ ਦਹਾਕੇ ਬਾਅਦ ਉਨ੍ਹਾਂ ਨੇ ਅਰਬ ਸਾਗਰ ਤੱਟ ’ਤੇ ਮੁੰਦਰਾ ਪੋਰਟ ਸ਼ੁਰੂ ਕੀਤਾ। ਇਹ ਬਿਜਨੈਸ ਅੱਜ ਦੇਸ਼ ਦੇ ਸਭ ਤੋਂ ਵੱਡੇ ਪ੍ਰਾਈਵੇਟ ਪੋਰਟ ਆਪ੍ਰੇਸ਼ਨ ਦਾ ਰੂਪ ਲੈ ਚੁੱਕਾ ਹੈ। ਅਡਾਨੀ ਗਰੁੱਪ ਦੇਸ਼ ਦਾ ਸਭ ਤੋਂ ਵੱਡਾ ਪ੍ਰਾਈਵੇਟ ਬਿਜਲੀ ਉਤਪਾਦਕ ਬਣ ਗਿਆ ਹੈ ਅਤੇ ਕੋਲਾ ਖਨਨ ਬਾਜ਼ਾਰ ਵੱਡਾ ਖਿਡਾਰੀ ਵੀ ਹੈ।
ਮੋਦੀ ਦੀ ਤਰੱਕੀ ਦੇ ਨਾਲ-ਨਾਲ ਚਮਕਿਆ ਅਡਾਨੀ ਦਾ ਕਾਰੋਬਾਰ
ਇਹ ਬਹੁਤ ਦਿਲਚਸਪ ਗੱਲ ਹੈ ਕਿ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਸੀ.ਐਮ. ਦੇ ਤੌਰ ’ਤੇ ਰਾਜਨੀਤੀ ਵਿਚ ਤਰੱਕੀ ਦੀਆਂ ਪੌੜੀਆਂ ਚੜ੍ਹ ਰਹੇ ਸੀ ਤਾਂ ਗੌਤਮ ਅਡਾਨੀ ਕਾਰੋਬਾਰ ਵਿਚ ਝੰਡੇ ਗੱਢ ਰਹੇ ਸਨ। ਮੋਦੀ ਦੇ ਸੀ.ਐਮ. ਰਹਿੰਦੇ ਹੀ ਅਡਾਨੀ ਨੇ ਗੁਜਰਾਤ ਵਿਚ ਮੁੰਦਰਾ ਪੋਰਟ ਦੀ ਸ਼ੁਰੂਆਤ ਕੀਤੀ ਅਤੇ ਇੰਡਸਟਰੀਅਲ ਜ਼ੋਨ ਬਣਾਇਆ। ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 2015 ਵਿਚ ਅਡਾਨੀ ਨੇ ਆਪਣੇ ਕਾਰੋਬਾਰ ਦਾ ਡਾਇਵਰਸੀਫਿਕੇਸ਼ਨ ਸ਼ੁਰੂ ਕੀਤਾ ਯਾਨੀ ਕਿ ਵੱਖ-ਵੱਖ ਖੇਤਰਾਂ ਵਿਚ ਹੱਕ ਅਜ਼ਮਾਇਆ ਅਤੇ ਕਾਮਯਾਬੀ ਦੇ ਸਿਖ਼ਰਾਂ ਨੂੰ ਛੂਹਿਆ। ਅਡਾਨੀ ਦਾ ਧਿਆਨ ਉਨ੍ਹਾਂ ਨਵੀਂਆਂ ਇੰਡਸਟਰੀਜ਼ ’ਤੇ ਰਹਿੰਦਾ ਹੈ, ਜਿਨ੍ਹਾਂ ਨੂੰ ਸਰਕਾਰ ਵਿਕਸਿਤ ਕਰਣਾ ਚਾਹੁੰਦੀ ਹੈ। ਅਜਿਹੇ ਖੇਤਰਾਂ ਵਿਚ ਕੋਂਪੀਟੀਸ਼ਨ ਵੀ ਘੱਟ ਹੁੰਦਾ ਹੈ ਅਤੇ ਸਰਕਾਰ ਦਾ ਸਾਥ ਵੀ ਮਿਲ ਜਾਂਦਾ ਹੈ। ਅੱਜ-ਕੱਲ੍ਹ ਅਡਾਨੀ ਗਰੁੱਪ ਦਾ ਧਿਆਨ ਖੇਤੀਬਾੜੀ ਸੈਕਟਰ ’ਤੇ ਹੈ, ਕਿਉਂਕਿ ਇਹੀ ਇਕ ਖੇਤਰ ਹੈ ਜਿਸ ਦਾ ਨਿੱਜੀਕਰਣ ਨਹੀਂ ਹੋਇਆ ਅਤੇ ਇਸ ਵਿਚ ਸੁਧਾਰ ਦੀ ਕਾਫ਼ੀ ਗੁੰਜਾਇਸ਼ ਹੈ। ਖੇਤੀ ਸੁਧਾਰ ਦੇ ਨਾਂ ’ਤੇ ਹੀ ਮੋਦੀ ਸਰਕਾਰ ਵੱਲੋਂ 3 ਨਵੇਂ ਖੇਤੀਬਾੜੀ ਕਾਨੂੰਨ ਹੋਂਦ ਲਿਆਂਦੇ ਗਏ, ਜਿਸ ਨੂੰ ਕਿਸਾਨ ਕਾਲੇੇ ਖੇਤੀ ਕਾਨੂੰਨ ਦੱਸ ਕੇ ਵਿਰੋਧ ਵਿਚ ਡਟੇ ਹੋਏ ਹਨ।
ਇਹ ਵੀ ਪੜ੍ਹੋ: ਚੇਨਈ ਸੁਪਰ ਕਿੰਗਜ਼ ਦੇ ਤੇਜ਼ ਗੇਂਦਬਾਜ਼ ਯੋ ਮਹੇਸ਼ ਨੇ ਕ੍ਰਿਕਟ ਤੋਂ ਲਿਆ ਸੰਨਿਆਸ
ਆਸਟਰੇਲੀਆ ਵਿਚ ਚੱਲੀ ਸੀ ਸਟਾਪ ਅਡਾਨੀ ਮੁਹਿੰਮ
ਭਾਰਤ ਵਿਚ ਅਡਾਨੀ ਗਰੁੱਪ ਦਾ ਕਾਰੋਬਾਰ ਤੇਜ਼ੀ ਨਾਲ ਵੱਧ ਰਿਹਾ ਹੈ ਪਰ ਆਸਟਰੇਲੀਆ ਵਿਚ ਕਾਰੋਬਾਰ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਣਾ ਪੈ ਰਿਹਾ ਹੈ। ਉਥੇ ਹੀ ਗਰੁੱਪ ਦੇ ਵਿਵਾਦਤ ਕਾਲ ਮਾਈਕਲ ਕੋਲ ਪ੍ਰਾਜੈਕਟ ਦੇ ਖ਼ਿਲਾਫ਼ ਸਟਾਪ ਅਡਾਨੀ ਮੁਵਮੈਂਟ ਚੱਲਣ ਕਾਰਨ ਨਿਵੇਸ਼ਕ ਉਨ੍ਹਾਂ ਤੋਂ ਦੂਰ ਹੋ ਗਏ। 2019 ਵਿਚ ਇਹ ਸੰਸਦ ਚੋਣ ਵਿਚ ਇਕ ਚੋਣ ਮੁੱਦਾ ਬਣ ਗਿਆ ਅਤੇ ਵਿਵਾਦ ਤੋਂ ਆਪਣਾ ਨਾਮ ਹਟਾਉਣ ਲਈ ਪਿਛਲੇ ਮਹੀਨੇ ਅਡਾਨੀ ਇੰਟਰਪ੍ਰਾਈਜਸ ਨੇ ਉਥੇ ਹੀ ਆਪਣੀ ਮਾਈਨਿੰਗ ਕੰਪਨੀ ਦਾ ਨਾਮ ਬਦਲ ਦਿੱਤਾ।
ਅਡਾਨੀ ਨਾਲ ਜੁੜੀਆਂ ਦਿਲਚਸਪ ਗੱਲਾਂ
ਗੌਤਮ ਅਡਾਨੀ ਕਿਸਮਤ ਦੇ ਧਨੀ ਹਨ ਇਸ ਵਿਚ ਕੋਈ ਦੋ ਰਾਏ ਨਹੀਂ ਹੈ। ਇਸ ਦਾ ਪਤਾ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ 2 ਘਟਨਾਵਾਂ ਤੋਂ ਵੀ ਲੱਗਦਾ ਹੈ। 20 ਸਾਲ ਪਹਿਲਾਂ ਗੌਤਮ ਅਡਾਨੀ ਨੂੰ ਫਿਰੌਤੀ ਲਈ ਅਗਵਾ ਕਰ ਲਿਆ ਗਿਆ ਸੀ। 2008 ਵਿਚ ਤਾਜ ਹੋਟਲ ’ਤੇ ਅੱਤਵਾਦੀਆਂ ਦੇ ਹਮਲੇ ਵਿਚ ਵੀ ਬੰਦੀ ਬਣਾਇਆ ਗਿਆ ਪਰ ਦੋਵੇਂ ਵਾਰ ਅਡਾਨੀ ਦੀ ਕਿਸਮਤ ਨੇ ਅਜਿਹਾ ਸਾਥ ਦਿੱਤਾ ਕਿ ਉਹ ਮੌਤ ਨੂੰ ਹਰਾ ਕੇ ਨਿਕਲੇ।
ਇਹ ਵੀ ਪੜ੍ਹੋ: ਬਿੱਗ ਬੌਸ ਦੇ ਘਰ ’ਚ ਵਾਈਲਡ ਕਾਰਡ ਐਂਟਰੀ ਲਵੇਗੀ ਭਾਜਪਾ ਨੇਤਾ ਤੇ TikTok ਸਟਾਰ ਸੋਨਾਲੀ ਫੋਗਾਟ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।