ਨਹੀਂ ਰੁਕ ਰਹੀ ਬਿਕਵਾਲੀ, FPI ਨੇ ਫਰਵਰੀ ’ਚ ਭਾਰਤੀ ਸ਼ੇਅਰਾਂ ’ਚੋਂ ਕੱਢੇ 21,272 ਕਰੋੜ ਰੁਪਏ

Monday, Feb 17, 2025 - 12:15 AM (IST)

ਨਹੀਂ ਰੁਕ ਰਹੀ ਬਿਕਵਾਲੀ, FPI ਨੇ ਫਰਵਰੀ ’ਚ ਭਾਰਤੀ ਸ਼ੇਅਰਾਂ ’ਚੋਂ ਕੱਢੇ 21,272 ਕਰੋੜ ਰੁਪਏ

ਨਵੀਂ ਦਿੱਲੀ, (ਭਾਸ਼ਾ)– ਸਥਾਨਕ ਸ਼ੇਅਰ ਬਾਜ਼ਾਰ ਵਿਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੀ ਨਿਕਾਸੀ ਦਾ ਸਿਲਸਿਲਾ ਜਾਰੀ ਹੈ। ਅਮਰੀਕਾ ਵੱਲੋਂ ਦਰਾਮਦ ’ਤੇ ਫੀਸ ਲਾਏ ਜਾਣ ਤੋਂ ਬਾਅਦ ਵਿਸ਼ਵ ਪੱਧਰ ’ਤੇ ਤਣਾਅ ਵਧਣ ਵਿਚਾਲੇ ਫਰਵਰੀ ਦੇ ਪਹਿਲੇ 2 ਹਫਤਿਆਂ ’ਚ ਐੱਫ. ਪੀ. ਆਈ. ਨੇ ਭਾਰਤੀ ਸ਼ੇਅਰ ਬਾਜ਼ਾਰਾਂ ’ਚੋਂ 21,272 ਕਰੋੜ ਰੁਪਏ ਕੱਢੇ ਹਨ।

ਜਿਓਜੀਤ ਫਾਇਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਡਾਲਰ ਸੂਚਕ ਅੰਕ ਹੇਠਾਂ ਜਾਵੇਗਾ ਤਾਂ ਐੱਫ. ਪੀ. ਈ. ਦੀ ਰਣਨੀਤੀ ’ਚ ਉਲਟ-ਫੇਰ ਹੋਵੇਗਾ।

ਅੰਕੜਿਆਂ ਮੁਤਾਬਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਇਸ ਮਹੀਨੇ (14 ਫਰਵਰੀ ਤਕ) ਹੁਣ ਤਕ 21,272 ਕਰੋੜ ਰੁਪਏ ਦੇ ਸ਼ੇਅਰ ਵੇਚੇ ਹਨ। ‘ਮਾਰਨਿੰਗ ਸਟਾਰ ਇਨਵੈਸਟਮੈਂਟ ਰਿਸਰਚ ਇੰਡੀਆ’ ਦੇ ਐਸੋਸੀਏਟ ਮੈਨੇਜਿੰਗ ਡਾਇਰੈਕਟਰ (ਖੋਜ) ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸਪਾਤ ਤੇ ਐਲੂਮੀਨੀਅਮ ਦੀ ਦਰਾਮਦ ’ਤੇ ਨਵੀਂ ਫੀਸ ਲਾਏ ਜਾਣ ਅਤੇ ਕਈ ਦੇਸ਼ਾਂ ’ਤੇ ਵੱਡੀ ਫੀਸ ਲਾਉਣ ਦੀ ਯੋਜਨਾ ਦਾ ਐਲਾਨ ਕੀਤੇ ਜਾਣ ਨਾਲ ਬਾਜ਼ਾਰ ਦੀਆਂ ਚਿੰਤਾਵਾਂ ਵਧ ਗਈਆਂ ਹਨ।

ਸ਼੍ਰੀਵਾਸਤਵ ਨੇ ਕਿਹਾ ਕਿ ਇਨ੍ਹਾਂ ਘਟਨਾਚੱਕਰਾਂ ਨੇ ਸੰਭਾਵਤ ਵਿਸ਼ਵ ਵਪਾਰ ਜੰਗ ਦੇ ਖਦਸ਼ਿਆਂ ਨੂੰ ਮੁੜ ਜਗਾ ਦਿੱਤਾ ਹੈ, ਜਿਸ ਨਾਲ ਐੱਫ. ਪੀ. ਆਈ. ਨੂੰ ਭਾਰਤ ਸਮੇਤ ਉਭਰਦੇ ਬਾਜ਼ਾਰਾਂ ਵਿਚ ਆਪਣੇ ਨਿਵੇਸ਼ ਦਾ ਮੁੜ-ਮੁਲਾਂਕਣ ਕਰਨ ਲਈ ਪ੍ਰੇਰਿਤ ਕੀਤਾ ਹੈ।

ਵਾਟਰਫੀਲਡ ਐਡਵਾਈਜ਼ਰਜ਼ ਦੇ ਸੀਨੀਅਰ ਡਾਇਰੈਕਟਰ (ਸੂਚੀਬੱਧ ਨਿਵੇਸ਼) ਵਿਪੁਲ ਭੋਵਰ ਨੇ ਕਿਹਾ,‘‘ਗਲੋਬਲ ਖਾਸ ਤੌਰ ’ਤੇ ਅਮਰੀਕੀ ਨੀਤੀਆਂ ਵਿਚ ਤਬਦੀਲੀ ਐੱਫ. ਪੀ. ਆਈ. ’ਚ ਬੇਯਕੀਨੀ ਦੀ ਧਾਰਨਾ ਪੈਦਾ ਕਰ ਰਹੀ ਹੈ, ਜੋ ਬਦਲੇ ’ਚ ਭਾਰਤ ਵਰਗੇ ਬਾਜ਼ਾਰਾਂ ਵਿਚ ਆਪਣੀਆਂ ਨਿਵੇਸ਼ ਰਣਨੀਤੀਆਂ ਨੂੰ ਨਵਾਂ ਰੂਪ ਦੇ ਰਹੀਆਂ ਹਨ।’’

ਉਨ੍ਹਾਂ ਕਿਹਾ ਕਿ ਘਰੇਲੂ ਮੋਰਚੇ ’ਤੇ ਕੰਪਨੀਆਂ ਦੇ ਉਮੀਦ ਤੋਂ ਘੱਟ ਤਿਮਾਹੀ ਨਤੀਜਿਆਂ ਅਤੇ ਡਾਲਰ ਦੇ ਮੁਕਾਬਲੇ ਰੁਪਏ ਵਿਚ ਵੱਡੀ ਗਿਰਾਵਟ ਨਾਲ ਭਾਰਤੀ ਜਾਇਦਾਦਾਂ ਦੀ ਖਿੱਚ ਘਟੀ ਹੈ। ਸਮੀਖਿਆ ਅਧੀਨ ਮਿਆਦ ’ਚ ਐੱਫ. ਪੀ. ਆਈ. ਬਾਂਡ ਜਾਂ ਕਰਜ਼ਾ ਬਾਜ਼ਾਰ ਵਿਚ ਸ਼ੁੱਧ ਲਿਵਾਲ ਰਹੇ ਹਨ। ਇਸ ਦੌਰਾਨ ਉਨ੍ਹਾਂ ਬਾਂਡ ’ਚ ਆਮ ਹੱਦ ਦੇ ਤਹਿਤ 1296 ਕਰੋੜ ਰੁਪਏ ਅਤੇ ਵਾਲੰਟਰੀ ਰਿਟੈਂਸ਼ਨ ਰੂਟ ਰਾਹੀਂ 206 ਕਰੋੜ ਰੁਪਏ ਪਾਏ ਹਨ। ਕੁਲ ਮਿਲਾ ਕੇ ਭਾਰਤੀ ਬਾਜ਼ਾਰਾਂ ਸਬੰਧੀ ਐੱਫ. ਪੀ. ਆਈ. ਚੌਕਸੀ ਭਰਿਆ ਰਵੱਈਆ ਅਪਣਾ ਰਹੇ ਹਨ।


author

Rakesh

Content Editor

Related News