Fortune Company ਦੇ ਨਕਲੀ ਰਿਫਾਇੰਡ ਦਾ ਭਾਰੀ ਸਟਾਕ ਬਰਾਮਦ, ਕੰਪਨੀ ਨੇ ਰੇਡ ਕਰਵਾ ਕੇ ਫੜਵਾਇਆ

Thursday, Aug 01, 2024 - 04:08 PM (IST)

ਜਲੰਧਰ (ਜ. ਬ.) – ਅਮਨ ਨਗਰ ਵਿਚ ਫਾਰਚੂਨ ਕੰਪਨੀ ਦੇ ਬਣਾਏ ਜਾ ਰਹੇ ਨਕਲੀ ਰਿਫਾਇੰਡ ਦੀ ਫੈਕਟਰੀ ’ਤੇ ਕੰਪਨੀ ਦੇ ਅਧਿਕਾਰੀਆਂ ਨੇ ਪੁਲਸ ਨੂੰ ਨਾਲ ਲੈ ਕੇ ਰੇਡ ਕਰਵਾ ਦਿੱਤੀ। ਫੈਕਟਰੀ ਵਿਚ ਫਾਰਚੂਨ ਕੰਪਨੀ ਵਰਗੇ ਹੂਬਹੂ ਦਿਸਣ ਵਾਲੇ ਘਿਓ ਦੇ ਡੱਬੇ ਅਤੇ ਟੀਨ ਬਰਾਮਦ ਕੀਤੇ ਗਏ। ਬਰਾਮਦ ਹੋਏ 40 ਟੀਨਾਂ ਵਿਚੋਂ ਨਕਲੀ ਰਿਫਾਇੰਡ ਵੀ ਮਿਲਿਆ ਹੈ, ਜਿਸ ਨੂੰ ਪੁਲਸ ਨੇ ਜ਼ਬਤ ਕਰ ਲਿਆ।

ਥਾਣਾ ਨੰਬਰ 8 ਦੇ ਮੁਖੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਫਾਰਚੂਨ ਕੰਪਨੀ ਦੀ ਇਕ ਟੀਮ ਆਈ ਸੀ। ਕੰਪਨੀ ਦੇ ਅਧਿਕਾਰੀ ਆਪਣੇ ਨਾਲ ਐਕਸਪਰਟ (ਡਾਕਟਰਜ਼) ਦੀ ਟੀਮ ਲੈ ਕੇ ਥਾਣੇ ਪਹੁੰਚੇ ਸਨ। ਉਨ੍ਹਾਂ ਨੇ ਪੁਲਸ ਨੂੰ ਜਾਣਕਾਰੀ ਿਦੱਤੀ ਕਿ ਅਮਨ ਨਗਰ ਵਿਚ ਉਨ੍ਹਾਂ ਦੀ ਕੰਪਨੀ ਦਾ ਨਕਲੀ ਰਿਫਾਇੰਡ ਤਿਆਰ ਕਰ ਕੇ ਮਾਰਕੀਟ ਵਿਚ ਵੇਚਿਆ ਜਾ ਰਿਹਾ ਹੈ। ਪੁਲਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਅਮਨ ਨਗਰ ਵਿਚ ਸਥਿਤ ਹਰੀ ਸਨਜ਼ ਐਗਰੋ ਆਇਲ ਐਂਡ ਕੈਮੀਕਲ ਨਾਂ ਦੀ ਫੈਕਟਰੀ ’ਤੇ ਰੇਡ ਕੀਤੀ।

ਰੇਡ ਦੌਰਾਨ ਪੁਲਸ ਨੂੰ ਅੰਦਰੋਂ ਰਿਫਾਇੰਡ ਤਿਆਰ ਕਰਨ ਦੀਆਂ ਮਸ਼ੀਨਾਂ ਮਿਲੀਆਂ, ਜਦਕਿ 40 ਫਾਰਚੂਨ ਕੰਪਨੀ ਦੇ ਰਿਫਾਇੰਡ ਦੇ ਟੀਨ ਬਰਾਮਦ ਹੋਏ ਅਤੇ ਨਾਲ ਹੀ ਘਿਓ ਦੇ ਡੱਬੇ ਵੀ ਮਿਲੇ, ਜਿਸ ’ਤੇ ਫਾਰਚੂਨ ਕੰਪਨੀ ਦਾ ਨਾਂ ਅਤੇ ਮਾਰਕਾ ਆਦਿ ਸਭ ਕੁਝ ਅਸਲੀ ਕੰਪਨੀ ਦੇ ਡੱਬਿਆਂ ਵਾਂਗ ਿਦਖਾਈ ਦੇ ਰਿਹਾ ਸੀ। ਫਾਰਚੂਨ ਕੰਪਨੀ ਦੀ ਐਕਸਪਰਟ ਟੀਮ ਨੇ ਬਰਾਮਦ ਹੋਏ ਨਕਲੀ ਰਿਫਾਇੰਡ ਦੇ ਸੈਂਪਲ ਵੀ ਲਏ ਹਨ, ਜਦਕਿ ਥਾਣਾ ਨੰਬਰ 8 ਦੀ ਪੁਲਸ ਸਾਰਾ ਸਾਮਾਨ ਕਬਜ਼ੇ ਵਿਚ ਲੈ ਕੇ ਥਾਣੇ ਪਹੁੰਚ ਗਈ।

ਫਾਰਚੂਨ ਕੰਪਨੀ ਦੇ ਅਧਿਕਾਰੀਆਂ ਨੇ ਹਰੀ ਸਨਜ਼ ਐਗਰੋ ਆਇਲ ਐਂਡ ਕੈਮੀਕਲ ਦੇ ਮਾਲਕ ਖ਼ਿਲਾਫ਼ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਥਾਣਾ ਮੁਖੀ ਗੁਰਮੁੱਖ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ ’ਤੇ ਜਲਦ ਕਾਰਵਾਈ ਕੀਤੀ ਜਾਵੇਗੀ।

ਫੈਕਟਰੀ ਵਿਚੋਂ ਖਰੀਦ ਕਰ ਕੇ ਮਾਰਕੀਟ ਵਿਚ ਵੇਚਣ ਵਾਲੇ ਵੀ ਆਉਣਗੇ ਸ਼ਿਕੰਜੇ ’ਚ

ਫਾਰਚੂਨ ਕੰਪਨੀ ਦਾ ਨਕਲੀ ਰਿਫਾਇੰਡ ਤਿਆਰ ਕਰ ਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਇਸ ਕੰਪਨੀ ਦੇ ਮਾਲਕ ਬਾਰੇ ਕਾਫੀ ਸਮੇਂ ਤੋਂ ਕੰਪਨੀ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਉਹ ਉਸਨੂੰ ਲੱਭ ਰਹੇ ਸਨ। ਕਾਫੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਕੰਪਨੀ ਦਾ ਨਕਲੀ ਰਿਫਾਇੰਡ ਜਲੰਧਰ ਦੇ ਅਮਨ ਨਗਰ ਵਿਚ ਤਿਆਰ ਕਰ ਕੇ ਮਾਰਕੀਟ ਵਿਚ ਵੇਚਿਆ ਜਾ ਰਿਹਾ ਹੈ।

ਹੁਣ ਖੁਲਾਸਾ ਹੋਣ ਤੋਂ ਬਾਅਦ ਪੁਲਸ ਉਨ੍ਹਾਂ ਲੋਕਾਂ ਤਕ ਵੀ ਪਹੁੰਚੇਗੀ, ਜੋ ਫੈਕਟਰੀ ਵਿਚ ਨਕਲੀ ਰਿਫਾਇੰਡ ਤਿਆਰ ਹੋਣ ਦੀ ਗੱਲ ਜਾਣਦੇ ਹੋਏ ਵੀ ਉਥੋਂ ਰਿਫਾਇੰਡ ਖਰੀਦ ਕੇ ਮਾਰਕੀਟ ਵਿਚ ਕੰਪਨੀ ਦੀ ਕੀਮਤ ’ਤੇ ਹੀ ਵੇਚ ਰਹੇ ਸਨ। ਸੂਤਰਾਂ ਦੀ ਮੰਨੀਏ ਤਾਂ ਫੈਕਟਰੀ ਦਾ ਮਾਲਕ ਕਾਫੀ ਲੰਮੇ ਸਮੇਂ ਤੋਂ ਇਸ ਧੰਦੇ ਨਾਲ ਜੁੜਿਆ ਹੈ ਅਤੇ ਪਤਾ ਨਹੀਂ ਕਿੰਨੇ ਹਜ਼ਾਰ ਲੀਟਰ ਰਿਫਾਇੰਡ ਉਹ ਨਕਲੀ ਤਿਆਰ ਕਰ ਕੇ ਮਾਰਕੀਟ ਵਿਚ ਵੇਚ ਚੁੱਕਾ ਹੈ, ਹਾਲਾਂਕਿ ਪੁਲਸ ਨੇ ਉਸਨੂੰ ਆਪਣੀ ਕਸਟੱਡੀ ਵਿਚ ਨਹੀਂ ਲਿਆ ਪਰ ਜਲਦ ਹੀ ਉਸਦੀ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ।

 


Harinder Kaur

Content Editor

Related News