ਵਿਦੇਸ਼ੀ ਨਿਵੇਸ਼ਕਾਂ ਨੇ ਜੁਲਾਈ ’ਚ ਨਿਵੇਸ਼ ਕੀਤੇ 54727 ਕਰੋੜ ਰੁਪਏ
Sunday, Aug 04, 2024 - 11:22 AM (IST)

ਨਵੀਂ ਦਿੱਲੀ (ਅਨਸ) - ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਜੁਲਾਈ ’ਚ ਭਾਰਤੀ ਬਾਜ਼ਾਰ ਦੇ ਇਕੁਇਟੀ ਅਤੇ ਡੈੱਟ ਕੈਟਾਗਰੀ ’ਚ ਸਾਂਝੇ ਤੌਰ ’ਤੇ 54,727 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਹੈ।
ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਿਟਰੀ ਲਿਮਟਿਡ (ਐੱਨ. ਐੱਸ. ਡੀ. ਐੱਲ.) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਹਵਾਲੇ ਨਾਲ ਮਾਹਿਰਾਂ ਨੇ ਕਿਹਾ ਕਿ ਐੱਫ. ਪੀ. ਆਈਜ਼ ਨੇ ਜੁਲਾਈ ’ਚ ਇਕੁਇਟੀ ’ਚ 32,364 ਕਰੋਡ਼ ਅਤੇ ਡੈੱਟ ’ਚ 22,363 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਹੈ।
ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਐੱਫ. ਪੀ. ਆਈ. ਵੱਲੋਂ 35,565 ਕਰੋਡ਼ ਰੁਪਏ ਦਾ ਨਿਵੇਸ਼ ਇਕੁਇਟੀ ’ਚ ਕੀਤਾ ਜਾ ਚੁੱਕਿਆ ਹੈ। ਮਾਹਿਰਾਂ ਵੱਲੋਂ ਵੱਡੀ ਗਿਣਤੀ ’ਚ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਭਾਰਤੀ ਬਾਜ਼ਾਰਾਂ ’ਚ ਨਿਵੇਸ਼ ਦੇ ਤਿੰਨ ਪ੍ਰਮੁੱਖ ਕਾਰਨ ਦੱਸੇ ਗਏ ਹਨ, ਜਿਨ੍ਹਾਂ ’ਚ ਮਜ਼ਬੂਤ ਅਰਥਵਿਵਸਥਾ, ਵਿਆਜ ਦਰਾਂ ’ਚ ਕਟੌਤੀ ਅਤੇ ਸਰਕਾਰ ਦਾ ਵਿੱਤੀ ਅਨੁਸ਼ਾਸਨ ਸ਼ਾਮਲ ਹੈ।
ਭਾਰਤ ’ਚ ਐੱਫ. ਪੀ. ਆਈ. ਪ੍ਰਵਾਹ ਵਧਣ ਦਾ ਕੀ ਹੈ ਕਾਰਨ
ਮਾਹਿਰਾਂ ਨੇ ਕਿਹਾ ਕਿ ਭਾਰਤ ’ਚ ਐੱਫ. ਪੀ. ਆਈ. ਪ੍ਰਵਾਹ ਵਧਣ ਪਿੱਛੇ ਕਈ ਕਾਰਨ ਹਨ। ਭਾਰਤੀ ਅਰਥਵਿਵਸਥਾ ਦਾ ਦੁਨੀਆ ਦੀਆਂ ਹੋਰ ਅਰਥਵਿਵਸਥਾਵਾਂ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕਰਨਾ, ਅਮਰੀਕਾ ਸਮੇਤ ਦੁਨੀਆ ਦੇ ਵੱਡੇ ਦੇਸ਼ਾਂ ਵੱਲੋਂ ਵਿਆਜ ਦਰਾਂ ’ਚ ਕਟੌਤੀ ਦੀ ਸੰਭਾਵਨਾ ਤੇ ਭਾਰਤ ਸਰਕਾਰ ਵੱਲੋਂ ਵਿੱਤੀ ਅਨੁਸ਼ਾਸਨ ਬਣਾਈ ਰੱਖਣਾ ਹੈ, ਜਿਸ ਨਾਲ ਭਾਰਤ ਦੀ ਰੇਟਿੰਗ ਅਪਗ੍ਰੇਡ ਹੋ ਸਕਦੀ ਹੈ।
ਦੱਸਣਯੋਗ ਹੈ ਕਿ ਐੱਫ. ਪੀ. ਆਈਜ਼ ਦੀਆਂ ਗਤੀਵਿਧੀਆਂ ਡਾਲਰ ਇੰਡੈਕਸ ’ਚ ਉਤਾਰ-ਚੜ੍ਹਾਅ, ਕੌਮਾਂਤਰੀ ਹਾਲਾਤ ਅਤੇ ਭਾਰਤੀ ਬਾਜ਼ਾਰਾਂ ਦੇ ਮੁਲਾਂਕਣ ਵਰਗੇ ਕਾਰਨਾਂ ’ਤੇ ਨਿਰਭਰ ਕਰਦੀਆਂ ਹਨ। ਇਸ ਤੋਂ ਇਲਾਵਾ ਮਾਹਿਰਾਂ ਨੇ ਹੋਰ ਕਿਹਾ ਕਿ ਐੱਫ. ਪੀ. ਆਈ. ਦੇ ਨਿਵੇਸ਼ ’ਚ ਵਾਧਾ ਸਥਿਰ ਸਿਆਸੀ ਮਾਹੌਲ, ਸਰਕਾਰ ਵੱਲੋਂ ਕੀਤੇ ਜਾ ਰਹੇ ਸੁਧਾਰ ਅਤੇ ਭਾਰਤੀ ਬਾਜ਼ਾਰਾਂ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ।