ਚਿੰਤਾ ਦਾ ਵਿਸ਼ਾ! ਭਾਰਤੀ ਸ਼ੇਅਰ ਬਾਜ਼ਾਰ ਤੋਂ ਇਸ ਕਾਰਨ ਮੂੰਹ ਮੋੜ ਰਹੇ ਵਿਦੇਸ਼ੀ ਨਿਵੇਸ਼ਕ
Thursday, Oct 03, 2024 - 06:10 PM (IST)
ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ ਦੇ ਨਾਲ-ਨਾਲ ਦੂਜੇ ਏਸ਼ੀਆਈ ਬਾਜ਼ਾਰਾਂ 'ਚ ਵੀ ਗਿਰਾਵਟ ਦਾ ਸਿਲਸਿਲਾ ਜਾਰੀ ਹੈ, ਉਥੇ ਹੀ ਚੀਨੀ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਬੀਐਸਈ ਸੈਂਸੈਕਸ ਵੀਰਵਾਰ ਨੂੰ 1800 ਤੋਂ ਵੱਧ ਅੰਕ ਡਿੱਗ ਕੇ 82,510 ਅੰਕਾਂ 'ਤੇ ਆ ਗਿਆ। ਇਸ ਗਿਰਾਵਟ ਦੇ ਵਿਚਕਾਰ, ਨਿਵੇਸ਼ਕਾਂ ਦੇ ਮਨਾਂ ਵਿੱਚ ਇੱਕ ਸਵਾਲ ਉੱਠ ਰਿਹਾ ਹੈ ਕਿ ਕੀ ਭਾਰਤ ਅਤੇ ਹੋਰ ਏਸ਼ੀਆਈ ਬਾਜ਼ਾਰਾਂ ਤੋਂ ਵਿਦੇਸ਼ੀ ਨਿਵੇਸ਼ਕਾਂ ਦੀ ਦਿਲਚਸਪੀ ਘੱਟ ਰਹੀ ਹੈ, ਕਿਉਂਕਿ ਚੀਨੀ ਬਾਜ਼ਾਰ ਵਿੱਚ ਵਿਦੇਸ਼ੀ ਨਿਵੇਸ਼ ਵਧ ਰਿਹਾ ਹੈ।
ਭਾਰਤੀ ਬਾਜ਼ਾਰਾਂ ਤੋਂ ਵਿਦੇਸ਼ੀ ਨਿਵੇਸ਼ਕਾਂ ਦਾ ਚੀਨ ਵੱਲ ਵਧਦਾ ਝੁਕਾਅ ਭਾਰਤ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਆਓ ਜਾਣਦੇ ਹਾਂ ਚੀਨੀ ਬਾਜ਼ਾਰ 'ਚ ਕੀ ਹੋ ਰਿਹਾ ਹੈ ਅਤੇ ਬਾਕੀ ਏਸ਼ੀਆ 'ਤੇ ਇਸ ਦਾ ਕੀ ਪ੍ਰਭਾਵ ਪੈ ਸਕਦਾ ਹੈ।
ਚੀਨ ਵਿੱਚ ਵਧ ਰਿਹਾ ਹੈ ਵਿਦੇਸ਼ੀ ਨਿਵੇਸ਼
ਚੀਨ ਦੇ ਸਟਾਕ ਮਾਰਕੀਟ ਵਿੱਚ ਉਛਾਲ ਦੇ ਕਾਰਨ, ਇਹ ਇੱਕ ਵਾਰ ਫਿਰ ਗਲੋਬਲ ਪੋਰਟਫੋਲੀਓ ਲਈ ਇੱਕ ਮਹੱਤਵਪੂਰਨ ਠਿਕਾਣਾਂ ਬਣ ਸਕਦਾ ਹੈ। ਦਰਅਸਲ ਚੀਨੀ ਬਾਜ਼ਾਰ 'ਚ ਤੇਜ਼ੀ ਕਾਰਨ ਨਿਵੇਸ਼ਕ ਉੱਥੇ ਨਿਵੇਸ਼ ਕਰ ਰਹੇ ਹਨ। ਬਾਜ਼ਾਰ 'ਤੇ ਨਜ਼ਰ ਰੱਖਣ ਵਾਲੇ ਮਾਹਰਾਂ ਮੁਤਾਬਕ ਚੀਨੀ ਸਟਾਕ ਮਾਰਕੀਟ ਤੋਂ ਜੋ ਪੈਸਾ ਜਾਪਾਨ ਅਤੇ ਦੱਖਣ-ਪੂਰਬੀ ਏਸ਼ੀਆ ਦੇ ਬਾਜ਼ਾਰਾਂ 'ਚ ਗਿਆ ਸੀ, ਉਹ ਹੁਣ ਵਾਪਸ ਚੀਨ 'ਚ ਆ ਰਿਹਾ ਹੈ।
ਚੀਨ ਦੇ ਬਾਜ਼ਾਰ ਵਿੱਚ ਉਛਾਲ ਦੇ ਕਾਰਨ
ਪਿਛਲੇ ਹਫਤੇ, ਵਿਦੇਸ਼ੀ ਨਿਵੇਸ਼ਕਾਂ ਨੇ ਦੱਖਣੀ ਕੋਰੀਆ, ਇੰਡੋਨੇਸ਼ੀਆ, ਮਲੇਸ਼ੀਆ ਅਤੇ ਥਾਈਲੈਂਡ ਦੇ ਬਾਜ਼ਾਰਾਂ ਤੋਂ ਨਿਕਾਸੀ ਕੀਤੀ, ਜਦੋਂ ਕਿ ਜਾਪਾਨ ਨੇ ਵੀ ਸਤੰਬਰ ਦੇ ਪਹਿਲੇ ਤਿੰਨ ਹਫਤਿਆਂ ਵਿੱਚ 20 ਡਾਲਰ ਬਿਲੀਅਨ ਤੋਂ ਵੱਧ ਦੀ ਨਿਕਾਸੀ ਵੇਖੀ। ਮਾਹਿਰਾਂ ਦਾ ਕਹਿਣਾ ਹੈ ਕਿ ਨਿਵੇਸ਼ਕ ਹੁਣ ਬਿਹਤਰ ਰਿਟਰਨ ਲਈ ਚੀਨ ਵੱਲ ਮੁੜ ਰਹੇ ਹਨ, ਜੋ ਕਿ ਇਸ ਸਾਲ ਦੇ ਜ਼ਿਆਦਾਤਰ ਸਮੇਂ ਲਈ ਸੁਸਤ ਸੀ। MSCI ਚੀਨ ਸੂਚਕਾਂਕ ਆਪਣੇ ਹੇਠਲੇ ਪੱਧਰ ਤੋਂ 30% ਤੋਂ ਵੱਧ ਵਧਿਆ ਹੈ। ਚੀਨੀ ਸਰਕਾਰ ਨੇ ਹਾਲ ਹੀ ਵਿੱਚ ਵਿਕਾਸ ਨੂੰ ਹੁਲਾਰਾ ਦੇਣ ਲਈ ਕਈ ਉਪਾਵਾਂ ਦਾ ਐਲਾਨ ਕੀਤਾ ਹੈ, ਜਿਸ ਨਾਲ ਮਾਰਕੀਟ ਵਿੱਚ ਨਵੀਂ ਊਰਜਾ ਆਈ ਹੈ।
ਚੀਨ ਵਿੱਚ ਨਿਵੇਸ਼ ਦੀ ਗੁੰਜਾਇਸ਼
ਈਪੀਐਫਆਰ ਦੇ ਅੰਕੜਿਆਂ ਅਨੁਸਾਰ, ਅਗਸਤ ਤੱਕ, ਵਿਸ਼ਵ ਦੇ ਮਿਉਚੁਅਲ ਫੰਡ ਨਿਵੇਸ਼ਕਾਂ ਨੇ ਆਪਣੇ ਪੋਰਟਫੋਲੀਓ ਦਾ ਸਿਰਫ 5% ਚੀਨੀ ਇਕਵਿਟੀ ਵਿੱਚ ਰੱਖਿਆ, ਜੋ ਇੱਕ ਦਹਾਕੇ ਵਿੱਚ ਸਭ ਤੋਂ ਨੀਵਾਂ ਪੱਧਰ ਹੈ। ਇਸ ਤੋਂ ਸਾਫ਼ ਹੈ ਕਿ ਚੀਨ ਵਿੱਚ ਨਿਵੇਸ਼ ਵਧਾਉਣ ਦੀ ਕਾਫੀ ਗੁੰਜਾਇਸ਼ ਹੈ। ਬੀਐਨਪੀ ਪਰਿਬਾਸ ਮਾਹਰਾਂ ਦਾ ਮੰਨਣਾ ਹੈ ਕਿ ਕੁਝ ਵਿਦੇਸ਼ੀ ਨਿਵੇਸ਼ਕ ਜਾਪਾਨ ਵਿੱਚ ਆਪਣੀ ਹੋਲਡਿੰਗ ਨੂੰ ਘਟਾ ਰਹੇ ਹਨ ਅਤੇ ਚੀਨ ਵਿੱਚ ਮੁੜ ਨਿਵੇਸ਼ ਕਰ ਰਹੇ ਹਨ।
ਭਾਰਤ ਲਈ ਚਿੰਤਾ ਦਾ ਵਿਸ਼ਾ
ਭਾਰਤੀ ਬਾਜ਼ਾਰਾਂ ਤੋਂ ਵਿਦੇਸ਼ੀ ਨਿਵੇਸ਼ਕਾਂ ਦਾ ਚੀਨ ਵੱਲ ਵਧਦਾ ਝੁਕਾਅ ਭਾਰਤ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਭਾਰਤ ਅਤੇ ਚੀਨ ਵਿਚਕਾਰ ਵਿਸ਼ਵ ਪੱਧਰ 'ਤੇ ਮੁਕਾਬਲੇਬਾਜ਼ੀ ਵਧ ਰਹੀ ਹੈ, ਖਾਸ ਤੌਰ 'ਤੇ ਨਿਰਮਾਣ ਖੇਤਰ ਵਿਚ, ਜਿਸ ਨੂੰ ਮੋਦੀ ਸਰਕਾਰ ਨੇ 'ਮੇਕ ਇਨ ਇੰਡੀਆ' ਤਹਿਤ ਉਤਸ਼ਾਹਿਤ ਕੀਤਾ ਹੈ। ਘਰੇਲੂ ਅਤੇ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤ ਦੀਆਂ ਇਨ੍ਹਾਂ ਨੀਤੀਆਂ 'ਤੇ ਭਰੋਸਾ ਜਤਾਇਆ ਹੈ ਪਰ ਹੁਣ ਦੇਖਣਾ ਇਹ ਹੈ ਕਿ ਵਿਦੇਸ਼ੀ ਨਿਵੇਸ਼ਕਾਂ ਦਾ ਇਹ ਝੁਕਾਅ ਲੰਬੇ ਸਮੇਂ ਤੱਕ ਚੀਨ ਵੱਲ ਰਹੇਗਾ ਜਾਂ ਨਹੀਂ।