ਪੁਰੀ ਦੀ ਵਿਦੇਸ਼ੀ ਏਅਰਲਾਈਨਾਂ ਨੂੰ ਦੋ ਟੁੱਕ, ਬੋਲੇ- 'ਨਹੀਂ ਮਿਲੇਗੀ ਇਹ ਮਨਜ਼ੂਰੀ'
Thursday, Oct 08, 2020 - 06:24 PM (IST)
ਨਵੀਂ ਦਿੱਲੀ— ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀਰਵਾਰ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਕ ਸਾਫ਼ ਤੇ ਸਪੱਸ਼ਟ ਸੁਨੇਹਾ ਭੇਜਿਆ ਜਾਵੇ ਕਿ ਭਾਰਤੀ ਏਅਰਲਾਈਨਾਂ ਦੀ ਕੀਮਤ 'ਤੇ ਵਿਦੇਸ਼ੀ ਏਅਰਲਾਈਨਾਂ ਦੀਆਂ ਉਡਾਣਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
28 ਸਤੰਬਰ ਨੂੰ ਡੀ. ਜੀ. ਸੀ. ਏ. ਨੇ ਜਰਮਨੀ ਦੀ ਲੁਫਥਾਂਸਾ ਤੋਂ ਉਡਾਣਾਂ ਦੀ ਮਨਜ਼ੂਰੀ ਵਾਪਸ ਲੈ ਲਈ ਸੀ ਕਿਉਂਕਿ ਲੁਫਥਾਂਸਾ 20 ਉਡਾਣਾਂ ਚਲਾ ਰਹੀ ਸੀ, ਜਦੋਂ ਕਿ ਭਾਰਤੀ ਏਅਰਲਾਈਨਾਂ ਨੂੰ ਜਰਮਨੀ ਵੱਲੋਂ ਲਾਗੂ ਪਾਬੰਦੀਆਂ ਕਾਰਨ ਸਿਰਫ 3 ਉਡਾਣਾਂ ਦੀ ਮਨਜ਼ੂਰੀ ਮਿਲੀ ਸੀ। ਇਸ ਦੇ ਨਤੀਜੇ ਵਜੋਂ ਭਾਰਤੀ ਜਹਾਜ਼ ਕੰਪਨੀਆਂ ਨੂੰ ਵੱਡਾ ਘਾਟਾ ਹੋ ਰਿਹਾ ਸੀ ਅਤੇ ਇਹ ਪੱਖਪਾਤੀ ਸੀ।
ਹਾਲਾਂਕਿ, ਲੁਫਥਾਂਸਾ ਨੂੰ 'ਏਅਰ ਬੱਬਲ ਕਰਾਰ' ਤਹਿਤ 7 ਉਡਾਣਾਂ ਚਲਾਉਣ ਦੀ ਮਨਜ਼ੂਰੀ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਅਤੇ ਉਡਾਣਾਂ ਨੂੰ 20 ਅਕਤੂਬਰ ਲਈ ਰੱਦ ਕਰ ਦਿੱਤਾ। ਇਸ ਦੇ ਨਤੀਜੇ ਵਜੋਂ ਏਅਰ ਇੰਡੀਆ ਨੂੰ ਵੀ 14 ਅਕਤੂਬਰ ਤੱਕ ਲਈ ਫ੍ਰੈਂਕਫਰਟ ਲਈ ਸਾਰੀਆਂ ਉਡਾਣਾਂ ਨੂੰ ਰੱਦ ਕਰਨਾ ਪਿਆ। ਪੁਰੀ ਨੇ ਕਿਹਾ ਕਿ ਵਿਦੇਸ਼ੀ ਫਰਮਾਂ ਲਈ ਭਾਰਤ 'ਚ ਮੌਕਾ ਹੈ ਪਰ ਸਾਡੀਆਂ ਏਅਰਲਾਈਨਾਂ ਨੂੰ ਵੀ ਬਰਾਬਰ ਦਾ ਮੌਕੇ ਤੇ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਸ਼ਹਿਰੀ ਹਵਾਬਾਜ਼ੀ ਸਕੱਤਰ ਨੇ ਕਿਹਾ ਕਿ ਭਾਰਤ ਅਤੇ ਜਰਮਨੀ ਦੋਹਾਂ ਵਿਚਕਾਰ ਫਿਰ 'ਏਅਰ ਬੱਬਲ' ਦੀ ਵਿਵਸਥਾ ਨੂੰ ਫਿਰ ਤੋਂ ਕਿਵੇਂ ਸਥਾਪਿਤ ਕੀਤਾ ਜਾਵੇ ਇਸ 'ਤੇ ਗੱਲਬਾਤ ਚੱਲ ਰਹੀ ਹੈ।
ਗੌਰਤਲਬ ਹੈ ਕਿ ਭਾਰਤ 'ਚ ਕੌਮਾਂਤਰੀ ਉਡਾਣਾਂ 23 ਮਾਰਚ ਤੋਂ ਬੰਦ ਹਨ। ਸਿਰਫ ਸੀਮਤ ਵਿਸ਼ੇਸ਼ ਉਡਾਣਾਂ ਹੀ ਚੱਲ ਰਹੀਆਂ ਹਨ।