ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ’ਚ ਪੇਸ਼ ਕੀਤਾ ਆਰਥਿਕ ਸਰਵੇਖਣ

Saturday, Feb 01, 2020 - 09:56 AM (IST)

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ’ਚ ਪੇਸ਼ ਕੀਤਾ ਆਰਥਿਕ ਸਰਵੇਖਣ

ਨਵੀਂ ਦਿੱਲੀ – ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸੰਸਦ ਵਿਚ ਭਾਸ਼ਣ ਦੇ ਨਾਲ ਬਜਟ ਸੈਸ਼ਨ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ। ਰਾਸ਼ਟਰਪਤੀ ਨੇ ਕਿਹਾ ਕਿ ਰਾਮ ਜਨਮ ਭੂਮੀ ਮਸਲੇ ’ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਦੇਸ਼ ਨੇ ਮਜ਼ਬੂਤੀ ਦਾ ਪ੍ਰਦਰਸ਼ਨ ਕੀਤਾ। ਵਿਰੋਧ ਦੇ ਨਾਂ ’ਤੇ ਹਿੰਸਾ ਲੋਕਤੰਤਰ ਨੂੰ ਅਪਵਿੱਤਰ ਕਰਦੀ ਹੈ। ਕੋਵਿੰਦ ਨੇ ਨਾਗਰਿਕਤਾ (ਸੋਧ) ਕਾਨੂੰਨ (ਸੀ. ਏ. ਏ.) ਦਾ ਵੀ ਜ਼ਿਕਰ ਕੀਤਾ। ਇਸ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਕੀਤਾ ਅਤੇ ‘ਸ਼ਰਮ ਕਰੋ-ਸ਼ਰਮ ਕਰੋ’ ਦੇ ਨਾਅਰੇ ਲਾਏ। ਰਾਜਗ ਸੰਸਦ ਮੈਂਬਰਾਂ ਨੇ ਸੀਟਾਂ ਥਪਥਪਾ ਕੇ ਰਾਸ਼ਟਰਪਤੀ ਦਾ ਸਮਰਥਨ ਕੀਤਾ।

ਉਥੇ ਕੋਵਿੰਦ ਨੇ ਕਿਹਾ ਕਿ ਸੰਸਦ ਵਿਚ 3 ਤਲਾਕ ਵਿਰੋਧੀ ਕਾਨੂੰਨ, ਖਪਤਕਾਰ ਸੁਰੱਖਿਆ ਕਾਨੂੰਨ, ਅਨਿਯਮਿਤ ਜਮ੍ਹਾ ਯੋਜਨਾ ਕਾਨੂੰਨ, ਚਿੱਟ ਫੰਡ ਸੋਧ ਕਾਨੂੰਨ, ਮੋਟਰ ਵਾਹਨ ਕਾਨੂੰਨ ਵਰਗੇ ਅਨੇਕ ਕਾਨੂੰਨ ਬਣਾਏ ਗਏ। ਇਸ ਦੇ ਲਈ ਉਨ੍ਹਾਂ ਨੇ ਸੰਸਦ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਲੋਕ ਫਤਵਾ ਲੋਕਤੰਤਰ ਦੀ ਰੱਖਿਆ ਲਈ ਮਿਲਿਆ ਹੈ ਤਾਂ ਕਿ ਹਰ ਖੇਤਰ ਵਿਚ ਵਿਕਾਸ ਹੋਵੇ। ਉਨ੍ਹਾਂ ਨੇ ਸਰਕਾਰ ਵਲੋਂ ਦਿੱਲੀ ਵਾਸੀਆਂ ਨੂੰ 1700 ਕਾਲੋਨੀਆਂ ਵਿਚ ਮਾਲਿਕਾਨਾ ਹੱਕ ਦੇਣ ਨੂੰ ਅਹਿਮ ਦੱਸਿਆ ਅਤੇ ਕਿਹਾ ਕਿ ਆਰਟੀਕਲ-370 ਹਟਾਉਣ ਨਾਲ ਜੰਮੂ-ਕਸ਼ਮੀਰ ਦੇ ਲੋਕ ਵਿਕਾਸ ਦੀ ਮੁੱਖ ਧਾਰਾ ਨਾਲ ਜੁੜਨਗੇ। ਉਥੇ ਹੀ ਕਰਤਾਰਪੁਰ ਕੋਰੀਡੋਰ ਖੋਲ੍ਹਣਾ ਖੁਸ਼ਕਿਸਮਤੀ ਦੀ ਗੱਲ ਹੈ। ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ’ਤੇ ਕਰਤਾਰਪੁਰ ਜਾ ਸਕੇ। ਉਨ੍ਹਾਂ ਸਿਹਤ ਦੇ ਖੇਤਰ ਵਿਚ ਆਯੂਸ਼ਮਾਨ ਯੋਜਨਾ ਤਹਿਤ 27,000 ਵੈੱਲਨੈੱਸ ਸੈਂਟਰ ਖੋਲ੍ਹਣ ਅਤੇ 75000 ਮੈਡੀਕਲ ਕਾਲਜ ਬਣਾਉਣ ਲਈ ਮਨਜ਼ੂਰੀ ਦੇਣ ਦੀ ਵੀ ਚਰਚਾ ਕੀਤੀ। ਬੱਚਿਆਂ ਦੇ ਯੌਨ ਸ਼ੋਸ਼ਣ ’ਤੇ ਫਾਂਸੀ ਤੱਕ ਦੀ ਵਿਵਸਥਾ ਕੀਤੀ ਗਈ ਹੈ।

‘ਪ੍ਰਕਾਸ਼ਮਈ ਭਵਿੱਖ ਲਈ ਨੀਂਹ ਬਣੇ’

ਸੰਸਦ ’ਚ ਆਪਣੇ ਭਾਸ਼ਣ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2020 ਦਾ ਇਹ ਪਹਿਲਾ ਸੈਸ਼ਨ ਹੈ। ਦਹਾਕੇ ਦਾ ਵੀ ਇਹ ਪਹਿਲਾ ਸੈਸ਼ਨ ਹੈ। ਸਾਡੀ ਸਾਰਿਆਂ ਦੀ ਕੋਸ਼ਿਸ਼ ਹੋਵੇ ਕਿ ਇਸ ਸੈਸ਼ਨ ਵਿਚ ਦਹਾਕੇ ਦੇ ਪ੍ਰਕਾਸ਼ਮਈ ਭਵਿੱਖ ਲਈ ਮਜ਼ਬੂਤ ਨੀਂਹ ਬਣਾਈ ਜਾਵੇ। ਇਹ ਸੈਸ਼ਨ ਮੁੱਖ ਤੌਰ ’ਤੇ ਆਰਥਿਕ ਨੀਤੀਆਂ ’ਤੇ ਕੇਂਦਰਿਤ ਹੋਵੇਗਾ।

ਕਾਂਗਰਸ ਸਮੇਤ 24 ਵਿਰੋਧੀ ਪਾਰਟੀਆਂ ਨੇ ਪ੍ਰਗਟਾਇਆ ਵਿਰੋਧ

ਬਜਟ ਸੈਸ਼ਨ ਤੋਂ ਪਹਿਲਾਂ ਕਾਂਗਰਸ ਸੰਸਦ ਮੈਂਬਰਾਂ ਨੇ ਸੋਨੀਆ ਗਾਂਧੀ ਦੀ ਅਗਵਾਈ ਵਿਚ ਸੰਸਦ ਕੰਪਲੈਕਸ ਵਿਚ ਪ੍ਰਦਰਸ਼ਨ ਕੀਤਾ। ਉਥੇ ਹੀ ਸੰਸਦ ਵਿਚ ਕਾਂਗਰਸ ਸਮੇਤ 14 ਵਿਰੋਧੀ ਪਾਰਟੀਆਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਵਿਰੋਧ ਪ੍ਰਗਟਾਇਆ। ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਪਾਰਟੀ ਨੇਤਾ ਰਾਹੁਲ ਗਾਂਧੀ ਆਪਣੀ ਨਿਰਧਾਰਿਤ ਸੀਟ ਦੀ ਬਜਾਏ 5ਵੀਂ ਕਤਾਰ ਵਿਚ ਬੈਠੇ ਹੋਏ ਸਨ। ਿਵਰੋਧ ਦੌਰਾਨ ‘ਭਾਰਤ ਬਚਾਓ’, ‘ਸੰਵਿਧਾਨ ਬਚਾਓ’ ਅਤੇ ‘ਸੀ. ਏ. ਏ. ਨਹੀਂ ਚਾਹੀਦਾ’ ਦੇ ਨਾਅਰੇ ਲਾਏ।

ਭਾਸ਼ਣ ਵਿਚ 58 ਵਾਰ ਬੋਲਿਆ ‘ਮੇਰੀ ਸਰਕਾਰ’

ਰਾਸ਼ਟਰਪਤੀ ਕੋਵਿੰਦ ਨੇ ਆਪਣੇ ਭਾਸ਼ਣ ਵਿਚ ‘ਮੇਰੀ ਸਰਕਾਰ’ ਸ਼ਬਦ 58 ਵਾਰ, ‘ਮਾਣਨੀਯ ਸਦਸਯਗਣ’ 54, ‘ਕਾਨੂੰਨ’ 14, ‘ਕਸ਼ਮੀਰ’ 12 ਅਤੇ ‘ਲੋਕਤੰਤਰ’ ਸ਼ਬਦ 4 ਵਾਰ ਬੋਲਿਆ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2020-21 ਲਈ ਆਰਥਿਕ ਸਰਵੇਖਣ ਨੂੰ ਲੋਕ ਸਭਾ ਵਿਚ ਪੇਸ਼ ਕਰ ਦਿੱਤਾ ਹੈ। 2020-21 ਵਿਚ ਭਾਰਤ ਦੀ ਜੀ. ਡੀ. ਪੀ. (ਕੁਲ ਘਰੇਲੂ ਉਤਪਾਦ) ਸੁਧਰ ਕੇ 6 ਤੋਂ 6.5 ਫੀਸਦੀ ਰਹਿ ਸਕਦੀ ਹੈ। ਚਾਲੂ ਵਿੱਤੀ ਸਾਲ ਵਿਚ ਇਸ ਦੇ 5 ਫੀਸਦੀ ਰਹਿਣ ਦਾ ਅੰਦਾਜ਼ਾ ਹੈ। 2025 ਤੱਕ ਚੰਗੀ ਤਨਖਾਹ ਵਾਲੀਆਂ 4 ਕਰੋੜ ਅਤੇ 2030 ਤੱਕ 8 ਕਰੋੜ ਨੌਕਰੀਆਂ ਦਿੱਤੀਆਂ ਜਾ ਸਕਦੀਆਂ ਹਨ। ਇਸ ਨਾਲ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਟੀਚੇ ਤੱਕ ਤੇਜ਼ੀ ਨਾਲ ਵਧਣਾ ਵੀ ਸੰਭਵ ਹੋਵੇਗਾ।

ਵਿੱਤ ਮੰਤਰੀ ਵਲੋਂ ਸੰਸਦ ਵਿਚ ਪੇਸ਼ 2019-20 ਦੀ ਆਰਥਿਕ ਸਮੀਖਿਆ ਵਿਚ ਕਿਹਾ ਗਿਆ ਕਿ ਵਿਨਿਰਮਾਣ ਗਤੀਵਿਧੀਆਂ ਅਤੇ ਕੌਮਾਂਤਰੀ ਵਪਾਰ ਦੇ ਨਰਮੀ ਤੋਂ ਬਾਹਰ ਆਉਣ ਦੇ ਸੰਭਾਵੀ ਸੰਕੇਤ ਹਨ। ਉਥੇ ਹੀ ਕੌਮਾਂਤਰੀ ਵਪਾਰ ਵਿਚ ਸਮੱਸਿਆ, ਅਮਰੀਕਾ-ਈਰਾਨ ਵਿਚਾਲੇ ਭੂ-ਸਿਆਸੀ ਤਣਾਅ ਅਤੇ ਵਿਕਸਿਤ ਅਰਥਵਿਵਸਥਾਵਾਂ ਵਿਚ ਕਮਜ਼ੋਰ ਆਰਥਿਕ ਮੁੜ-ਸੁਰਜੀਤੀ ਵਰਗੇ ਕੁਝ ਖਤਰੇ ਹਨ, ਜਿਸ ਨਾਲ ਵਾਧਾ ਦਰ ਹੇਠਾਂ ਜਾ ਸਕਦੀ ਹੈ। ਸਰਵੇਖਣ ਨੂੰ ਲਵੈਂਡਰ ਰੰਗ ਦੇ ਕਾਗਜ਼ ’ਤੇ ਛਾਪਿਆ ਗਿਆ ਹੈ। ਇਹ ਉਹੀ ਰੰਗ ਹੈ, ਜਿਸ ’ਤੇ ਹੁਣ 100 ਰੁਪਏ ਦਾ ਨੋਟ ਛਪ ਰਿਹਾ ਹੈ।

ਆਰਥਿਕ ਸਰਵੇ ਪੇਸ਼ ਕਰਦਾ ਹੈ ਅਰਥਵਿਵਸਥਾ ਦੀ ਸਥਿਤੀ

ਆਰਥਿਕ ਸਰਵੇ ਇਸ ਲਈ ਪੇਸ਼ ਕੀਤਾ ਜਾਂਦਾ ਹੈ ਤਾਂ ਕਿ ਇਸ ਨਾਲ ਇਹ ਪਤਾ ਲੱਗ ਸਕੇ ਕਿ ਚਾਲੂ ਵਿੱਤੀ ਸਾਲ ਵਿਚ ਅਰਥਵਿਵਸਥਾ ਕਿਸ ਹਾਲ ਵਿਚ ਰਹੀ ਹੈ ਅਤੇ ਆਉਣ ਵਾਲੇ ਵਿੱਤੀ ਸਾਲ ਵਿਚ ਇਸ ਨੂੰ ਕਿਵੇਂ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ। ਬਜਟ ਨੂੰ ਤਿਆਰ ਕਰਨ ਵਿਚ ਇਸ ਸਰਵੇ ਵਿਚ ਦਿੱਤੇ ਗਏ ਸੁਝਾਵਾਂ ’ਤੇ ਅਮਲ ਕਰਨ ਲਈ ਸਰਕਾਰ ਜ਼ਰੂਰੀ ਉਪਰਾਲਿਆਂ ਦਾ ਐਲਾਨ ਕਰਦੀ ਹੈ।

ਥਾਲੀਨੋਮਿਕਸ ’ਤੇ ਜ਼ੋਰ

ਇਸ ਵਾਰ ਦੇ ਆਰਥਿਕ ਸਰਵੇ ਵਿਚ ਥਾਲੀਨੋਮਿਕਸ ’ਤੇ ਜ਼ੋਰ ਿਦੱਤਾ ਗਿਆ ਹੈ। ਥਾਲੀਨੋਮਿਕਸ ਵਿਚ ਦੱਸਿਆ ਗਿਆ ਹੈ ਕਿ ਇਕ ਵਿਅਕਤੀ ਦੀ ਥਾਲੀ ਵਿਚ ਅਸਲ ਵਿਚ ਅੰਨ ਪਹੁੰਚ ਰਿਹਾ ਹੈ ਜਾਂ ਨਹੀਂ। ਸਰਵੇ ਵਿਚ ਕਿਹਾ ਗਿਆ ਹੈ ਕਿ 2006-07 ਦੇ ਮੁਕਾਬਲੇ 2019-20 ਵਿਚ ਸ਼ਾਕਾਹਾਰੀ ਭੋਜਨ ਦੀ ਥਾਲੀ 29 ਫੀਸਦੀ ਅਤੇ ਮਾਸਾਹਾਰੀ ਭੋਜਨ ਦੀ ਥਾਲੀ 18 ਫੀਸਦੀ ਸਸਤੀ ਹੋਈ ਹੈ। ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ ਵਿਚ ਕਮੀ ਕਾਰਣ ਭੋਜਨ ਦੀ ਥਾਲੀ ਸਸਤੀ ਹੋਈ ਹੈ। ਇਸ ਵਜ੍ਹਾ ਨਾਲ ਹਰ ਸਾਲ 10887 ਰੁਪਏ ਦੀ ਬੱਚਤ ਹਰੇਕ ਪਰਿਵਾਰ ਦੀ ਹੋਈ ਹੈ।

ਆਰਥਿਕ ਸਰਵੇ ਦੀਆਂ ਖਾਸ ਗੱਲਾਂ...

-ਚਾਲੂ ਵਿੱਤੀ ਸਾਲ ’ਚ ਟੈਕਸ ਕੁਲੈਕਸ਼ਨ ’ਚ ਕਮੀ ਹੋ ਸਕਦੀ ਹੈ।

-ਜੀ.ਐੱਸ.ਟੀ. ਨਾਲ ਸਰਕਾਰ ਨੂੰ ਕੁਲੈਕਸ਼ਨ ਵਧਣ ਦੀ ਉਮੀਦ ਹੈ ਪਰ ਇਸ ਬਾਰੇ ਕਿਸੇ ਤਰ੍ਹਾਂ ਦੀ ਸਪੱਸ਼ਟਤਾ ਨਹੀਂ ਹੈ।

-ਵਿਸ਼ਵ ਵਿਚ ਭਾਰਤ ਪ੍ਰਮੁੱਖ ਦੇਸ਼ਾਂ ਵਿਚ ਗਿਣਿਆ ਜਾਣ ਲੱਗਾ ਹੈ।

-ਕਿਸਾਨਾਂ ਦੀ ਆਮਦਨ ਨੂੰ 2022 ਤੱਕ ਦੁੱਗਣਾ ਕਰਨ ਦਾ ਟੀਚਾ।

-ਛੋਟੇ ਉਦਯੋਗਾਂ ਲਈ ਸਹੂਲਤਾਂ ਦੇਵੇਗੀ ਸਰਕਾਰ।

-2014-15 ਤੋਂ 2018-19 ਦੇ ਦਰਮਿਆਨ ਸੜਕ ਅਤੇ ਰਾਜਮਾਰਗਾਂ ਵਿਚ ਨਿਵੇਸ਼ ਤਿੰਨ ਗੁਣਾ ਵਧਿਆ।

-ਦੇਸ਼ ਵਿਚ 95 ਫੀਸਦੀ ਵਪਾਰ ਸਮੁੰਦਰੀ ਰਸਤਿਓਂ ਹੋ ਰਿਹਾ ਹੈ।

-ਆਈ. ਐੱਲ. ਐਂਡ ਐੱਫ. ਐੱਸ. ਨਾਲ ਦੇਸ਼ ਦੇ ਐੱਨ. ਬੀ. ਐੱਫ. ਸੀ. ਸੈਕਟਰ ਵਿਚ ਚਿੰਤਾ ਦਾ ਮਾਹੌਲ ਦੇਖਣ ਨੂੰ ਮਿਲਿਆ।

-ਸਰਵੇ ਵਿਚ ਇਕ ਹੈਲਥ ਸਕੋਰ ਤਿਆਰ ਕੀਤਾ ਗਿਆ, ਜਿਸ ਦੀ ਮਦਦ ਨਾਲ ਆਉਣ ਵਾਲੇ ਸਮੇਂ ਵਿਚ ਪਹਿਲਾਂ ਤੋਂ ਅਲਰਟ ਭੇਜਿਆ ਜਾ ਸਕਦਾ ਹੈ।

-ਐੱਨ.ਬੀ.ਐੱਫ.ਸੀ. ਕੰਪਨੀਆਂ ਵਿਚ ਡਿਫਾਲਟ ਹੋਣ ’ਤੇ ਨਿਵੇਸ਼ਕ ਅਤੇ ਬੈਂਕ ਪਹਿਲਾਂ ਤੋਂ ਕਿਸੇ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੋ ਸਕਣਗੇ।

-2011-12 ਤੋਂ 2017-18 ਵਿਚਾਲੇ 2.62 ਕਰੋੜ ਲੋਕਾਂ ਨੂੰ ਨਵੀਆਂ ਨੌਕਰੀਆਂ ਮਿਲੀਆਂ ਹਨ।

-ਵਿਕਾਸ ਦਰ ਨੂੰ ਵਧਾਉਣ ਲਈ ਮੈਨੂਫੈਕਚਰਿੰਗ ’ਤੇ ਧਿਆਨ ਦੇਣ ਲਈ ਕਿਹਾ ਗਿਆ ਹੈ।

-ਚੀਨ ਦੀ ਤਰਜ ’ਤੇ ਭਾਰਤ ਵਿਚ ਅਸੈਂਬਲ ਕਰ ਕੇ ਨੌਕਰੀਆਂ ਵਧਾਈਆਂ ਜਾ ਸਕਦੀਆਂ ਹਨ।

-ਬੰਦਰਗਾਹ ’ਤੇ ਲਾਲ ਫੀਤਾ ਸ਼ਾਹੀ ਨੂੰ ਖਤਮ ਕਰ ਕੇ ਬਰਾਮਦ ਵਧਾਉਣ ’ਤੇ ਜ਼ੋਰ ਿਦੱਤਾ ਗਿਆ ਹੈ।

-ਪੇਂਡੂ ਵਿਦਿਆਰਥੀ, ਸ਼ਹਿਰੀਆਂ ਦੇ ਮੁਕਾਬਲੇ ਔਸਤਨ 10 ਫੀਸਦੀ ਜ਼ਿਆਦਾ ਰਾਸ਼ੀ ਕਿਤਾਬਾਂ, ਲੇਖਣ ਸਮੱਗਰੀ ਅਤੇ ਵਰਦੀ ’ਤੇ ਖਰਚ ਕਰਦੇ ਹਨ।

-ਦੇਸ਼ 2014 ਦੇ 142ਵੇਂ ਸਥਾਨ ਤੋਂ 2019 ਤੱਕ 63ਵੇਂ ਸਥਾਨ ’ਤੇ ਪਹੁੰਚਿਆ।


Related News