ਹਵਾਈ ਮੁਸਾਫਰਾਂ ਦੀ ਗਿਣਤੀ ’ਚ 5 ਮਹੀਨਿਆਂ ਦਾ ਸਭ ਤੋਂ ਤੇਜ਼ ਵਾਧਾ

Monday, Jul 22, 2019 - 06:57 PM (IST)

ਹਵਾਈ ਮੁਸਾਫਰਾਂ ਦੀ ਗਿਣਤੀ ’ਚ 5 ਮਹੀਨਿਆਂ ਦਾ ਸਭ ਤੋਂ ਤੇਜ਼ ਵਾਧਾ

ਨਵੀਂ ਦਿੱਲੀ— ਨਿੱਜੀ ਜਹਾਜ਼ ਸੇਵਾ ਕੰਪਨੀ ਜੈੱਟ ਏਅਰਵੇਜ਼ ਦੀ ਸੇਵਾ ਬੰਦ ਹੋਣ ਤੋਂ ਬਾਅਦ ਘਰੇਲੂ ਹਵਾਬਾਜ਼ੀ ਬਾਜ਼ਾਰ ’ਚ ਪੈਦਾ ਹੋਈ ਸੀਟਾਂ ਦੀ ਕਮੀ ਪੂਰੀ ਹੋਣ ਨਾਲ ਹੀ ਹਵਾਈ ਮੁਸਾਫਰਾਂ ਦੀ ਗਿਣਤੀ ਜੂਨ ’ਚ 6.19 ਫੀਸਦੀ ਵਧ ਕੇ 1 ਕਰੋਡ਼ 20 ਲੱਖ 25 ਹਜ਼ਾਰ ’ਤੇ ਰਹੀ। ਪਿਛਲੇ ਸਾਲ ਜੂਨ ’ਚ ਇਹ ਗਿਣਤੀ 1 ਕਰੋਡ਼ 13 ਲੱਖ 25 ਹਜ਼ਾਰ ਸੀ।

ਇਹ ਇਸ ਸਾਲ ਜਨਵਰੀ ਤੋਂ ਬਾਅਦ ਦੀ ਸਭ ਤੋਂ ਵੱਡੀ ਤੇਜ਼ੀ ਹੈ। ਜਨਵਰੀ ’ਚ ਮੁਸਾਫਰਾਂ ਦੀ ਗਿਣਤੀ ’ਚ 9.10 ਫੀਸਦੀ ਦਾ ਵਾਧਾ ਵੇਖਿਅਾ ਗਿਆ ਸੀ। ਨਾਲ ਹੀ ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਦੇਸ਼ ’ਚ ਹਵਾਈ ਮੁਸਾਫਰਾਂ ਦੀ ਗਿਣਤੀ 1 ਕਰੋਡ਼ 20 ਲੱਖ ਦੇ ਪਾਰ ਰਹੀ ਹੈ।

ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਸੇਵਾ ਕੰਪਨੀ ਇੰਡੀਗੋ ਦੀ ਬਾਜ਼ਾਰ ਹਿੱਸੇਦਾਰੀ ਲਗਾਤਾਰ ਦੂਜੇ ਮਹੀਨੇ ਘਟਦੀ ਹੋਈ 48.1 ਫੀਸਦੀ ਰਹਿ ਗਈ। ਜੈੱਟ ਏਅਰਵੇਜ਼ ਦੀਆਂ ਸੇਵਾਵਾਂ ਬੰਦ ਹੋਣ ਤੋਂ ਬਾਅਦ ਅਪ੍ਰੈਲ ’ਚ ਉਸ ਦੀ ਹਿੱਸੇਦਾਰੀ 49.9 ਫੀਸਦੀ ਤੱਕ ਪਹੁੰਚ ਗਈ ਸੀ। ਕਿਫਾਇਤੀ ਜਹਾਜ਼ ਸੇਵਾ ਕੰਪਨੀ ਸਪਾਈਸਜੈੱਟ ਦੀ ਬਾਜ਼ਾਰ ਹਿੱਸੇਦਾਰੀ ਵਧ ਕੇ ਪਹਿਲੀ ਵਾਰ 15 ਫੀਸਦੀ ਦੇ ਪਾਰ 15.6 ਫੀਸਦੀ ’ਤੇ ਪਹੁੰਚ ਗਈ। ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ 12.9 ਫੀਸਦੀ ਦੇ ਨਾਲ ਬਾਜ਼ਾਰ ਹਿੱਸੇਦਾਰੀ ਦੇ ਮਾਮਲੇ ’ਚ ਤੀਜੇ ਸਥਾਨ ’ਤੇ ਰਹੀ।

ਭਰੀਆਂ ਸੀਟਾਂ ਨਾਲ ਉਡਾਣ ਭਰਨ ਯਾਨੀ ਪੈਸੰਜਰ ਲੋਡ ਫੈਕਟਰ (ਪੀ. ਐੱਲ. ਐੱਫ.) ਦੇ ਮਾਮਲੇ ’ਚ ਕਿਫਾਇਤੀ ਜਹਾਜ਼ ਸੇਵਾ ਕੰਪਨੀ ਗੋਏਅਰ ਦਾ ਪ੍ਰਦਰਸ਼ਨ ਸਭ ਤੋਂ ਚੰਗਾ ਰਿਹਾ। ਉਸ ਦੀਆਂ 94 ਫੀਸਦੀ ਸੀਟਾਂ ਭਰੀਆਂ ਰਹੀਆਂ। ਸਪਾਈਸਜੈੱਟ ਦਾ ਪੀ . ਐੱਲ. ਐੱਫ. 93.7 ਫੀਸਦੀ ਰਿਹਾ। ਇਨ੍ਹਾਂ ਤੋਂ ਬਾਅਦ 90.7 ਫੀਸਦੀ ਨਾਲ ਏਅਰ ਏਸ਼ੀਆ, 90.1 ਫੀਸਦੀ ਦੇ ਨਾਲ ਇੰਡੀਗੋ, 83.3 ਫ਼ੀਸਦੀ ਦੇ ਨਾਲ ਵਿਸਤਾਰਾ ਅਤੇ 81.2 ਫੀਸਦੀ ਨਾਲ ਏਅਰ ਇੰਡੀਆ ਦਾ ਸਥਾਨ ਰਿਹਾ।


author

Inder Prajapati

Content Editor

Related News