1 ਦਸੰਬਰ ਤੱਕ ਮੁਫਤ ਮਿਲੇਗਾ ਫਾਸਟੈਗ

11/22/2019 12:32:25 AM

ਨਵੀਂ ਦਿੱਲੀ (ਯੂ. ਐੱਨ. ਆਈ.)-ਸਰਕਾਰ ਨੇ ਰਾਸ਼ਟਰੀ ਰਾਜਮਾਰਗਾਂ ਦੇ ਟੋਲ ਪਲਾਜ਼ਿਆਂ ’ਤੇ ਬਿਨਾਂ ਰੁਕੇ ਵਾਹਨਾਂ ਦੀ ਆਵਾਜਾਈ ਲਈ ਅਗਲੇ ਮਹੀਨੇ ਤੋਂ ‘ਫਾਸਟੈਗ’ ਲਾਜ਼ਮੀ ਕਰਨ ਦੇ ਆਪਣੇ ਫੈਸਲੇ ਨੂੰ ਸਫਲ ਬਣਾਉਣ ਲਈ 1 ਦਸੰਬਰ ਤੱਕ ਟੈਗ ਦੀ ਵੰਡ ਮੁਫਤ ਕਰ ਦਿੱਤੀ ਹੈ।ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਹ ਗੱਲ ਦੱਸਦਿਆਂ ਕਿਹਾ ਕਿ ਫਾਸਟੈਗ ਦੀ ਮੁਫਤ ਵੰਡ ਅੱਜ ਤੋਂ ਸ਼ੁਰੂ ਹੋ ਗਈ, ਜੋ 1 ਦਸੰਬਰ ਤੱਕ ਜਾਰੀ ਰਹੇਗੀ। ‘ਫਾਸਟੈਗ’ ਟੋਲ ਪਲਾਜ਼ਾ ਅਤੇ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਦੇ ਕਾਊਂਟਰ ’ਤੇ ਮੁਹੱਈਆ ਹੋਵੇਗਾ।

ਉਨ੍ਹਾਂ ਕਿਹਾ ਕਿ 1 ਦਸੰਬਰ ਤੋਂ ਬਾਅਦ ਹਰ ਵਾਹਨ ਲਈ ਟੋਲ ਪਲਾਜ਼ਾ ’ਤੇ ‘ਫਾਸਟੈਗ’ ਲਾਜ਼ਮੀ ਹੋਵੇਗਾ ਅਤੇ ਜਿਨ੍ਹਾਂ ਵਾਹਨਾਂ ’ਚ ਇਹ ਟੈਗ ਨਹੀਂ ਲੱਗਾ ਹੋਵੇਗਾ, ਟੋਲ ਪਲਾਜ਼ਾ ’ਤੇ ਉਨ੍ਹਾਂ ਨੂੰ ਦੁੱਗਣਾ ਟੋਲ ਭੁਗਤਾਨ ਕਰਨਾ ਹੋਵੇਗਾ। ਇਸ ਟੈਗ ਲਈ ਹੁਣ ਤੱਕ 150 ਰੁਪਏ ਦਾ ਭੁਗਤਾਨ ਸਕਿਓਰਿਟੀ ਦੇ ਰੂਪ ’ਚ ਕਰਨਾ ਹੁੰਦਾ ਸੀ ਪਰ ਸਰਕਾਰ ਨੇ ਇਸ ਨੂੰ ਮੁਫਤ ਦੇਣ ਦਾ ਫੈਸਲਾ ਕੀਤਾ ਹੈ ਤਾਂ ਕਿ ਸਾਰੇ ਵਾਹਨਾਂ ਦੇ ਮਾਲਕ ਇਸ ਦੀ ਵਰਤੋਂ ਆਪਣੇ ਵਾਹਨਾਂ ’ਤੇ ਕਰ ਸਕਣ। ਮੁਫਤ ’ਚ ਵੰਡੇ ਜਾਣ ਵਾਲੇ ਟੈਗ ਦੀ ਰਾਸ਼ੀ ਦਾ ਭੁਗਤਾਨ ਐੱਨ. ਐੱਚ. ਏ. ਆਈ. ਕਰੇਗਾ।

ਕੈਸ਼ਲੈੱਸ ਪ੍ਰਣਾਲੀ ਹੈ ਫਾਸਟੈਗ
ਕੇਂਦਰੀ ਮੰਤਰੀ ਨੇ ਕਿਹਾ ਕਿ ਫਾਸਟੈਗ ਨਾਲ ਵਾਹਨਾਂ ਨੂੰ ਸਾਰੇ ਪਲਾਜ਼ਿਆਂ ’ਤੇ ਸਿੱਧੇ ਅੱਗੇ ਵਧਣ ਦੀ ਸਹੂਲਤ ਹੋਵੇਗੀ। ਇਹ ਕੈਸ਼ਲੈੱਸ ਪ੍ਰਣਾਲੀ ਹੈ ਅਤੇ ਇਸ ਕਾਰਡ ਨੂੰ ਰੀਚਾਰਜ ਕਰ ਕੇ ਆਸਾਨੀ ਨਾਲ ਟੋਲ ਪਲਾਜ਼ਿਆਂ ਨੂੰ ਪਾਰ ਕੀਤਾ ਜਾ ਸਕੇਗਾ। ਇਸ ਨਾਲ ਟੋਲ ਪਲਾਜ਼ਿਆਂ ’ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗਣੀਆਂ ਬੰਦ ਹੋ ਜਾਣਗੀਆਂ। ਹੁਣ ਤੱਕ ਟੋਲ ਪਲਾਜ਼ਿਆਂ ’ਤੇ ਇਕ ਹੀ ਲੇਨ ‘ਫਾਸਟੈਗ’ ਵਾਲੇ ਵਾਹਨਾਂ ਲਈ ਹੁੰਦੀ ਸੀ ਪਰ 1 ਦਸੰਬਰ ਤੋਂ ਸਾਰੇ ਲੇਨ ਫਾਸਟੈਗ ਨਾਲ ਲੈਸ ਹੋਣਗੇ।


Karan Kumar

Content Editor

Related News