MEP ਘਟਾਉਣ ਨਾਲ ਖੁਸ਼ਹਾਲ ਹੋਏ ਕਿਸਾਨ, ਹੁਣ ਬਾਸਮਤੀ ਚੌਲਾਂ ਦੀ ਮਿਲਣ ਲੱਗੀ ਚੰਗੀ ਕੀਮਤ
Thursday, Nov 09, 2023 - 09:57 AM (IST)
ਜਲੰਧਰ (ਇੰਟ.)– ਪਿਛਲੇ ਮਹੀਨੇ ਭਾਰਤ ਵਲੋਂ ਚੌਲਾਂ ਦਾ ਘੱਟੋ-ਘੱਟ ਐਕਸਪੋਰਟ ਮੁੱਲ (ਐੱਮ. ਈ. ਪੀ.) 1200 ਡਾਲਰ ਪ੍ਰਤੀ ਟਨ ਤੋਂ ਘਟਾ ਕੇ 950 ਡਾਲਰ ਕਰਨ ਤੋਂ ਬਾਅਦ ਦੇਸ਼ ਦੇ ਕਿਸਾਨਾਂ ਨੂੰ ਬਾਸਮਤੀ ਦੀ ਚੰਗੀ ਕੀਮਤ ਮਿਲਣੀ ਸ਼ੁਰੂ ਹੋ ਗਈ ਹੈ।
ਕੀਮਤਾਂ ’ਚ 10 ਫ਼ੀਸਦੀ ਵਾਧੇ ਦੀ ਸੰਭਾਵਨਾ
ਇਕ ਰਿਪੋਰਟ ਮੁਤਾਬਕ ਵਿਦੇਸ਼ੀ ਖਰੀਦਦਾਰ ਬਾਸਮਤੀ ਚੌਲ ਖਰੀਦਣ ਲਈ ਭਾਰਤ ਆਏ ਹਨ, ਜਿਸ ਦੇ ਨਤੀਜੇ ਵਜੋਂ ਹਰਿਆਣਾ, ਪੰਜਾਬ ਅਤੇ ਪੱਛਮੀ ਯੂ. ਪੀ. ਦੇ ਕਿਸਾਨਾਂ ਨੂੰ ਹੁਣ ਉਨ੍ਹਾਂ ਦੀ ਬਾਸਮਤੀ ਦੀ ਫ਼ਸਲ (1509 ਕਿਸਮ) ਲਈ 4000 ਰੁਪਏ ਪ੍ਰਤੀ ਕੁਇੰਟਲ ਮਿਲ ਰਹੇ ਹਨ। ਗਲੋਬਲ ਬਾਜ਼ਾਰਾਂ ਤੋਂ ਭਾਰੀ ਮੰਗ ਕਾਰਨ ਹੁਣ ਤੱਕ 800 ਰੁਪਏ ਤੱਕ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਹੁਣ ਇਕ ਮਹੀਨੇ ਦੇ ਅੰਦਰ ਬਾਸਮਤੀ ਦੀਆਂ ਮੌਜੂਦਾ ਘਰੇਲੂ ਕੀਮਤਾਂ ਵਿਚ 10 ਫ਼ੀਸਦੀ ਦਾ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।
80 ਫ਼ੀਸਦੀ ਤੋਂ ਵੱਧ ਬਾਸਮਤੀ ਦੀ ਹੁੰਦੀ ਹੈ ਬਰਾਮਦ
ਬਾਸਮਤੀ ਚੌਲਾਂ ਦੇ ਕੁੱਲ 1.7 ਮਿਲੀਅਨ ਹੈਕਟੇਅਰ ਰਕਬੇ ’ਚੋਂ 1509 ਕਿਸਮ ਦਾ ਖੇਤਰਫਲ ਲਗਭਗ 40 ਫ਼ੀਸਦੀ ਹੈ। 2022-23 ਵਿਚ ਬਾਸਮਤੀ ਚੌਲਾਂ ਦੀ ਬਰਾਮਦ 4.5 ਮਿਲੀਅਨ ਟਨ ਰਹੀ ਸੀ, ਜਿਸ ਦਾ ਮੁੱਲ 38,524.11 ਕਰੋੜ ਰੁਪਏ ਸੀ। ਇਸ ਦੇ ਖਾੜੀ ਦੇਸ਼ ਪ੍ਰਮੁੱਖ ਖਰੀਦਦਾਰ ਸਨ। ਭਾਰਤ ਵਿਚ ਉਤਪਾਦਿਤ 80 ਫ਼ੀਸਦੀ ਤੋਂ ਵੱਧ ਬਾਸਮਤੀ ਚੌਲਾਂ ਦੀ ਬਰਾਮਦ ਕੀਤੀ ਜਾਂਦੀ ਹੈ।
ਪਿਛਲੇ ਸਾਲ ਟੁੱਟੇ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਤੋਂ ਬਾਅਦ ਇਸ ਸਾਲ ਜੁਲਾਈ ਵਿਚ ਭਾਰਤ ਨੇ ਵਿਆਪਕ ਤੌਰ ’ਤੇ ਖਪਤ ਹੋਣ ਵਾਲੇ ਗੈਰ-ਬਾਸਮਤੀ ਸਫੈਦ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਲਾ ਕੇ ਖਰੀਦਦਾਰਾਂ ਨੂੰ ਹੈਰਾਨ ਕਰ ਦਿੱਤਾ ਸੀ। ਭਾਰਤੀ ਚੌਲ ਐਕਸਪੋਰਟਰ ਸੰਘ ਦੇ ਮੁਖੀ ਪ੍ਰੇਮ ਗਰਗ ਨੇ ਇਕ ਮੀਡੀਆ ਰਿਪੋਰਟ ’ਚ ਕਿਹਾ ਕਿ ਬਾਸਮਤੀ ਐੱਮ. ਈ. ਪੀ. ਨੂੰ ਘੱਟ ਕਰਨ ਦੇ ਫ਼ੈਸਲੇ ਨਾਲ ਉਨ੍ਹਾਂ ਕਿਸਾਨਾਂ ਨੂੰ ਮਦਦ ਮਿਲੇਗੀ, ਜੋ ਬਰਾਮਦ ਵਿਚ ਗਿਰਾਵਟ ਕਾਰਨ ਪੈਸਾ ਗੁਆ ਰਹੇ ਸਨ। ਇਸ ਕਦਮ ਨਾਲ ਭਾਰਤ ਨੂੰ ਗਲੋਬਲ ਬਾਸਮਤੀ ਚੌਲਾਂ ਦੇ ਬਾਜ਼ਾਰ ਵਿਚ ਆਪਣੀ ਪ੍ਰਮੁੱਖ ਸਥਿਤੀ ਬਣਾਈ ਰੱਖਣ ’ਚ ਵੀ ਮਦਦ ਮਿਲੇਗੀ।