ਸਥਾਨਕ ਪੱਧਰ ਦੀਆਂ ਖਬਰਾਂ ਨੂੰ ਉਤਸ਼ਾਹਿਤ ਕਰਨ ਲਈ ਫੇਸਬੁੱਕ ਕਰੇਗਾ 300 ਮਿਲੀਅਨ ਡਾਲਰ ਦਾ ਨਿਵੇਸ਼
Wednesday, Jan 16, 2019 - 04:51 PM (IST)
ਨਵੀਂ ਦਿੱਲੀ — ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਹੁਣ ਪੱਤਰਕਾਰੀ ਵਿਚ ਨਿਵੇਸ਼ ਕਰਨ ਜਾ ਰਹੀ ਹੈ। ਕੰਪਨੀ ਨੇ ਮੰਗਲਵਾਰ ਨੂੰ ਐਲਾਨ ਕਰਦੇ ਹੋਏ ਕਿਹਾ ਕਿ ਉਹ ਅਗਲੇ ਤਿੰਨ ਸਾਲਾਂ ਵਿਚ ਇਸ ਖੇਤਰ 'ਚ 300 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ।
ਸਥਾਨਕ ਖਬਰਾਂ ਨੂੰ ਦੇਵੇਗਾ ਪਹਿਲ
ਫੇਸਬੁੱਕ ਆਪਣੇ ਕਈ ਪ੍ਰੋਜੈਕਟਸ ਦੇ ਜ਼ਰੀਏ ਸਥਾਨਕ ਖਬਰਾਂ ਨੂੰ ਅਹਿਮੀਅਤ ਦੇਵੇਗਾ। ਖਬਰ ਏਜੰਸੀ ਏ.ਐਫ.ਪੀ. ਮੁਤਾਬਕ ਡਿਜੀਟਲ ਯੁੱਗ 'ਚ ਲੋਕਾਂ ਨੂੰ ਅਸਾਨੀ ਨਾਲ ਸਥਾਨਕ ਖਬਰਾਂ ਨਹੀਂ ਮਿਲਦੀਆਂ। ਇਸ ਕਾਰਨ ਕੰਪਨੀ ਨੇ ਇਸ ਕਦਮ ਬਾਰੇ ਸੋਚਿਆ ਹੈ।
ਕੰਪਨੀ ਦੇ ਗਲੋਬਲ ਨਿਊਜ਼ ਸਾਂਝੇਦਾਰ ਦੇ ਵਾਈਸ ਪ੍ਰੈਜ਼ੀਡੈਂਟ ਕੈਂਬੇਲ ਬ੍ਰਾਊਨ ਨੇ ਕਿਹਾ ਕਿ ਫੇਸਬੁੱਕ ਇਹ ਨਿਵੇਸ਼ ਨਿਊਜ਼ ਪ੍ਰੋਗਰਾਮ, ਸਹਿਭਾਗੀ ਅਤੇ ਸਮੱਗਰੀ 'ਤੇ ਕਰੇਗਾ। ਫੇਸਬੁੱਕ ਦੇ ਇਸ ਕਦਮ ਨਾਲ ਉਨ੍ਹਾਂ ਅਖਬਾਰਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਮਿਲੇਗਾ, ਜਿੰਨ੍ਹਾਂ ਦੇ ਫੈਲਾਅ 'ਚ ਲਗਾਤਾਰ ਕਮੀ ਦੇਖਣ ਨੂੰ ਮਿਲ ਰਹੀ ਹੈ।
ਕੌਮੀ ਪੱਧਰ ਦੀ ਬਜਾਏ ਸਥਾਨਕ ਖਬਰਾਂ ਨੂੰ ਸਥਾਨ
ਫੇਸਬੁੱਕ ਨੇ ਕਿਹਾ ਹੈ ਕਿ ਉਹ ਕੌਮੀ ਪੱਧਰ ਦੀਆਂ ਖਬਰਾਂ ਨੂੰ ਆਪਣੇ ਪਲੇਟਫਾਰਮ 'ਤੇ ਦੇਣ ਦੀ ਬਜਾਏ ਸਥਾਨਕ ਖਬਰਾਂ ਨੂੰ ਉਤਸ਼ਾਹਿਤ ਕਰੇਗਾ ਕਿਉਂਕਿ ਲੋਕ ਸਥਾਨਕ ਖਬਰਾਂ ਬਾਰੇ ਜ਼ਿਆਦਾ ਪੜ੍ਹਨਾ ਚਾਹੁੰਦੇ ਹਨ।
ਲਾਂਚ ਕੀਤਾ ਇਹ ਫੀਚਰ
ਕੰਪਨੀ ਨੇ 'ਟੁਡੇ ਇਨ' ਨਾਂ ਨਾਲ ਇਕ ਨਵਾਂ ਫੀਚਰ ਲਾਂਚ ਕੀਤਾ ਹੈ ਜਿਸ ਵਿਚ ਯੂਜ਼ਰਜ਼ ਨੂੰ ਸੜਕ ਬੰਦ, ਅਪਰਾਧ ਖਬਰਾਂ, ਸਕੂਲ ਅਤੇ ਕਾਲਜ ਨਾਲ ਜੁੜੀ ਖਬਰਾਂ ਦਿੱਤੀਆਂ ਜਾ ਰਹੀਆਂ ਹਨ। ਵਰਤਮਾਨ ਵਿਚ, ਇਸ ਫੀਚਰ ਨੂੰ ਅਮਰੀਕਾ ਅਤੇ ਆਸਟਰੇਲੀਆ ਵਿਚ ਸ਼ੁਰੂ ਕੀਤੀ ਗਿਆ ਹੈ।
