SBI ਜਲਦ ਦੇ ਸਕਦਾ ਹੈ ਇਹ ਸੌਗਾਤ, ਹੋਮ ਲੋਨ ਦੀ ਘੱਟ ਹੋ ਜਾਵੇਗੀ EMI
Monday, Aug 19, 2019 - 03:38 PM (IST)

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਹੋਮ ਲੋਨ ਦੇ ਪੁਰਾਣੇ ਗਾਹਕਾਂ ਲਈ ਚੰਗੀ ਖਬਰ ਹੈ। ਜਲਦ ਹੀ ਉਨ੍ਹਾਂ ਦੀ ਮਾਸਿਕ ਕਿਸ਼ਤ 'ਚ ਕਮੀ ਹੋ ਸਕਦੀ ਹੈ। ਇਸ ਦੀ ਵਜ੍ਹਾ ਇਹ ਹੈ ਕਿ ਐੱਸ. ਬੀ. ਆਈ. ਹੋਮ ਲੋਨ ਦੇ ਪੁਰਾਣੇ ਗਾਹਕਾਂ ਦੀ ਕਰਜ਼ ਦਰ ਨੂੰ ਵੀ ਰੇਪੋ ਰੇਟ ਨਾਲ ਲਿੰਕ ਕਰ ਸਕਦਾ ਹੈ। ਫਿਲਹਾਲ ਇਹ ਸੁਵਿਧਾ ਸਿਰਫ ਹੋਮ ਲੋਨ ਦੇ ਨਵੇਂ ਗਾਹਕਾਂ ਲਈ ਹੈ। ਇਹ ਸੰਕੇਤ ਐੱਸ. ਬੀ. ਆਈ. ਦੇ ਸੀ. ਐੱਮ. ਡੀ. ਰਜਨੀਸ਼ ਕੁਮਾਰ ਨੇ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਰਾਣੇ ਗਾਹਕਾਂ ਨੂੰ ਵੀ ਰੇਪੋ ਰੇਟ ਦੇ ਆਧਾਰ 'ਤੇ ਹੋਮ ਲੋਨ ਦੀ ਸੁਵਿਧਾ ਦੇਣ 'ਤੇ ਬੈਂਕ ਵਿਚਾਰ ਕਰ ਰਿਹਾ ਹੈ।
ਭਾਰਤੀ ਸਟੇਟ ਬੈਂਕ 'ਚ ਦੋ ਤਰ੍ਹਾਂ ਦੇ ਹੋਮ ਲੋਨ ਰੇਟ ਹਨ। ਇਕ ਰੇਪੋ ਰੇਟ ਲਿੰਕਡ ਲੈਂਡਿੰਗ ਰੇਟ (ਆਰ. ਐੱਲ. ਐੱਲ. ਆਰ.) ਹੈ ਅਤੇ ਦੂਜਾ 'ਮਾਰਜਨਿਲ ਕਾਸਟ ਲੈਂਡਿੰਗ ਰੇਟ (ਐੱਮ. ਸੀ. ਐੱਲ. ਆਰ.) ਹੈ। ਆਰ. ਐੱਲ. ਐੱਲ. ਆਰ. ਆਧਾਰਿਤ ਹੋਮ ਲੋਨ ਦੀ ਘੱਟੋ-ਘੱਟ ਦਰ 8.05 ਫੀਸਦੀ ਹੈ, ਜਦੋਂ ਕਿ ਐੱਮ. ਸੀ. ਐੱਲ. ਆਰ. 'ਤੇ ਆਧਾਰਿਤ ਕਰਜ਼ ਦੀ ਦਰ ਘੱਟੋ-ਘੱਟ 8.35 ਫੀਸਦੀ ਹੈ।
ਪੁਰਾਣੇ ਗਾਹਕਾਂ ਨੂੰ ਆਰ. ਐੱਲ. ਐੱਲ. ਆਰ. 'ਚ ਸ਼ਿਫਟ ਹੋਣ ਦੀ ਸੁਵਿਧਾ ਮਿਲਣ 'ਤੇ ਉਨ੍ਹਾਂ ਦੀ ਵਿਆਜ ਦਰ ਵੀ 8.05 ਫੀਸਦੀ ਹੋ ਜਾਵੇਗੀ। ਇਸ ਨਾਲ ਉਨ੍ਹਾਂ ਦੀ ਮਾਸਿਕ ਕਿਸ਼ਤ 'ਚ ਉਨ੍ਹਾਂ ਦੇ ਲੋਨ ਮੁਤਾਬਕ ਕਮੀ ਆਵੇਗੀ। ਹਾਲਾਂਕਿ ਐੱਸ. ਬੀ. ਆਈ. ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਸਾਲਾਨਾ 6 ਲੱਖ ਰੁਪਏ ਤੋਂ ਘੱਟ ਕਮਾਉਣ ਵਾਲੇ ਲੋਕਾਂ ਨੂੰ ਆਰ. ਐੱਲ. ਐੱਲ. ਆਰ. ਆਧਾਰਿਤ ਕਰਜ਼ ਦਾ ਫਾਇਦਾ ਮਿਲੇਗਾ ਜਾਂ ਨਹੀਂ। ਮੌਜੂਦਾ ਵਿਵਸਥਾ ਮੁਤਾਬਕ, ਆਰ. ਐੱਲ. ਐੱਲ. ਆਰ. ਆਧਾਰਿਤ ਹੋਮ ਲੋਨ ਲੈਣ ਲਈ ਗਾਹਕ ਦੀ ਤਨਖਾਹ ਪ੍ਰਤੀ ਮਹੀਨਾ 50,000 ਰੁਪਏ ਹੋਣਾ ਜ਼ਰੂਰੀ ਹੈ।