‘ਆਮ ਖਪਤਕਾਰ ਨੂੰ ਝਟਕਾ! ਤਿਉਹਾਰੀ ਮੰਗ ਵਧਣ ਕਾਰਨ ਖਾਣ ਵਾਲੇ ਤੇਲ ਹੋਏ ਮਹਿੰਗੇ’
Monday, Oct 25, 2021 - 10:28 AM (IST)
ਨਵੀਂ ਦਿੱਲੀ (ਇੰਟ)) - ਤਿਉਹਾਰੀ ਸੀਜ਼ਨ ਦਰਮਿਆਨ ਆਮ ਖਪਤਕਾਰ ਨੂੰ ਖਾਣ ਵਾਲੇ ਤੇਲਾਂ ਦੀ ਮਹਿੰਗਾਈ ਦਾ ਝਟਕਾ ਲੱਗ ਸਕਦਾ ਹੈ। ਅਸਲ ’ਚ ਤਿਉਹਾਰਾਂ ਦੀ ਮੰਗ ਵੱਧਣ ਅਤੇ ਤਿਲਾਂ ਦੀ ਕਮੀ ਕਾਰਨ ਬੀਤੇ ਹਫਤੇ ਦਿੱਲੀ ਦੇ ਬਾਜ਼ਾਰ ’ਚ ਸਰ੍ਹੋਂ, ਮੂੰਗਫਲੀ, ਸੋਇਆਬੀਨ ਅਤੇ ਕੱਚਾ ਪਾਮ ਆਇਲ (ਸੀ.ਪੀ.ਓ.) ਸਮੇਤ ਸਭ ਤੇਲਾਂ ਦੇ ਭਾਅ ਵਧ ਗਏ ਹਨ। ਬਾਜ਼ਾਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਬੀਤੇ ਦਿਨੀ ਪਏ ਮੀਂਹ ਕਾਰਨ ਤਿਲਾਂ ਦੀ ਫਸਲ ਨੂੰ ਹੋਏ ਨੁਕਸਾਨ ਕਾਰਨ ਖਾਣ ਵਾਲੇ ਤੇਲਾਂ ਦੀ ਕੀਮਤ ਵਿਚ ਵਾਧਾ ਹੋਇਆ ਹੈ।
ਦੇਸ਼ ਵਿਚ ਸਰ੍ਹੋਂ ਦਾ 10 ਤੋਂ 12 ਲੱਖ ਟਨ ਦਾ ਸਟਾਕ ਬਾਕੀ ਰਹਿ ਗਿਆ ਹੈ। ਇਸ ਵਿਚੋਂ ਬਹੁਤਾ ਸਟਾਕ ਕਿਸਾਨ ਾਂ ਦੇ ਕੋਲ ਹੀ ਹੈ। ਤਿਉਹਾਰੀ ਮੰਗ ਲਗਾਤਾਰ ਵੱਧ ਰਹੀ ਹੈ। ਦੀਵਾਲੀ ਤੋਂ ਬਾਅਦ ਸਰ੍ਹੋਂ ਦੀ ਮੰਗ ’ਚ ਭਾਰੀ ਵਾਧਾ ਹੋਵੇਗਾ। ਅਜਿਹੀ ਹਾਲਤ ਵਿਚ ਸਲੋਨੀ ਸ਼ਮਸਾਬਾਦ ਵਿਖੇ ਸਰ੍ਹੋਂ ਦੀ ਕੀਮਤ ਬੀਤੇ ਹਫਤੇ ਦੇ ਅੰਤ ’ਚ 8900 ਰੁਪਏ ਤੋਂ ਵੱਧ ਕੇ 9200 ਰੁਪਏ ਪ੍ਰਤੀ ਕਵਿੰਟਲ ਹੋ ਗਈ। ਇਸ ਨਾਲ ਸਰ੍ਹੋਂ ਦੇ ਤੇਲ ਅਤੇ ਤਿਲਾਂ ਦੀ ਕੀਮਤ ’ਚ ਉਛਾਲ ਦਰਜ ਕੀਤਾ ਗਿਆ। ਬਿਜਾਈ ’ਚ ਦੇਰੀ ਕਾਰਨ ਸਰ੍ਹੋਂ ਦੀ ਅਗਲੀ ਫਸਲ ਆਉਣ ’ਚ ਅਜੇ ਲਗਭਗ ਇਕ ਮਹੀਨਾ ਹੋਰ ਬਾਕੀ ਹੈ। ਇਸ ਵਾਰ ਸਰ੍ਹੋਂ ਦਾ ਉਤਪਾਦਨ ਦੁੱਗਣਾ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਬਾਜ਼ਾਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ ਨੂੰ ਧਿਆਨ ’ਚ ਰੱਖਦਿਆਂ ਸਰ੍ਹੋਂ ਦਾ ਸਥਾਈ ਤੌਰ ’ਤੇ ਲਗਭਗ 5-10 ਲੱਖ ਟਨ ਸਟਾਕ ਰੱਖਣਾ ਚਾਹੀਦਾ ਹੈ।
ਕੌਮਾਂਤਰੀ ਕੀਮਤਾਂ ’ਚ ਵਾਧੇ ਕਾਰਨ ਮਹਿੰਗਾ ਹੋਇਆ ਸਰ੍ਹੋਂ ਦਾ ਤੇਲ
ਕੇਂਦਰੀ ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਦੋ ਦਿਨ ਪਹਿਲਾਂ ਕਿਹਾ ਸੀ ਕਿ ਫਰਵਰੀ 2022 ’ਚ ਅਗਲੀ ਫਸਲ ਆਉਣ ਤੋਂ ਬਾਅਦ ਹੀ ਸਰ੍ਹੋਂ ਦੀਆਂ ਕੀਮਤਾਂ ’ਚ ਕਮੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਸੀ ਕਿ ਖਾਣ ਵਾਲੇ ਤੇਲਾਂ ਦੀਆਂ ਕੌਮਾਂਤਰੀ ਕੀਮਤਾਂ ’ਚ ਵਾਧੇ ਕਾਰਨ ਸਰ੍ਹੋਂ ਦੇ ਤੇਲ ਦੀ ਕੀਮਤ ’ਤੇ ਅਸਰ ਪਿਆ ਹੈ। ਸਮੀਖਿਆ ਅਧੀਨ ਹਫਤੇ ’ਚ ਬਿਨੌਲਾ ਤੇਲ ਦੀਆਂ ਕੀਮਤਾਂ ਮਜ਼ਬੂਤ ਹੋਣ ਨਾਲ ਮੂੰਗਫਲੀ ਦੀ ਮੰਗ ਵਧ ਗਈ ਹੈ ਜਿਸ ਕਾਰਨ ਮੂੰਗਫਲੀ ਦੇ ਤੇਲ ਅਤੇ ਤਿਲਾਂ ਦੀ ਕੀਮਤ ਵੀ ਵੱਧ ਗਈ ਹੈ। ਸੋਇਆਬੀਨ ਦੀ ਨਵੀਂ ਫਸਲ ਦੀ ਆਮਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਾਅਦਾ ਕਾਰੋਬਾਰ ’ਚ ਇਸ ਦੀ ਕੀਮਤ ਘੱਟ ਹੈ। ਨਵੀਂ ਫਸਲ ਦੇ ਆਉਣ ਦੇ ਸਮੇਂ ਆਮ ਤੌਰ ’ਤੇ ਕੀਮਤ ਡਿੱਗ ਜਾਂਦੀ ਹੈ। ਅਜਿਹੀ ਹਾਲਤ ਵਿਚ ਕਿਸਾਨਾਂ ਨੂੰ ਘੱਟ ਕੀਮਤ ’ਤੇ ਆਪਣੀ ਫਸਲ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ।
ਘੱਟ ਕੀਮਤ ’ਤੇ ਫਸਲ ਵੇਚਣ ਤੋਂ ਬਚ ਰਹੇ ਕਿਸਾਨ
ਸੋਇਆਬੀਨ ਦੀ ਨਵੀਂ ਫਸਲ ਦੀ ਮੰਡੀਆਂ ’ਚ ਆਮਦ ਘੱਟ ਹੈ ਅਤੇ ਕਿਸਾਨ ਘੱਟ ਕੀਮਤ ’ਤੇ ਬਿਕਵਾਲੀ ਤੋਂ ਬਚ ਰਹੇ ਹਨ। ਇਸ ਕਾਰਨ ਸਮੀਖਿਆ ਅਧੀਨ ਹਫਤੇ ’ਚ ਸੋਇਆਬੀਨ ਤੇਲ-ਤਿਲ ਦੀ ਕੀਮਤ ਕੁਝ ਵਧੀ ਅਤੇ ਫਿਰ ਇਹ ਬੰਦ ਹੋਈ। ਸਮੀਖਿਆ ਅਧੀਨ ਹਫਤੇ ’ਚ ਮਲੇਸ਼ੀਆ ਐਕਸਚੇਂਜ ’ਚ ਮਜ਼ਬੂਤੀ ਰਹਿਣ ਕਾਰਨ ਕੱਚਾ ਪਾਮ ਤੇਲ ਅਤੇ ਪਾਮੋਲੀਨ ਦੇ ਭਾਅ ਵੀ ਮਜ਼ਬੂਤ ਰਹੇ ਜਦੋਕਿ ਤਿਉਹਾਰੀ ਮੰਗ ਕਾਰਨ ਬਿਨੌਲਾ ਤੇਲ ਵਿਚ ਵੀ ਸੁਧਾਰ ਆਇਆ।
ਸਰ੍ਹੋਂ ਦੀ ਕੱਚੀ ਘਾਨੀ ਦੀਆਂ ਕੀਮਤਾਂ ’ਚ ਕਿੰਨਾ ਵਾਧਾ ਹੋਇਆ?
ਸਰ੍ਹੋਂ ਦੇ ਦਾਣੇ ਦੀ ਕੀਮਤ ਬੀਤੇ ਹਫਤੇ 145 ਰੁਪਏ ਵਧ ਕੇ 8870-8900 ਰੁਪਏ ਪ੍ਰਤੀ ਕੁਇੰਟਲ ਹੋ ਗਈ ਜੋ ਬੀਤੇ ਹਫਤੇ ਦੇ ਅੰਤ ’ਚ 8730-8755 ਰੁਪਏ ਪ੍ਰਤੀ ਕੁਇੰਟਲ ਸੀ। ਸਰ੍ਹੋਂ ਦਾਦਰੀ ਤੇਲ ਦੀ ਕੀਮਤ ਪਿਛਲੇ ਹਫਤੇ ਦੇ ਮੁਕਾਬਲੇ 450 ਰੁਪਏ ਵਧ ਕੇ ਸਮੀਖਿਆ ਅਧੀਨ ਹਫਤੇ ਦੇ ਅੰਤ ’ਚ 18000 ਰੁਪਏ ਪ੍ਰਤੀ ਕਵਿੰਟਲ ਹੋ ਗਈ। ਸਰ੍ਹੋਂ ਪੱਕੀ ਘਾਨੀ ਤੇਲ ਦੀਆਂ ਕੀਮਤਾਂ 40 ਰੁਪਏ ਵਧ ਕੇ 2705-2745 ਰੁਪਏ ਅਤੇ ਕੱਚੀ ਘਾਨੀ ਦੀਆਂ ਕੀਮਤਾਂ ਵੀ 40 ਰੁਪਏ ਵਧ ਕੇ 2780-2890 ਰੁਪਏ ਪ੍ਰਤੀ ਟਨ ਹੋ ਗਈਆਂ।
ਸੋਇਆਬੀਨ ਦੀ ਕੀਮਤ ’ਚ ਕਿੰਨਾ ਉਛਾਲ?
ਤਿਉਹਾਰੀ ਮੰਗ ਕਾਰਨ ਸਮੀਖਿਆ ਅਧੀਨ ਹਫਤੇ ਦੇ ਅੰਤ ’ਚ ਸੋਇਆਬੀਨ ਦੇ ਦਾਣੇ ਦੀ ਕੀਮਤ 50 ਰੁਪਏ ਵਧ ਕੇ 5300-5500 ਰੁਪਏ ਪ੍ਰਤੀ ਕਵਿੰਟਲ ’ਤੇ ਬੰਦ ਹੋਈ। ਸੋਇਆਬੀਨ ਲੂਜ਼ ਦੀ ਕੀਮਤ 5050-5150 ਰੁਪਏ ਪ੍ਰਤੀ ਕਵਿੰਟਲ ਦੀ ਪੱਧਰ ’ਤੇ ਟਿਕੀ ਰਹੀ। ਸੋਇਆਬੀਨ ਦਿੱਲੀ ਦੀ ਕੀਮਤ 370 ਰੁਪਏ ਵਧ ਕੇ 14050 ਰੁਪਏ, ਸੋਇਆਬੀਨ ਇੰਦੋਰ ਦੀ ਕੀਮਤ 420 ਰੁਪਏ ਉਛਲ ਕੇ 13,670 ਰੁਪਏ ਅਤੇ ਸੋਇਆਬੀਨ ਡੀਗਮ ਦੀ ਕੀਮਤ 380 ਰੁਪਏ ਵਧ ਕੇ 12580 ਰੁਪਏ ਪ੍ਰਤੀ ਕਵਿੰਟਲ ’ਤੇ ਬੰਦ ਹੋਈ।
ਮੂੰਗਫਲੀ ਰਿਫਾਇੰਡ ’ਚ ਵੀ ਵਾਧਾ
ਸਮੀਖਿਆ ਅਧੀਨ ਹਫਤੇ ਦੇ ਅੰਤ ’ਚ ਬਿਨੌਲਾ ਤੇਲ ’ਚ ਆਈ ਤੇਜ਼ੀ ਕਾਰਨ ਮੂੰਗਫਲੀ ਦੀ ਮੰਗ ਵਧ ਗਈ। ਇਸ ਕਾਰਨ ਮੂੰਗਫਲੀ ਦੀ ਕੀਮਤ 15 ਰੁਪਏ ਸੁਧਰ ਕੇ 6300-6385 ਰੁਪਏ ਪ੍ਰਤੀ ਕਵਿੰਟਲ ’ਤੇ ਬੰਦ ਹੋਈ। ਉਥੇ ਮੂੰਗਫਲੀ ਗੁਜਰਾਤ ਦੀ ਕੀਮਤ 15 ਰੁਪਏ ਦੇ ਵਾਧੇ ਨਾਲ 14315 ਰੁਪਏ ਪ੍ਰਤੀ ਕਵਿੰਟਲ ’ਤੇ ਬੰਦ ਹੋਈ। ਸਾਲਵੈਂਟ ਰਿਫਾਇੰਡ ਦੀ ਕੀਮਤ 10 ਰੁਪਏ ਵਧ ਕੇ 2090-2220 ਰੁਪਏ ਪ੍ਰਤੀ ਟਨ ’ਤੇ ਬੰਦ ਹੋਏ।