ਦੀਵਾਲੀ ’ਤੇ ਡਰਾਈ ਫਰੂਟਸ ਤੋਹਫ਼ੇ ’ਚ ਦੇਣਾ ਪਵੇਗਾ ਮਹਿੰਗਾ, 80 ਫ਼ੀਸਦੀ ਮਹਿੰਗਾ ਹੋਇਆ ਕਾਜੂ

Sunday, Sep 01, 2024 - 05:11 PM (IST)

ਦੀਵਾਲੀ ’ਤੇ ਡਰਾਈ ਫਰੂਟਸ ਤੋਹਫ਼ੇ ’ਚ ਦੇਣਾ ਪਵੇਗਾ ਮਹਿੰਗਾ, 80 ਫ਼ੀਸਦੀ ਮਹਿੰਗਾ ਹੋਇਆ ਕਾਜੂ

ਨਵੀਂ ਦਿੱਲੀ (ਇੰਟ.) - ਦਿੱਲੀ ’ਚ ਡਰਾਈ ਫਰੂਟਸ ਦੇ ਦਰਾਮਦਕਾਰ ਦੱਸਦੇ ਹਨ ਕਿ ਦੇਸ਼ ’ਚ ਕਾਜੂ-ਬਦਾਮ ਵਰਗੇ ਸੁੱਕੇ ਮੇਵਿਆਂ (ਡਰਾਈ ਫਰੂਟਸ) ਦਾ ਲੋੜੀਂਦਾ ਉਤਪਾਦਨ ਨਹੀਂ ਹੁੰਦਾ ਹੈ, ਇਸ ਲਈ ਇਨ੍ਹਾਂ ਮੇਵਿਆਂ ਨੂੰ ਵਿਦੇਸ਼ਾਂ ਤਂ ਮੰਗਵਾਉਣਾ ਪੈਂਦਾ ਹੈ। ਜੇ ਸਿਰਫ ਕਾਜੂ ਦੀ ਗੱਲ ਕਰੀਏ ਤਾਂ ਇਥੇ ਕਾਜੂ ਦੀ ਖਪਤ ਪੂਰੀ ਕਰਨ ਲਈ 50 ਫੀਸਦੀ ਤੋਂ ਜ਼ਿਆਦਾ ਨਟਸ ਦਰਾਮਦ ਕਰਨੇ ਹੁੰਦੇ ਹਨ। ਇਹੀ ਸਥਿਤੀ ਬਦਾਮ ਦੀ ਵੀ ਹੈ।

ਕਾਰੋਬਾਰੀਆਂ ਅਨੁਸਾਰ ਭਾਰਤ ’ਚ ਸੁੱਕੇ ਮੇਵਿਆਂ ਦੀ ਖਪਤ ਵਧੀ ਹੈ, ਜਦੋਂ ਕਿ ਉਤਪਾਦਨ ਵਧ ਨਹੀਂ ਰਿਹਾ ਹੈ। ਉਪਰੋਂ ਭਾਰਤੀ ਰੁਪਏ ਦੇ ਮੁਕਾਬਲੇ ਡਾਲਰ ਮਹਿੰਗਾ ਹੋ ਰਿਹਾ ਹੈ। ਇਸ ਵਜ੍ਹਾ ਨਾਲ ਦਰਾਮਦ ਮਹਿੰਗੀ ਪੈ ਰਹੀ ਹੈ।

ਇਹ ਵੀ ਪੜ੍ਹੋ :     ਡੀਜ਼ਲ ਵਾਹਨਾਂ ਨੂੰ ਕਹੋ Bye-Bye, ਨਿਤਿਨ ਗਡਕਰੀ ਨੇ ਦਿੱਤੀ ਸਖ਼ਤ ਚਿਤਾਵਨੀ

ਪਿਛਲੇ 4 ਮਹੀਨਿਆਂ ’ਚ ਕਾਜੂ ਦੀ ਕੀਮਤ 80 ਫ਼ੀਸਦੀ ਤੱਕ ਵਧ ਗਈ ਹੈ। ਇਨ੍ਹੀਂ ਦਿਨਾਂ ਦਿਨੀਂ ਬਾਦਾਮ ਵੀ 15 ਫ਼ੀਸਦੀ ਤੋਂ ਜ਼ਿਆਦਾ ਮਹਿੰਗੇ ਹੋ ਗਏ ਹਨ।

ਸੁੱਕੇ ਮੇਵਿਆਂ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਦੀਵਾਲੀ ਤੱਕ ਇਨ੍ਹਾਂ ਮੇਵਿਆਂ ਦੀਆਂ ਕੀਮਤਾਂ ’ਚ 5 ਤੋਂ 10 ਫ਼ੀਸਦੀ ਦਾ ਹੋਰ ਵਾਧਾ ਹੋਣ ਦੇ ਸੰਕੇਤ ਨਜ਼ਰ ਆ ਰਹੇ ਹਨ। ਅਜਿਹਾ ਇਸ ਲਈ ਹੈ, ਕਿਉਂਕਿ ਸਥਾਨਕ ਬਾਜ਼ਾਰ ’ਚ ਇਨ੍ਹਾਂ ਦੀ ਮੰਗ ਵਧਣ ਦੇ ਬਾਵਜੂਦ ਦਰਾਮਦ ’ਚ ਕਮੀ ਆਈ ਹੈ। ਰੁਪਏ ਦੇ ਮੁਕਾਬਲੇ ਡਾਲਰ ਮਹਿੰਗਾ ਹੀ ਹੁੰਦਾ ਜਾ ਰਿਹਾ ਹੈ। ਇਸ ਨਾਲ ਦਰਾਮਦ ਮਹਿੰਗੀ ਪੈ ਰਹੀ ਹੈ।

ਕਾਜੂ ਦਾ ਸਭ ਤੋਂ ਵੱਡਾ ਦਰਾਮਦਕਾਰ ਅਤੇ ਖਪਤਕਾਰ ਹੈ ਭਾਰਤ

ਭਾਰਤ ਦੁਨੀਆ ’ਚ ਕਾਜੂ ਦਾ ਸਭ ਤੋਂ ਵੱਡਾ ਖਪਤਕਾਰ ਹੈ। ਇਥੇ ਜਿੰਨੀ ਕਾਜੂ ਦੀ ਖਪਤ ਹੁੰਦੀ ਹੈ, ਓਨੀ ਫਸਲ ਨਹੀਂ ਹੁੰਦੀ, ਇਸ ਲਈ ਭਾਰਤ ਆਪਣੀ ਕਾਜੂ ਦੀ ਲੱਗਭਗ 50 ਫ਼ੀਸਦੀ ਜ਼ਰੂਰਤ ਦਰਾਮਦ ਦੇ ਜ਼ਰੀਏ ਪੂਰੀ ਕਰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਦੁਨੀਆ ’ਚ ਭਾਰਤ ਕਾਜੂ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਅਤੇ ਬਰਾਮਦਕਾਰ ਵੀ ਹੈ। ਮਤਲੱਬ ਕਿ ਅਸੀਂ ਬਾਹਰੋਂ ਕੱਚਾ ਕਾਜੂ ਮੰਗਾ ਕੇ ਉਸ ਦੀ ਪ੍ਰੋਸੈਸਿੰਗ ਕਰਦੇ ਹਾਂ ਅਤੇ ਫਿਰ ਬਰਾਮਦ ਕਰ ਦਿੰਦੇ ਹਾਂ।

ਟੁਕੜਾ ਕਾਜੂ ਦੀ ਕੀਮਤ ਲੰਘੇ ਮਈ ਮਹੀਨੇ ’ਚ 450-490 ਰੁਪਏ ਪ੍ਰਤੀ ਕਿੱਲੋਗ੍ਰਾਮ ਸੀ, ਜੋ ਹੁਣ ਵਧ ਕੇ 800 ਰੁਪਏ ਕਿੱਲੋ ਹੋ ਗਈ ਹੈ। ਸਾਬਤ ਕਾਜੂ ਦੀ ਕੀਮਤ ਇਸ ਸਮੇਂ 1,100 ਰੁਪਏ ਪ੍ਰਤੀ ਕਿੱਲੋਗ੍ਰਾਮ ਹੈ, ਜਦੋਂ ਕਿ ਮਈ ’ਚ ਇਹ 700 ਰੁਪਏ ਪ੍ਰਤੀ ਕਿੱਲੋਗ੍ਰਾਮ ਸੀ। ਮੌਜੂਦਾ ਕਾਜੂ ਦੀਆਂ ਕੀਮਤਾਂ ਆਪਣੇ ਇਤਿਹਾਸਕ ਉੱਚੇ ਪੱਧਰ ਤੋਂ ਥੋੜ੍ਹਾ ਹੀ ਹੇਠਾਂ ਹਨ।

ਇਹ ਵੀ ਪੜ੍ਹੋ :     ਹਾਦਸਿਆਂ ਤੋਂ ਬਚਾਅ ਲਈ ਲਾਗੂ ਹੋਵੇਗੀ ਨਵੀਂ ਟਰਾਂਸਪੋਰਟ ਨੀਤੀ, ਨਿਯਮਾਂ ਦੀ ਅਣਦੇਖੀ ਕਰਨ 'ਤੇ

ਦਰਾਮਦ ’ਚ 35 ਫੀਸਦੀ ਦੀ ਕਮੀ

ਵਪਾਰ ਡਾਟਾ ਤੋਂ ਪਤਾ ਲੱਗਦਾ ਹੈ ਕਿ ਅਪ੍ਰੈਲ ਤੋਂ ਜੁਲਾਈ ਤੱਕ ਕਾਜੂ ਦੀ ਦਰਾਮਦ ’ਚ 35 ਫ਼ੀਸਦੀ ਦੀ ਕਮੀ ਆਈ ਹੈ। ਕੁੱਲ ਭਾਰਤੀ ਕਾਜੂ ਐਸੋਸੀਏਸ਼ਨ ਦੇ ਪ੍ਰਧਾਨ ਰਾਹੁਲ ਕਾਮਥ ਦਾ ਕਹਿਣਾ ਹੈ, “ਇਸ ਸਾਲ ਅਸੀਂ ਕਾਜੂ ਦੀ ਦਰਾਮਦ ’ਚ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ, ਕਿਉਂਕਿ ਕੁਝ ਚੋਟੀ ਦੇ ਅਫਰੀਕੀ ਦੇਸ਼ਾਂ ਨੇ ਬਰਾਮਦ ’ਤੇ ਰੋਕ ਲਾ ਦਿੱਤੀ ਹੈ। ਕਾਜੂ ਦੀ ਕਮੀ ਅਤੇ ਖਪਤ ’ਚ ਵਾਧੇ ਕਾਰਨ ਕੀਮਤਾਂ ਵਧ ਰਹੀਆਂ ਹਨ।’’

ਉਨ੍ਹਾਂ ਕਿਹਾ ਕਿ ਅਸੀਂ ਅਕਤੂਬਰ ਤੱਕ ਕਾਜੂ ਦੀਆਂ ਕੀਮਤਾਂ ’ਚ 5-10 ਫ਼ੀਸਦੀ ਦਾ ਹੋਰ ਵਾਧਾ ਵੇਖ ਸਕਦੇ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਕਾਜੂ ਦੀਆਂ ਕੀਮਤਾਂ ’ਚ ਤੇਜ਼ੀ ਕਾਰਨ ਬਦਾਮ ਦੀਆਂ ਕੀਮਤਾਂ ’ਚ ਵੀ ਤੇਜ਼ੀ ਆਈ ਹੈ।

ਇਨ੍ਹਾਂ ਦੀਆਂ ਵੀ ਵਧ ਸਕਦੀਆਂ ਹਨ ਕੀਮਤਾਂ

ਮਠਿਆਈ ਅਤੇ ਸਨੈਕਸ ਕੰਪਨੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਛੇਤੀ ਹੀ ਕੱਚੇ ਮਾਲ ਦੀਆਂ ਕੀਮਤਾਂ ’ਚ ਵਾਧੇ ਦਾ ਬੋਝ ਖਪਤਕਾਰਾਂ ’ਤੇ ਪਾਉਣਾ ਹੋਵੇਗਾ। ਮਠਿਆਈ ਅਤੇ ਸਨੈਕਸ ਬਰਾਂਡ ਬੀਕਾਨੇਰਵਾਲਾ ਫੂਡਸ ਦੇ ਸੋਰਸਿੰਗ ਅਤੇ ਖਰੀਦ ਮੁਖੀ ਨਿਰੇਸ਼ ਸਕਲਾਨੀ ਨੇ ਕਿਹਾ, ‘‘ਮੌਜੂਦਾ ’ਚ ਜ਼ਿਆਦਾਤਰ ਹਲਵਾਈ (ਮਠਿਆਈ ਨਿਰਮਾਤਾ) ਕਾਜੂ ਦੀਆਂ ਕੀਮਤਾਂ ’ਚ ਵਾਧੇ ਨੂੰ ਖੁਦ ਝੱਲ ਰਹੇ ਹਨ। ਹਾਲਾਂਕਿ ਕਾਜੂ ਦੀ ਸਪਲਾਈ ਦੀ ਸਥਿਤੀ ਤੰਗ ਰਹਿਣ ਦੀ ਉਮੀਦ ਹੈ, ਇਸ ਲਈ ਸਾਨੂੰ ਕੀਮਤਾਂ ’ਚ ਵਾਧਾ ਕਰ ਕੇ ਲਾਗਤ ’ਚ ਕੁਝ ਵਾਧਾ ਖਪਤਕਾਰਾਂ ’ਤੇ ਪਾਉਣਾ ਪੈ ਸਕਦਾ ਹੈ।’’

ਇਹ ਵੀ ਪੜ੍ਹੋ :    ਬ੍ਰਾਜ਼ੀਲ 'ਚ 'X' ਨੂੰ ਝਟਕਾ, ਸੁਪਰੀਮ ਕੋਰਟ ਨੇ ਇਨ੍ਹਾਂ ਦੋਸ਼ਾਂ ਕਾਰਨ ਮੁਅੱਤਲ ਕਰਨ ਦਾ ਦਿੱਤਾ ਹੁਕਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News