ਕੋਵਿਡ ਦੇ ਇਲਾਜ ਲਈ ਨਵੀਆਂ ਦਵਾਈਆਂ ਤਿਆਰ ਕਰ ਰਹੀ ਹੈ ਡਾ. ਰੈੱਡੀਜ਼

Sunday, May 23, 2021 - 04:55 PM (IST)

ਕੋਵਿਡ ਦੇ ਇਲਾਜ ਲਈ ਨਵੀਆਂ ਦਵਾਈਆਂ ਤਿਆਰ ਕਰ ਰਹੀ ਹੈ ਡਾ. ਰੈੱਡੀਜ਼

ਨਵੀਂ ਦਿੱਲੀ- ਦਿੱਗਜ ਦਵਾ ਨਿਰਮਾਤਾ ਡਾ. ਰੈਡੀ ਲੈਬੋਰੇਟਰੀਜ਼ ਕੋਵਿਡ-19 ਨਾਲ ਸੰਕ੍ਰਮਿਤ ਮਰੀਜ਼ਾਂ ਦੇ ਇਲਾਜ ਲਈ ਨਵੀਆਂ ਦਵਾਈਆਂ 'ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ, ਜੋ ਕੁਝ ਮਹੀਨਿਆਂ ਵਿਚ ਬਾਜ਼ਾਰ ਵਿਚ ਆ ਜਾਣਗੀਆਂ। ਕੰਪਨੀ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਡਾ. ਰੈਡੀਜ਼ ਉੱਚ ਅਧਿਕਾਰੀ ਨੇ ਦੱਸਿਆ ਕਿ ਕੰਪਨੀ ਅਗਲੇ ਕੁਝ ਮਹੀਨਿਆਂ ਵਿਚ ਨਵੇਂ ਵਿਕਲਪਾਂ ਨੂੰ ਸਾਹਮਣੇ ਲਿਆਵੇਗੀ। ਇਸ ਦੌਰਾਨ ਪਹਿਲਾਂ ਤੋਂ ਵਰਤੋਂ ਵਿਚ ਆ ਰਹੀਆਂ ਦਵਾਈਆਂ ਦੀ ਸਪਲਾਈ ਵੀ ਯਕੀਨੀ ਬਣਾਈ ਜਾਏਗੀ।

ਉੱਥੇ ਹੀ, ਇਸ ਫਾਰਮਾ ਕੰਪਨੀ ਨੇ ਪਿਛਲੇ ਕੁਝ ਦਿਨਾਂ ਵਿਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਸਮੇਤ ਕਈ ਹੋਰ ਸੰਗਠਨਾਂ ਨਾਲ ਭਾਈਵਾਲੀ ਕੀਤੀ ਹੈ। ਇਸ ਨੇ ਰੂਸ ਦੇ ਸਹਿਯੋਗ ਨਾਲ ਭਾਰਤੀ ਬਾਜ਼ਾਰ ਵਿਚ ਵਿਕਸਤ ਕੀਤੀ ਕੋਰੋਨਾ ਦੀ ਸਪੂਨਿਕ-ਵੀ ਟੀਕਾ ਲਾਂਚ ਕੀਤਾ ਹੈ।

ਡਾ. ਰੈਡੀ ਲੈਬੋਰੇਟਰੀਜ਼ ਦੇ ਸਹਿ-ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਜੀ. ਵੀ. ਪ੍ਰਸਾਦ ਨੇ ਕਿਹਾ, "ਅਸੀਂ ਕੋਵਿਡ ਮਰੀਜ਼ਾਂ ਦੀ ਹਰ ਢੰਗ ਨਾਲ ਸੇਵਾ ਕਰਨ ਦੀ ਭਾਵਨਾ ਤੋਂ ਪ੍ਰੇਰਿਤ ਹਾਂ।ਕੋਵਿਡ ਤੋਂ ਬਚਾਅ ਅਤੇ ਇਲਾਜ ਦੇ ਨਵੇਂ ਵਿਕਲਪਾਂ ਦੀ ਖੋਜ ਕਰਨ ਲਈ ਅਸੀਂ ਕਈ ਸੰਗਠਨਾਂ ਨਾਲ ਵੀ ਹੱਥ ਮਿਲਾਇਆ ਹੈ।'' ਉਨ੍ਹਾਂ ਕਿਹਾ ਕਿ ਡਾ: ਰੈਡੀ ਨੇ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਪਿਛਲੇ ਕੁਝ ਹਫ਼ਤਿਆਂ ਵਿਚ ਕਈ ਦਵਾਈਆਂ ਸਮੇਤ ਰੈਮਡੇਸੀਵਿਰ ਦੇ ਉਤਪਾਦਨ ਨੂੰ ਵਧਾਇਆ ਹੈ, ਤਾਂ ਜੋ ਇਕਦਮ ਨਾਲ ਵਧੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਸਪੂਤਨਿਕ ਵੀ ਲਈ ਸਮਝੌਤੇ ਬਾਰੇ ਡਾ. ਰੈਡੀ ਦੇ ਸੀ. ਈ. ਓ. ਈਰੇਜ਼ ਇਜ਼ਰਾਈਲੀ ਨੇ ਕਿਹਾ, "ਸਾਡੇ ਕੋਲ 25 ਕਰੋੜ ਸਪੂਤਨਿਕ-ਵੀ ਖੁਰਾਕਾਂ ਦਾ ਅਧਿਕਾਰ ਹੈ, ਜੋ 12.5 ਕਰੋੜ ਲੋਕਾਂ ਨੂੰ ਲਗਾਈ ਜਾਵੇਗੀ।" ਸ਼ੁਰੂ ਵਿਚ ਇਹ ਟੀਕਾ ਰੂਸ ਤੋਂ ਦਰਾਮਦ ਕੀਤਾ ਜਾਵੇਗਾ। ਛੇ ਨਿਰਮਾਤਾਵਾਂ ਨਾਲ ਸਾਂਝੇਦਾਰੀ ਵੀ ਕੀਤੀ ਗਈ ਹੈ ਤਾਂ ਜੋ ਟੀਕਾ ਭਾਰਤ ਵਿਚ ਹੀ ਬਣਾਇਆ ਜਾ ਸਕੇ।''


author

Sanjeev

Content Editor

Related News