ਘਰੇਲੂ ਹਵਾਈ ਕਿਰਾਏ ’ਚ ਦੁੱਗਣਾ ਵਾਧਾ, ਸਰਕਾਰ ਨੇ ਟਿਕਟਾਂ ਦੀ ਕੀਮਤ ਦੀ ਉੱਚ ਲਿਮਿਟ ਹਟਾਈ
Friday, Nov 11, 2022 - 12:10 PM (IST)

ਬਿਜਨੈੱਸ ਡੈਸਕ–ਏਅਰਲਾਈਨਸ ਕੰਪਨੀਆਂ ਨੇ ਸਰਕਾਰ ਵਲੋਂ ਕਿਰਾਏ ਦੀ ਉੱਚ ਲਿਮਿਟ ਹਟਾਉਣ ਤੋਂ ਬਾਅਦ ਤੇਜ਼ੀ ਨਾਲ ਵਾਧਾ ਸ਼ੁਰੂ ਕਰ ਦਿੱਤਾ ਹੈ। ਸਤੰਬਰ ਦੇ ਮੁਕਾਬਲੇ ਇਸ ਸਾਲ ਦਸੰਬਰ ’ਚ ਯਾਤਰਾ ਲਈ ਕੰਪਨੀਆਂ ਕੁੱਝ ਅਹਿਮ ਮਾਰਗ ’ਤੇ ਦੁੱਗਣੇ ਤੋਂ ਵੱਧ ਕਿਰਾਇਆ ਵਸੂਲ ਰਹੀਆਂ ਹਨ। ਜਦ ਕਿ ਦੂਜੇ ਪਾਸੇ ਜਹਾਜ਼ਾਂ ਦੀ ਕਮੀ ਕਾਰਨ ਉਡਾਣਾਂ ਦੀ ਗਿਣਤੀ ਘਟਣ ਨਾਲ ਮੁਸਾਫਰ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
ਮੰਗ ਨਾਲ ਪ੍ਰਭਾਵਿਤ ਹੋਈਆਂ ਕੀਮਤਾਂ
ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਘਰੇਲੂ ਯਾਤਰੀਆਂ ਨੂੰ ਦਸੰਬਰ ਯਾਤਰਾ ਸੀਜ਼ਨ ’ਚ ਹਵਾਈ ਕਿਰਾਏ ਤੋਂ ਰਾਹਤ ਮਿਲਣ ਦੀ ਉਮੀਦ ਬਹੁਤ ਘੱਟ ਹੈ। ਕਲੀਅਰਟ੍ਰਿਪ ਦੇ ਬੁਲਾਰੇ ਨੇ ਕਿਹਾ ਕਿ ਸਰਦੀਆਂ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਅਕਤੂਬਰ ਅਤੇ ਦਸੰਬਰ ਦਰਮਿਆਨ ਹਵਾਈ ਕਿਰਾਇਆ ਪੀਕ ’ਤੇ ਹੁੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਸਾਲ ਕੀਮਤਾਂ ਵੱਧ ਮੰਗ ਕਾਰਨ ਪ੍ਰਭਾਵਿਤ ਹੋਈਆਂ ਹਨ ਕਿਉਂਕਿ ਜ਼ਿਆਦਾਤਰ ਲੋਕ ਮਹਾਮਾਰੀ ਕਾਰਨ ਦੋ ਸਾਲ ਦੇ ਫਰਕ ਤੋਂ ਬਾਅਦ ਆਪਣੀ ਛੁੱਟੀ ਦੀ ਯੋਜਨਾ ਬਣਾ ਰਹੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਹਵਾਈ ਟਿਕਟ ਮਹਿੰਗੀ ਹੋਣ ਦਾ ਇਕ ਪ੍ਰਮੁੱਖ ਕਾਰਨ ਜਹਾਜ਼ਾਂ ਦੀ ਕਮੀ ਹੈ, ਜਿਨ੍ਹਾਂ ’ਚੋਂ ਕੁੱਝ ਰੱਖ-ਰਖਾਅ ਅਤੇ ਇੰਜਣ ਨਾਲ ਸਬੰਧਤ ਮੁੱਦਿਆਂ ਕਾਰਨ ਬੰਦ ਹੋ ਗਏ ਹਨ।
ਕਿੱਥੋਂ ਦਾ ਕਿਰਾਇਆ ਕਿੰਨਾ ਵਧਿਆ
ਆਨਲਾਈਨ ਟਰੈਵਲ ਆਪ੍ਰੇਟਰ ਈਜੀਗੋ ਦੀ ਵੈੱਬਸਾਈਟ ਮੁਤਾਬਕ 21 ਤੋਂ 31 ਦਸੰਬਰ ਦਰਮਿਆਨ ਯਾਤਰਾ ਲਈ ਨਵੀਂ ਦਿੱਲੀ-ਮੁੰਬਈ ਮਾਰਗ ’ਤੇ ਕਿਰਾਇਆ ਦਸੰਬਰ ਲਈ ਵਧ ਕੇ 15 ਤੋਂ 20 ਹਜ਼ਾਰ ਰੁਪਏ ਹੋ ਗਿਆ ਜੋ ਪਹਿਲਾਂ ਕਰੀਬ 9 ਹਜ਼ਾਰ ਸੀ। ਯਾਨੀ ਇਸ ਮਾਰਗ ’ਤੇ ਕਿਰਾਏ ’ਚ ਕਰੀਬ ਦੁੱਗਣਾ ਵਾਧਾ ਹੋਇਆ ਹੈ। ਨਵੀਂ ਦਿੱਲੀ-ਗੋਆ ਮਾਰਗ ’ਤੇ 40 ਫੀਸਦੀ ਅਤੇ ਨਵੀਂ ਦਿੱਲੀ ਬੇਂਗਲੁਰੂ ਮਾਰਗ ’ਤੇ ਕੀਮਤਾਂ ’ਚ 15 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਉੱਥੇ ਹੀ ਬੇਂਗਲੁਰੂ-ਕੋਲਕਾਤਾ ਮਾਰਗ ’ਤੇ ਕਿਰਾਏ ’ਚ 44 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਘਟ ਰਹੀ ਹੈ ਜਹਾਜ਼ਾਂ ਦੀ ਗਿਣਤੀ
ਏਵੀਏਸ਼ਨ ਸਲਾਹਕਾਰ ਕੰਪਨੀ ਸੀ. ਏ. ਪੀ. ਏ. ਮੁਤਾਬਕ 75 ਤੋਂ ਵੱਧ ਜਹਾਜ਼ ਜਾਂ ਲਗਭਗ 10-12 ਫੀਸਦੀ ਬੇੜੇ ਨੂੰ ਰੋਕ ਦਿੱਤਾ ਗਿਆ ਹੈ ਜੋ ਪਹਿਲਾਂ ਤੋਂ ਹੀ ਪ੍ਰਤੀਕੂਲ ਲਾਗਤ ਵਾਲੇ ਮਾਹੌਲ ਦਰਮਿਆਨ ਭਾਰਤੀ ਏਅਰਲਾਈਨਜ਼ ਲਈ ਮੁਸ਼ਕਲਾਂ ਪੈਦਾ ਕਰ ਰਿਹਾ ਹੈ।
ਸੀ. ਏ. ਪੀ. ਏ. ਦਾ ਕਹਿਣਾ ਹੈ ਕਿ ਏਅਰਲਾਈਨ ਦੀ ਸਮਰੱਥਾ ਸਪਲਾਈ ਚੇਨ ਗੰਭੀਰ ਸੰਕਟ ਕਾਰਨ ਪ੍ਰਭਾਵਿਤ ਹੋਈ ਹੈ। ਸੰਸਥਾ ਨੇ ਇਹ ਵੀ ਕਿਹਾ ਕਿ ਇਹ ਸੰਕਟ ਅਗਲੇ ਵਿੱਤੀ ਸਾਲ ’ਚ ਦੇਖਣ ਨੂੰ ਮਿਲ ਸਕਦਾ ਹੈ। ਇਸ ਨਾਲ ਮੁਸਾਫਰਾਂ ਦੇ ਨਾਲ ਏਵੀਏਸ਼ਨ ਕੰਪਨੀਆਂ ਵੀ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।