ਇਨ੍ਹਾਂ ਕਾਰਾਂ ਦਾ ਹੈ ਸ਼ੌਂਕ, ਤਾਂ ਹੁਣ ਜੇਬ ਹੋਵੇਗੀ ਜ਼ਿਆਦਾ ਢਿੱਲੀ!

Monday, Aug 21, 2017 - 10:14 AM (IST)

ਇਨ੍ਹਾਂ ਕਾਰਾਂ ਦਾ ਹੈ ਸ਼ੌਂਕ, ਤਾਂ ਹੁਣ ਜੇਬ ਹੋਵੇਗੀ ਜ਼ਿਆਦਾ ਢਿੱਲੀ!

ਨਵੀਂ ਦਿੱਲੀ— ਹੁਣ ਐੱਸ. ਯੂ. ਵੀ. ਅਤੇ ਲਗਜ਼ਰੀ ਕਾਰਾਂ ਮਹਿੰਗੀਆਂ ਹੋ ਜਾਣਗੀਆਂ। ਇਨ੍ਹਾਂ ਕਾਰਾਂ ਦੀਆਂ ਕੀਮਤਾਂ ਜਾਂ ਤਾਂ ਜੀ. ਐੱਸ. ਟੀ. ਤੋਂ ਪਹਿਲਾਂ ਵਾਲੀਆਂ ਹੋ ਜਾਣਗੀਆਂ ਜਾਂ ਫਿਰ ਉਸ ਤੋਂ ਵੀ ਵਧ ਸਕਦੀਆਂ ਹਨ। ਦਰਅਸਲ, ਕੇਂਦਰ ਸਰਕਾਰ ਲਗਜ਼ਰੀ ਅਤੇ ਐੱਸ. ਯੂ. ਵੀ. ਕਾਰਾਂ 'ਤੇ ਸੈੱਸ ਵਧਾਉਣ ਲਈ ਆਰਡੀਨੈਂਸ ਲਿਆਉਣ ਦੀ ਤਿਆਰੀ ਕਰ ਰਹੀ ਹੈ। ਨਵੀਂ ਟੈਕਸ ਵਿਵਸਥਾ ਤੋਂ ਬਾਅਦ ਆਟੋਮੋਬਾਇਲ ਇੰਡਸਟਰੀ ਤੋਂ ਸਰਕਾਰ ਨੂੰ ਹੋਣ ਵਾਲੀ ਕਮਾਈ ਪ੍ਰਭਾਵਿਤ ਹੋਈ ਹੈ, ਜਿਸ ਦੇ ਮੱਦੇਨਜ਼ਰ ਸੈੱਸ ਵਧਾਇਆ ਜਾ ਰਿਹਾ ਹੈ। ਵਿੱਤ ਮੰਤਰਾਲੇ ਦੇ ਇਕ ਸੂਤਰ ਮੁਤਾਬਕ, ਜੀ. ਐੱਸ. ਟੀ. ਐਕਟ 2017 ਤਹਿਤ ਕਾਰਾਂ 'ਤੇ ਸੈੱਸ 'ਚ ਬਦਲਾਅ ਲਈ ਕੈਬਨਿਟ ਨੋਟ ਲਿਆਂਦਾ ਜਾ ਰਿਹਾ ਹੈ। 
ਜ਼ਿਕਰਯੋਗ ਹੈ ਕਿ 7 ਅਗਸਤ ਨੂੰ ਵਿੱਤ ਮੰਤਰਾਲੇ ਨੇ ਕਿਹਾ ਸੀ ਕਿ ਅਰੁਣ ਜੇਤਲੀ ਦੀ ਅਗਵਾਈ ਵਾਲੀ ਜੀ. ਐੱਸ. ਟੀ. ਪ੍ਰੀਸ਼ਦ ਨੇ ਕੇਂਦਰ ਸਰਕਾਰ ਨੂੰ ਸੈੱਸ ਵਧਾਉਣ ਲਈ ਕਾਨੂੰਨੀ ਸੋਧ ਕਰਨ ਦਾ ਪ੍ਰਸਤਾਵ ਦਿੱਤਾ ਹੈ, ਜਿਸ ਤਹਿਤ ਐੱਸ. ਯੂ. ਵੀ. ਕਾਰਾਂ 'ਤੇ ਮੌਜੂਦਾ 15 ਸੈੱਸ ਦੀ ਦਰ ਨੂੰ ਵਧਾ ਕੇ 25 ਫੀਸਦੀ ਕਰਨ ਦਾ ਕਿਹਾ ਗਿਆ ਹੈ। ਸੂਤਰ ਮੁਤਾਬਕ, ਆਰਡੀਨੈਂਸ ਪਾਸ ਹੋਣ ਤੋਂ ਬਾਅਦ ਹੀ ਪ੍ਰੀਸ਼ਦ ਇਹ ਫੈਸਲਾ ਕਰ ਸਕਦੀ ਹੈ ਕਿ ਸੈੱਸ 'ਚ ਕਿੰਨਾ ਕੁ ਵਾਧਾ ਕੀਤਾ ਜਾਵੇ। ਹਾਲਾਂਕਿ ਮੌਜੂਦਾ ਲਿਮਟ ਨੂੰ ਵਧਾ ਕੇ 25 ਫੀਸਦੀ ਕਰਨ ਦਾ ਪ੍ਰਸਤਾਵ ਹੈ। ਉੱਥੇ ਹੀ, ਐੱਸ. ਯੂ. ਵੀ. ਅਤੇ ਲਗਜ਼ਰੀ ਕਾਰ ਨਿਰਮਾਤਾਵਾਂ ਨੇ ਜੀ. ਐੱਸ. ਟੀ. ਪ੍ਰੀਸ਼ਦ ਦੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਇਸ ਕਦਮ ਕਾਰਨ ਉਤਪਾਦਨ ਘਟੇਗਾ ਤੇ ਨੌਕਰੀਆਂ 'ਤੇ ਵੀ ਅਸਰ ਪਵੇਗਾ। ਇਸ ਦੇ ਨਾਲ ਹੀ 'ਮੇਕ ਇਨ ਇੰਡੀਆ' ਮੁਹਿੰਮ ਨੂੰ ਵੀ ਝਟਕਾ ਲੱਗੇਗਾ।


Related News