ਵਿਸਤਾਰਾ, ਏਅਰ ਇੰਡੀਆ ਦੇ ਸੰਭਾਵਿਤ ਰਲੇਵੇਂ ਲਈ ਟਾਟਾ ਗਰੁੱਪ ਦੇ ਨਾਲ ਚਰਚਾ ਜਾਰੀ
Friday, Oct 14, 2022 - 05:40 PM (IST)
ਬਿਜ਼ਨੈੱਸ ਡੈਸਕ: ਸਿੰਗਾਪੁਰ ਏਅਰਲਾਈਨਜ਼ (SIA) ਨੇ ਵੀਰਵਾਰ ਨੂੰ ਸਿੰਗਾਪੁਰ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਕਿ ਉਹ ਵਿਸਤਾਰਾ-ਏਅਰ ਇੰਡੀਆ ਰਲੇਵੇਂ ਲਈ ਟਾਟਾ ਸੰਨਜ਼ ਨਾਲ ਗੱਲਬਾਤ ਕਰ ਰਹੀ ਹੈ। ਐੱਸ.ਆਈ.ਏ ਨੇ ਐਕਸਚੇਂਜ ਨੂੰ ਭੇਜੀ ਸੂਚਨਾ 'ਚ ਕਿਹਾ, "ਆਪਣੀ ਮਲਟੀ-ਹੱਬ ਰਣਨੀਤੀ ਦੇ ਹਿੱਸੇ ਵਜੋਂ, ਐੱਸ.ਆਈ.ਏ ਮੌਜੂਦਾ ਸਮੇਂ 'ਚ ਵਿਸਤਾਰਾ ਅਤੇ ਏਅਰ ਇੰਡੀਆ ਦੀਆਂ ਪ੍ਰਤੀਭੂਤੀਆਂ ਨੂੰ ਸਬੰਧਤ ਸੰਭਾਵਿਤ ਸੌਦਿਆਂ ਲਈ ਟਾਟਾ ਸੰਨਜ਼ ਨਾਲ ਗੁਪਤ ਤਰੀਕੇ ਨਾਲ ਗੱਲਬਾਤ ਕਰ ਰਹੀ ਹੈ।" ਗੱਲਬਾਤ 'ਚ SIA ਅਤੇ ਟਾਟਾ ਵਿਚਾਲੇ ਮੌਜੂਦਾ ਭਾਗੀਦਾਰੀ ਨੂੰ ਮਜ਼ਬੂਤ ਬਣਾਉਣ ਅਤੇ ਵਿਸਤਾਰਾ ਅਤੇ ਏਅਰ ਇੰਡੀਆ ਦੇ ਸੰਭਾਵਿਤ ਏਕੀਕਰਨ ਦੀਆਂ ਸੰਭਾਵਨਾਵਾਂ ਤਲਾਸੀਆਂ ਜਾ ਰਹੀਆਂ ਹਨ।
ਵਿਸਤਾਰਾ 'ਚ ਸਿੰਗਾਪੁਰ ਏਅਰਲਾਈਨਜ਼ ਦੀ 49 ਫ਼ੀਸਦੀ ਹਿੱਸੇਦਾਰੀ ਹੈ ਅਤੇ ਇਹ ਟਾਟਾ ਸਮੂਹ ਦੁਆਰਾ ਸੰਚਾਲਿਤ ਚਾਰ ਏਅਰਲਾਈਨਾਂ 'ਚੋਂ ਇਕ ਹੈ। ਗਰੁੱਪ ਦੀਆਂ ਹੋਰ ਏਅਰਲਾਈਨਾਂ 'ਚੋਂ ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ ਅਤੇ ਏਅਰਏਸ਼ੀਆ ਇੰਡੀਆ ਸ਼ਾਮਲ ਹਨ। ਜੂਨ 'ਚ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ.ਸੀ.ਆਈ) ਨੇ ਏਅਰ ਏਸ਼ੀਆ ਦੇ ਏਅਰ ਇੰਡੀਆ ਨਾਲ ਏਅਰ ਏਸ਼ੀਆ ਦੇ ਰਲੇਵੇਂ ਨੂੰ ਮਨਜ਼ੂਰੀ ਦਿੱਤੀ ਸੀ। ਇਸ ਰਲੇਵੇਂ ਲਈ ਨੈਸ਼ਨਲ ਕੰਪਨੀ ਵਿਧੀ ਪੰਚਾਟ (NCLT) ਦੀ ਮਨਜ਼ੂਰੀ ਦੀ ਵੀ ਲੋੜ ਹੋਵੇਗੀ। ਦੋਵੇਂ ਏਅਰਲਾਈਨਜ਼ ਦੇ ਮੌਜੂਦਾ ਅਧਿਕਾਰੀ ਰਲੇਵੇਂ ਨਾਲ ਜੁੜੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕਰ ਰਹੇ ਹਨ। ਇਸੇ ਤਰ੍ਹਾਂ ਟਾਟਾ ਗਰੁੱਪ ਅਤੇ ਐੱਸ.ਆਈ.ਏ ਨੇ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੋਵਾਂ ਪੱਖਾਂ ਵਲੋਂ ਸਟੇਕਸ 'ਤੇ ਫ਼ੈਸਲਾ ਏਕੀਕਰਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲਿਆ ਜਾਵੇਗਾ।
ਵਿੱਤੀ ਸਾਲ 22 'ਚ ਵਿਸਤਾਰਾ ਨੂੰ 5,226 ਕਰੋੜ ਰੁਪਏ ਦੇ ਰਾਜਸਵ 'ਤੇ 2,031 ਕਰੋੜ ਰੁਪਏ ਦਾ ਨੁਕਸਾਨ ਹੋਇਆ। ਦੂਜੇ ਪਾਸੇ, ਏਅਰ ਇੰਡੀਆ ਨੂੰ 19,815 ਕਰੋੜ ਰੁਪਏ ਦੇ ਰਾਜਸਵ 'ਤੇ 9,556 ਕਰੋੜ ਰੁਪਏ ਦਾ ਨੁਕਸਾਨ ਦਰਜ ਕੀਤਾ ਸੀ। ਜਿਥੇ SIA ਭਾਰਤ ਨੂੰ ਇਕ ਮਹੱਤਵਪੂਰਨ ਬਾਜ਼ਾਰ ਵਜੋਂ ਦੇਖਦੀ ਹੈ, ਟਾਟਾ ਸਮੂਹ ਏਅਰ ਇੰਡੀਆ ਨੂੰ ਆਪਣੇ ਹਵਾਬਾਜ਼ੀ ਕਾਰੋਬਾਰ ਦੀ ਮੁੱਖ ਏਅਰਲਾਈਨ ਬਣਾਉਣਾ ਚਾਹੁੰਦਾ ਹੈ। ਅਗਸਤ 'ਚ ਏਅਰ ਇੰਡੀਆ ਦੀ ਬਾਜ਼ਾਰ ਹਿੱਸੇਦਾਰੀ 8.4 ਫੀਸਦੀ ਸੀ।