DGCA ਦਾ ਨਵਾਂ ਹੁਕਮ, ਵਿਦੇਸ਼ੀ ਉਡਾਣਾਂ ਇਸ ਤਾਰੀਖ਼ ਤੱਕ ਲਈ ਰੱਦ

07/31/2020 6:20:56 PM

ਨਵੀਂ ਦਿੱਲੀ— ਕੋਰੋਨਾ ਕਾਲ 'ਚ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਸ਼ੁੱਕਰਵਾਰ ਨੂੰ ਕੌਮਾਂਤਰੀ ਉਡਾਣਾਂ ਰੱਦ ਰੱਖਣ ਦੀ ਘੋਸ਼ਣਾ ਕੀਤੀ ਹੈ।

ਡੀ. ਜੀ. ਸੀ. ਏ. ਮੁਤਾਬਕ, ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ 31 ਅਗਸਤ, 2020 ਤੱਕ ਸਾਰੀਆਂ ਕੌਮਾਂਤਰੀ ਉਡਾਣਾਂ ਮੁੱਅਤਲ ਰਹਿਣਗੀਆਂ। ਹਾਲਾਂਕਿ, ਇਹ ਹੁਕਮ ਉਨ੍ਹਾਂ ਉਡਾਣਾਂ 'ਤੇ ਲਾਗੂ ਨਹੀਂ ਹੋਵੇਗਾ, ਜੋ ਡੀ. ਜੀ. ਸੀ. ਏ. ਤੋਂ ਇਜਾਜ਼ਤ ਲੈ ਕੇ ਉਡਾਣ ਭਰ ਰਹੇ ਹਨ। ਹੁਕਮ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਪੂਰੇ ਸਮੇਂ ਦੌਰਾਨ ਵਿਦੇਸ਼ੀ ਏਅਰਲਾਈਨਾਂ ਨੂੰ 2500 ਤੋਂ ਜ਼ਿਆਦਾ ਉਡਾਣਾਂ ਦੀ ਇਜਾਜ਼ਤ ਮਿਲੀ ਹੋਈ ਹੈ, ਜਿਸ ਤਹਿਤ ਵਿਦੇਸ਼ਾਂ 'ਚ ਫਸੇ ਭਾਰਤੀ ਵਾਪਸ ਭਾਰਤ ਲਿਆਂਦੇ ਜਾਣਗੇ ਅਤੇ ਭਾਰਤ 'ਚ ਫਸੇ ਵਿਦੇਸ਼ੀਆਂ ਨੂੰ ਵਿਦੇਸ਼ ਲਿਜਾਇਆ ਜਾਵੇਗਾ।

ਵੰਦੇ ਭਾਰਤ ਮਿਸ਼ਨ ਤਹਿਤ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ 6 ਮਈ ਤੋਂ 30 ਜੁਲਾਈ 2020 ਤੱਕ ਵਿਦੇਸ਼ਾਂ 'ਚ ਫਸੇ 2,67,436 ਯਾਤਰੀਆਂ ਨੂੰ ਬਾਹਰ ਕੱਢਿਆ ਹੈ ਅਤੇ ਹੋਰ ਏਅਰਲਾਈਨਾਂ ਨੇ ਲਗਭਗ 4,86,811 ਫਸੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਲ 'ਤੇ ਪਹੁੰਚਾਇਆ ਹੈ। ਭਾਰਤ ਨੇ ਯਾਤਰੀਆਂ ਦੀ ਆਵਾਜਾਈ ਲਈ ਅਮਰੀਕਾ, ਫਰਾਂਸ ਅਤੇ ਜਰਮਨੀ ਨਾਲ ਹਵਾਈ ਬਬਲ ਸਮਝੌਤਾ ਵੀ ਕੀਤਾ ਹੈ।

ਹਾਲ ਹੀ 'ਚ ਕੁਵੈਤ ਨਾਲ ਵੀ ਟ੍ਰਾਂਸਪੋਰਟ ਬਬਲ ਸਮਝੌਤਾ ਕੀਤਾ ਗਿਆ ਹੈ, ਜਿਸ ਤਹਿਤ ਉੱਥੇ ਫਸੇ ਭਾਰਤੀਆਂ ਨੂੰ ਕੱਢਿਆ ਜਾਵੇਗਾ ਅਤੇ ਭਾਰਤ 'ਚ ਫਸੇ ਕੁਵੈਤ ਦੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਭੇਜਣ ਦੀ ਵਿਵਸਥਾ ਹੋਵੇਗੀ। ਡੀ. ਜੀ. ਸੀ. ਏ. ਨੇ ਕਿਹਾ ਹੈ ਕਿ ਅਜਿਹੇ ਹੀ ਸਮਝੌਤੇ ਕੀਤੇ ਜਾਂਦੇ ਰਹਿਣਗੇ, ਤਾਂ ਕਿ ਫਸੇ ਲੋਕਾਂ ਨੂੰ ਕੱਢਣਾ ਸੌਖਾ ਹੋ ਸਕੇ।


Sanjeev

Content Editor

Related News