DGCA ਵੱਲੋਂ ਇੰਡੀਗੋ ਨੂੰ PW ਇੰਜਣ ਬਦਲਣ ਲਈ 31 ਮਈ ਤਕ ਮਿਲੀ ਮੋਹਲਤ

01/13/2020 1:38:04 PM

ਨਵੀਂ ਦਿੱਲੀ— ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਇੰਡੀਗੋ ਨੂੰ ਵੱਡੀ ਰਾਹਤ ਦਿੱਤੀ ਹੈ। ਡੀ. ਜੀ. ਸੀ. ਏ. ਨੇ ਏਅਰਬੱਸ 320 ਨਿਓ 'ਚ ਪੁਰਾਣੇ ਪ੍ਰੈੱਟ ਐਂਡ ਵਿਟਨੀ (ਪੀ. ਡਬਲਿਊ.) ਇੰਜਣਾਂ ਨੂੰ ਬਦਲਣ ਦੀ ਆਖਰੀ ਤਰੀਕ 31 ਮਈ 2020 ਤੱਕ ਵਧਾ ਦਿੱਤੀ ਹੈ।

ਡਾਇਰੈਕਟੋਰੇਟ ਜਨਰਲ ਨੇ ਇਹ ਸਾਫ ਕੀਤਾ ਹੈ ਕਿ ਇਸ ਤੋਂ ਬਾਅਦ ਪੁਰਾਣਾ ਇੰਜਣ ਬਦਲੇ ਬਿਨਾਂ ਇੰਡੀਗੋ ਜਹਾਜ਼ਾਂ ਨੂੰ ਉਡਾਣ ਨਹੀਂ ਭਰਨ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਡੀ. ਜੀ. ਸੀ. ਏ. ਨੇ ਇੰਡੀਗੋ ਨੂੰ 31 ਜਨਵਰੀ 2020 ਤਕ ਇੰਜਣ ਬਦਲਣ ਦੀ ਮੋਹਲਤ ਦਿੱਤੀ ਸੀ।

ਹੁਣ 31 ਮਈ 2020 ਤੱਕ ਮੋਹਲਤ ਮਿਲਣ ਦਾ ਮਤਲਬ ਹੈ ਕਿ ਇੰਡੀਗੋ ਫਲਾਈਟਸ ਨੂੰ ਰੱਦ ਕੀਤੇ ਬਿਨਾਂ ਆਰਾਮ ਨਾਲ ਇੰਜਣ ਬਦਲਣ ਦਾ ਕੰਮ ਕਰ ਸਕੇਗੀ, ਜਿਸ ਨਾਲ ਹਵਾਈ ਮੁਸਾਫਰਾਂ ਨੂੰ ਭਾਰੀ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕਦਾ ਹੈ।
ਪੀ. ਡਬਲਿਊ. ਇੰਜਣ 'ਤੇ ਚੱਲਣ ਵਾਲੇ ਇੰਡੀਗੋ ਦੇ ਏਅਰਬੱਸ 320-ਨਿਓ ਜਹਾਜ਼ਾਂ 'ਚ ਲਗਾਤਾਰ ਖਰਾਬੀ ਸਾਹਮਣੇ ਆਉਣ ਮਗਰੋਂ ਡੀ. ਜੀ. ਸੀ. ਏ. ਨੇ ਪਿਛਲੇ ਸਾਲ ਨਵੰਬਰ ਦੇ ਸ਼ੁਰੂ ਇੰਡੀਗੋ ਨੂੰ ਜਨਵਰੀ ਅੰਤ ਤਕ ਸਾਰੇ ਜਹਾਜ਼ਾਂ 'ਚ ਪੀ. ਡਬਲਿਊ. ਇੰਜਣ ਬਦਲਣ ਦਾ ਹੁਕਮ ਦਿੱਤਾ ਸੀ। ਯੂਰਪੀ ਸੇਫਟੀ ਏਜੰਸੀ ਈ. ਏ. ਐੱਸ. ਏ. ਅਤੇ ਯੂ. ਐੱਸ. ਸੇਫਟੀ ਏਜੰਸੀ ਐੱਫ. ਏ. ਏ. ਨੇ ਵੀ ਦੇਸ਼ 'ਚ ਕੰਮ ਕਰ ਰਹੇ ਏਅਰਬੱਸ 320 ਨਿਓ ਲਈ ਇੰਜਣ ਬਦਲਣ ਦੇ ਹੁਕਮ ਜਾਰੀ ਕੀਤੇ ਹਨ। ਇੰਡੀਗੋ ਨੂੰ ਪਿਛਲੇ ਸਾਲ ਇੰਜਣ ਦੀ ਪ੍ਰੇਸ਼ਾਨੀ ਦੀਆਂ 13 ਘਟਨਾਵਾਂ ਦਾ ਸਾਹਮਣਾ ਕਰਨਾ ਪਿਆ, ਜਿਸ 'ਚ ਇਕੱਲੇ ਅਕਤੂਬਰ ਦੇ ਇਕ ਹਫਤੇ 'ਚ ਇਸ ਤਰ੍ਹਾਂ ਦੇ ਹੋਏ 4 ਮਾਮਲੇ ਵੀ ਸ਼ਾਮਲ ਹਨ।


Related News