ਲੋਕਲ ਤਾਲਾਬੰਦੀ ਕਾਰਨ ਪੈਟਰੋਲ, ਡੀਜ਼ਲ ਦੀ ਵਿਕਰੀ ਨੂੰ ਲੱਗਾ ਧੱਕਾ

09/10/2020 7:59:00 PM

ਨਵੀਂ ਦਿੱਲੀ— ਈਂਧਣ ਦੀ ਮੰਗ 'ਚ ਅਗਸਤ ਮਹੀਨੇ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਵੀਰਵਾਰ ਨੂੰ ਜਾਰੀ ਸਰਕਾਰੀ ਡਾਟਾ 'ਚ ਇਹ ਜਾਣਕਾਰੀ ਦਿੱਤੀ ਗਈ ਹੈ।

ਪੈਟਰੋਲੀਅਮ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਅਗਸਤ 'ਚ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ਪਿਛਲੇ ਮਹੀਨੇ ਦੀ ਤੁਲਨਾ 'ਚ 7.5 ਫੀਸਦੀ ਘੱਟ ਕੇ 1.43 ਕਰੋੜ ਟਨ ਰਹਿ ਗਈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੀ ਤੁਲਨਾ 'ਚ ਇਸ 'ਚ 16 ਫੀਸਦੀ ਦੀ ਗਿਰਾਵਟ ਆਈ ਹੈ। ਕੋਰੋਨਾ ਵਾਇਰਸ ਕਾਰਨ ਸਥਾਨਕ ਪੱਧਰ 'ਤੇ ਲੱਗੀ ਤਾਲਾਬੰਦੀ ਕਾਰਨ ਈਂਧਣ ਦੀ ਮੰਗ ਪ੍ਰਭਾਵਿਤ ਹੋਈ।

ਸਾਲ ਦੌਰਾਨ ਅਗਸਤ ਲਗਾਤਾਰ ਛੇਵਾਂ ਮਹੀਨਾ ਹੈ ਜਦੋਂ ਪੈਟੋਰਲੀਅਮ ਉਤਪਾਦਾਂ ਦੀ ਵਿਕਰੀ 'ਚ ਇਕ ਸਾਲ ਪਹਿਲਾਂ ਦੇ ਮੁਕਾਬਲੇ ਗਿਰਾਵਟ ਦਰਜ ਹੋਈ ਹੈ।

ਇਸ ਸਾਲ ਅਪ੍ਰੈਲ 'ਚ ਈਂਧਣ ਦੀ ਮੰਗ ਰਿਕਾਰਡ 48.6 ਫੀਸਦੀ ਦੀ ਗਿਰਾਵਟ ਨਾਲ 94 ਲੱਖ ਟਨ ਰਹੀ ਸੀ। ਉਸ ਸਮੇਂ ਸਰਕਾਰ ਨੇ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਰਾਸ਼ਟਰ ਪੱਧਰੀ ਲਾਕਡਾਊਨ ਲਗਾਇਆ ਸੀ। ਉਸ ਤੋਂ ਬਾਅਦ ਦੋ ਮਹੀਨਿਆਂ 'ਚ ਈਂਧਣ ਦੀ ਮੰਗ ਕੁਝ ਸੁਧਰੀ ਪਰ ਜੁਲਾਈ ਤੋਂ ਮਹੀਨਾਵਾਰ ਆਧਾਰ 'ਤੇ ਮੰਗ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਸਭ ਤੋਂ ਵੱਧ ਵਿਕਣ ਵਾਲੇ ਡੀਜ਼ਲ ਦੀ ਵਿਕਰੀ ਅਗਸਤ 'ਚ 12 ਫੀਸਦੀ ਘੱਟ ਕੇ 48.4 ਲੱਖ ਟਨ ਰਹਿ ਗਈ, ਜੋ ਜੁਲਾਈ 'ਚ 55.1 ਲੱਖ ਟਨ ਸੀ। ਸਾਲਾਨਾ ਆਧਾਰ 'ਤੇ ਇਸ ਦੀ ਵਿਕਰੀ 'ਚ 20.7 ਫੀਸਦੀ ਦੀ ਗਿਰਾਵਟ ਰਹੀ। ਇਸੇ ਤਰ੍ਹਾਂ ਪੈਟਰੋਲ ਦੀ ਵਿਕਰੀ ਸਾਲਾਨਾ ਆਧਾਰ 'ਤੇ 7.4 ਫੀਸਦੀ ਘੱਟ ਕੇ 23.8 ਲੱਖ ਟਨ ਰਹਿ ਗਈ। ਇਸ ਤੋਂ ਇਲਾਵਾ ਅਗਸਤ 'ਚ ਐੱਲ. ਪੀ. ਜੀ. ਵਿਕਰੀ ਸਾਲਾਨਾ ਆਧਾਰ 'ਤੇ 5 ਫੀਸਦੀ ਘੱਟ ਕੇ 22 ਲੱਖ ਟਨ ਰਹੀ।


Sanjeev

Content Editor

Related News