‘ਸਾਇਰਸ ਮਿਸਤਰੀ ਦੁਬਾਰਾ ਟਾਟਾ ਸੰਜ਼ ਦੇ ਚੇਅਰਮੈਨ ਬਣਨ ਦੇ ਚਾਹਵਾਨ ਨਹੀਂ’
Wednesday, Dec 25, 2019 - 10:20 AM (IST)

ਮੁੰਬਈ — ਸਾਇਰਸ ਮਿਸਤਰੀ ਦੁਬਾਰਾ ਟਾਟਾ ਸੰਜ਼ ਦੇ ਚੇਅਰਮੈਨ ਬਣਨ ਦੇ ਚਾਹਵਾਨ ਨਹੀਂ ਹਨ। ਸੂਤਰਾਂ ਦੇ ਹਵਾਲੇ ਨਾਲ ਅੱਜ ਇਹ ਜਾਣਕਾਰੀ ਮਿਲੀ ਹੈ। ਟਾਟਾ ਸੰਜ਼ ਦੇ ਬੋਰਡ ਨੇ 2016 ’ਚ ਅਵਿਸ਼ਵਾਸ ਪ੍ਰਸਤਾਵ ਜ਼ਰੀਏ ਮਿਸਤਰੀ ਨੂੰ ਚੇਅਰਮੈਨ ਅਹੁਦੇ ਤੋਂ ਹਟਾ ਦਿੱਤਾ ਸੀ। ਇਸ ਮਾਮਲੇ ’ਚ ਨੈਸ਼ਨਲ ਕੰਪਨੀ ਲਾਅ ਅਪੀਲੇ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਨੇ 18 ਦਸੰਬਰ ਨੂੰ ਮਿਸਤਰੀ ਦੇ ਪੱਖ ’ਚ ਫੈਸਲਾ ਦਿੰਦਿਆਂ ਉਨ੍ਹਾਂ ਦੀ ਫਿਰ ਤੋਂ ਬਹਾਲੀ ਦੇ ਹੁਕਮ ਦਿੱਤੇ ਸਨ। ਅਪੀਲੇ ਟ੍ਰਿਬਿਊਨਲ ਨੇ ਟਾਟਾ ਸੰਜ਼ ਨੂੰ ਪਬਲਿਕ ਤੋਂ ਪ੍ਰਾਈਵੇਟ ਕੰਪਨੀ ਬਣਾਉਣ ਦਾ ਫੈਸਲਾ ਪਲਟਣ ਦੇ ਹੁਕਮ ਵੀ ਦਿੱਤੇ ਹਨ। ਟਾਟਾ ਸੰਜ਼ ਨੂੰ ਅਪੀਲ ਲਈ 4 ਹਫਤੇ ਦਾ ਸਮਾਂ ਮਿਲਿਆ ਹੈ। ਪਿਛਲੇ ਸਾਲ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਟਾਟਾ ਸੰਜ਼ ਦੇ ਪੱਖ ’ਚ ਫੈਸਲਾ ਦਿੰਦਿਆਂ ਮਿਸਤਰੀ ਦੀਆਂ ਦਲੀਲਾਂ ਖਾਰਿਜ ਕੀਤੀਆਂ ਸਨ। ਮਿਸਤਰੀ ਨੇ ਫੈਸਲੇ ਨੂੰ ਅਪੀਲੇ ਟ੍ਰਿਬਿਊਨਲ ’ਚ ਚੁਣੌਤੀ ਦਿੱਤੀ ਸੀ।
ਟਾਟਾ ਸੰਜ਼-ਮਿਸਤਰੀ ਮਾਮਲੇ ’ਚ ਸੋਮਵਾਰ ਨੂੰ ਨਵਾਂ ਮੋੜ ਆਇਆ। ਰਜਿਸਟਰਾਰ ਆਫ ਕੰਪਨੀਜ਼ ਨੇ ਐੱਨ. ਸੀ. ਐੱਲ. ਏ. ਟੀ. ਦੇ ਫੈਸਲੇ ਤੋਂ ਗੈਰ-ਕਾਨੂੰਨੀ (ਇਲੀਗਲ) ਸ਼ਬਦ ਹਟਾਉਣ ਦੀ ਅਪੀਲ ਕੀਤੀ ਸੀ। ਟ੍ਰਿਬਿਊਨਲ ਨੇ ਟਾਟਾ ਸੰਜ਼ ਨੂੰ ਪਬਲਿਕ ਤੋਂ ਪ੍ਰਾਈਵੇਟ ਕੰਪਨੀ ’ਚ ਬਦਲਣ ਲਈ ਆਰ. ਓ. ਸੀ. ਦੀ ਮਨਜ਼ੂਰੀ ਦੇ ਫੈਸਲੇ ਨੂੰ ਗੈਰ-ਕਾਨੂੰਨੀ ਦੱਸਿਆ ਸੀ।