ਖਾਣੇ ’ਚ ਤੜਕੇ ਦਾ ਵਿਗੜਿਆ ਸਵਾਦ , ਇਸ ਸਾਲ ਜੀਰਾ 70 ਫੀਸਦੀ ਤੱਕ ਹੋਵੇਗਾ ਮਹਿੰਗਾ

Sunday, May 22, 2022 - 10:26 AM (IST)

ਖਾਣੇ ’ਚ ਤੜਕੇ ਦਾ ਵਿਗੜਿਆ ਸਵਾਦ , ਇਸ ਸਾਲ ਜੀਰਾ 70 ਫੀਸਦੀ ਤੱਕ ਹੋਵੇਗਾ ਮਹਿੰਗਾ

ਨਵੀਂ ਦਿੱਲੀ (ਇੰਟ.) – ਚਾਰੇ ਪਾਸੇ ਮਹਿੰਗਾਈ ਕਾਰਨ ਆਮ ਲੋਕ ਪ੍ਰੇਸ਼ਾਨ ਹਨ। ਪਿਛਲੇ 1 ਸਾਲ ’ਚ ਦੇਸ਼ ’ਚ ਹਰ ਚੀਜ਼ ਦੀ ਕੀਮਤ ’ਚ ਭਾਰੀ ਵਾਧਾ ਹੋਇਆ ਹੈ। ਇਨ੍ਹਾਂ ’ਚ ਜੀਰਾ ਵੀ ਸ਼ਾਮਲ ਹੈ। ਦੇਸ਼ ’ਚ ਇਸ ਮਸਾਲੇ ਦੀ ਵਿਆਪਕ ਵਰਤੋਂ ਹੁੰਦੀ ਹੈ। ਉੱਥੇ ਹੀ ਪੈਦਾਵਾਰ ’ਚ ਕਮੀ ਦਰਮਿਆਨ ਬਰਾਮਦ ਦੀ ਭਾਰੀ ਮੰਗ ਨੇ ਪਹਿਲਾਂ ਹੀ ਜੀਰੇ ਦੇ ਰੇਟ ਨੂੰ ਇਸ ਸਾਲ ਕਰੀਬ 70 ਫੀਸਦੀ ਤੱਕ ਵਧਾ ਦਿੱਤੀ ਹੈ। ਬਾਜ਼ਾਰ ਦੇ ਜਾਣਕਾਰਾਂ ਮੁਤਾਬਕ ਆਉਣ ਵਾਲੇ ਮਹੀਨਿਆਂ ’ਚ ਜੀਰਾ 20-25 ਫੀਸਦੀ ਹੋਰ ਮਹਿੰਗਾ ਹੋ ਸਕਦਾ ਹੈ।

ਭਾਰਤ ਦੁਨੀਆ ’ਚ ਜੀਰੇ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਅਜਿਹੇ ’ਚ ਭਾਰਤ ’ਚ ਜੀਰੇ ਦਾ ਘੱਟ ਉਤਪਾਦਨ ਹੋਣ ਕਾਰਨ ਦੁਨੀਆ ਭਰ ’ਚ ਇਸ ਦੀ ਕੀਮਤ ’ਚ ਵਾਧਾ ਹੋਣ ਦਾ ਖਦਸ਼ਾ ਹੈ। ਗੁਜਰਾਤ ਦੇ ਊਂਝਾ ’ਚ ਸਥਿਤ ਦੇਸ਼ ਦੀ ਸਭ ਤੋਂ ਵੱਡੀ ਜੀਰਾ ਮੰਡੀ ’ਚ 19 ਮਈ ਨੂੰ ਜੀਰੇ ਦੀ ਹਾਜ਼ਰ ਕੀਮਤ 195-225 ਰੁਪਏ ਪ੍ਰਤੀ ਕਿਲੋ ਸੀ, ਉੱਥੇ ਹੀ ਪਿਛਲੇ ਸਾਲ ਇਸੇ ਸਮੇਂ ਇਸ ਦੀ ਕੀਮਤ 140-160 ਰੁਪਏ ਸੀ। ਇਹੀ ਨਹੀਂ, ਸਫਾਈ, ਗ੍ਰੇਡਿੰਗ, ਪੈਕੇਜਿੰਗ ਆਦਿ ਤੋਂ ਬਾਅਦ ਰਿਟੇਲ ਮਾਰਕੀਟ ’ਚ ਜੀਰਾ ਕਰੀਬ 275 ਤੋਂ 300 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ :  AirIndia ਦੇ ਜਹਾਜ਼ ਦਾ ਇੰਜਣ ਹਵਾ ਵਿੱਚ ਹੋਇਆ ਬੰਦ, ਮੁੰਬਈ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ

ਇਸ ਸਾਲ ਮੰਡੀ ’ਚ ਘਟੀ ਆਮਦ

ਊਂਝਾ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ (ਏ. ਪੀ. ਐੱਮ. ਸੀ.) ਦੇ ਚੇਅਰਮੈਨ ਦਿਨੇਸ਼ ਪਟੇਲ ਮੁਤਾਬਕ ਮੰਡੀ ’ਚ ਇਸ ਸਾਲ ਘੱਟ ਜੀਰਾ ਆਇਆ ਹੈ। ਪਹਿਲਾਂ ਹਰ ਸਾਲ ਔਸਤਨ 80-90 ਲੱਖ ਬੋਰੀਆਂ (1 ਬੋਰੀ ’ਚ 55 ਕਿਲੋ) ਮੰਡੀ ’ਚ ਆਉਂਦੀਆਂ ਸਨ ਜਦ ਕਿ ਇਸ ਸਾਲ ਇਹ ਅੰਕੜਾ 50-55 ਲੱਖ ਬੋਰੀ ਤੱਕ ਰਹਿਣ ਦਾ ਅਨੁਮਾਨ ਹੈ। ਅਜਿਹੇ ’ਚ ਇਸ ਦੀ ਕੀਮਤ ਹੋਰ ਵਧ ਸਕਦੀ ਹੈ। ਦੱਸਿਆ ਜਾਂਦਾ ਹੈ ਕਿ ਕਿਸਾਨ ਹੁਣ ਜੀਰੇ ਦੀ ਥਾਂ ਜ਼ਿਆਦਾ ਮੁਨਾਫਾ ਦੇਣ ਵਾਲੀਆਂ ਫਸਲਾਂ ਦਾ ਰੁਖ ਕਰ ਰਹੇ ਹਨ।

ਦਿਨੇਸ਼ ਪਟੇਲ ਮੁਤਾਬਕ ਪਿਛਲੇ 3-4 ਸਾਲਾਂ ਤੋਂ ਜੀਰੇ ਦੀ ਕੀਮਤ 130 ਤੋਂ 150 ਰੁਪਏ ਪ੍ਰਤੀ ਕਿਲੋ ਦੀ ਰੇਜ਼ ’ਚ ਬਣੀ ਹੋਈ ਸੀ। ਅਜਿਹੀ ਸਥਿਤੀ ’ਚ ਕਿਸਾਨਾਂ ਨੇ ਇਸ ਵਾਰ ਹਾੜ੍ਹੀ ਸੀਜ਼ਨ ’ਚ ਵਧੇਰੇ ਮੁਨਾਫੇ ਲਈ ਜੀਰੇ ਦੀ ਥਾਂ ਸਰ੍ਹੋਂ, ਕਾਟਨ, ਮੂੰਗਫਲੀ, ਸੋਇਆਬੀਨ, ਧਨੀਆ ਵਰਗੀਆਂ ਦੂਜੀਆਂ ਫਸਲਾਂ ਦੀ ਖੇਤੀ ਕਾਰਨ ਚੁਣਿਆ। ਇਹੀ ਨਹੀਂ, ਇਸ ਸਾਲ ਮੌਸਮ ਵੀ ਜੀਰੇ ਦੀ ਫਸਲ ਲਈ ਅਨੁਕੂਲ ਨਹੀਂ ਰਿਹਾ, ਜਿਸ ਨਾਲ ਜੀਰੇ ਦੀ ਪੈਦਾਵਾਰ 25 ਫੀਸਦੀ ਤੋਂ ਵੱਧ ਘੱਟ ਹੋਈ।

ਇਹ ਵੀ ਪੜ੍ਹੋ : CBI ਨੇ ਦਰਜ ਕੀਤਾ ਆਮਰਪਾਲੀ ਖ਼ਿਲਾਫ਼ 230 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦਾ ਕੇਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News