ਕ੍ਰਿਪਟੋਕਰੰਸੀ ਵਿੱਤੀ ਸਥਿਰਤਾ ਲਈ ਬਹੁਤ ਵੱਡਾ ਜੋਖਮ : ਸ਼ਕਤੀਕਾਂਤ ਦਾਸ

Sunday, Oct 27, 2024 - 11:20 AM (IST)

ਵਾਸ਼ਿੰਗਟਨ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕ੍ਰਿਪਟੋਕਰੰਸੀ ਵਿੱਤੀ ਸਥਿਰਤਾ ਅਤੇ ਕਰੰਸੀ ਸਥਿਰਤਾ ਲਈ ਬਹੁਤ ਵੱਡਾ ਜੋਖਮ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ, ਜਿੱਥੇ ਕੇਂਦਰੀ ਬੈਂਕ ਅਰਥਵਿਵਸਥਾ ’ਚ ਕਰੰਸੀ ਸਪਲਾਈ ’ਤੇ ਕੰਟਰੋਲ ਗਵਾ ਦੇਵੇਗਾ।

ਦਾਸ ਨੇ ਕਿਹਾ,‘‘ਮੇਰਾ ਮੰਨਣਾ ਹੈ ਕਿ ਇਹ ਅਜਿਹੀ ਚੀਜ਼ ਹੈ, ਜਿਸ ਨੂੰ ਵਿੱਤੀ ਪ੍ਰਣਾਲੀ ’ਤੇ ਹਾਵੀ ਹੋਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਇਸ ’ਚ ਵਿੱਤੀ ਸਥਿਰਤਾ ਲਈ ਬਹੁਤ ਵੱਡਾ ਜੋਖਮ ਹੈ। ਇਸ ’ਚ ਕਰੰਸੀ ਸਥਿਰਤਾ ਲਈ ਬਹੁਤ ਵੱਡਾ ਜੋਖਮ ਹੈ। ਇਹ ਬੈਂਕਿੰਗ ਪ੍ਰਣਾਲੀ ਲਈ ਵੀ ਜੋਖਮ ਪੈਦਾ ਕਰਦਾ ਹੈ।’’

ਉਨ੍ਹਾਂ ਨੇ ਮੁੱਖ ਥਿੰਕ-ਟੈਂਕ ਪੀਟਰਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਇਕਨਾਮਿਕਸ ’ਚ ਕਿਹਾ ਕਿ ਇਹ ਅਜਿਹੀ ਸਥਿਤੀ ਵੀ ਪੈਦਾ ਕਰ ਸਕਦਾ ਹੈ, ਜਿੱਥੇ ਕੇਂਦਰੀ ਬੈਂਕ ਅਰਥਵਿਵਸਥਾ ’ਚ ਕਰੰਸੀ ਸਪਲਾਈ ’ਤੇ ਕੰਟਰੋਲ ਗਵਾ ਦੇਵੇਗਾ।

ਦਾਸ ਨੇ ਕਿਹਾ ਕਿ ਜੇਕਰ ਕੇਂਦਰੀ ਬੈਂਕ ਅਰਥਵਿਵਸਥਾ ’ਚ ਕਰੰਸੀ ਸਪਲਾਈ ’ਤੇ ਕੰਟਰੋਲ ਗਵਾ ਦੇਵੇਗਾ, ਤਾਂ ਪ੍ਰਣਾਲੀ ’ਚ ਉਪਲੱਬਧ ਨਕਦੀ ਦੀ ਜਾਂਚ ਕਿਵੇਂ ਹੋਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਸੰਕਟ ਦੇ ਸਮੇਂ ਕਰੰਸੀ ਸਪਲਾਈ ਨੂੰ ਕੰਟਰੋਲ ਕਰ ਕੇ ਕੇਂਦਰੀ ਬੈਂਕ ਮਹਿੰਗਾਈ ਨੂੰ ਕੰਟਰੋਲ ਕਰਦਾ ਹੈ, ਇਸ ਲਈ ਅਸੀਂ ਕ੍ਰਿਪਟੋ ਨੂੰ ਇਕ ਵੱਡੇ ਜੋਖਮ ਦੇ ਰੂਪ ’ਚ ਵੇਖਦੇ ਹਾਂ।

ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਇਸ ’ਤੇ ਅੰਤਰਰਾਸ਼ਟਰੀ ਸਮਝ ਬਣਨੀ ਚਾਹੀਦੀ ਹੈ ਕਿਉਂਕਿ ਇਸ ਦਾ ਸਰਹੱਦ ਪਾਰ ਲੈਣ-ਦੇਣ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ, ਸਾਨੂੰ ਕ੍ਰਿਪਟੋਕਰੰਸੀ ਦੇ ਮੂਲ ਨੂੰ ਸਮਝਣਾ ਹੋਵੇਗਾ। ਇਸ ਦਾ ਮੂਲ ਉਦੇਸ਼ ਸਿਸਟਮ ਨੂੰ ਬਾਈਪਾਸ ਕਰਨਾ ਸੀ। ਕ੍ਰਿਪਟੋਕਰੰਸੀ ’ਚ ਪੈਸੇ ਦੇ ਸਾਰੇ ਗੁਣ ਮੌਜੂਦ ਹਨ। ਮੂਲ ਸਵਾਲ ਇਹ ਹੈ ਕਿ ਕੀ ਅਸੀਂ ਪ੍ਰਾਧਿਕਾਰੀਆਂ ਦੇ ਰੂਪ ’ਚ, ਕੀ ਸਰਕਾਰਾਂ ਨਿੱਜੀ ਤੌਰ ’ਤੇ ਜਾਰੀ ਕੀਤੇ ਜਾਣ ਨੂੰ ਲੈ ਕੇ ਸਹਿਜ ਹਨ।

ਉਨ੍ਹਾਂ ਕਿਹਾ,‘‘ਭਾਰਤ ਕ੍ਰਿਪਟੋਕਰੰਸੀ ਬਾਰੇ ਸਵਾਲ ਚੁੱਕਣ ਵਾਲਾ ਪਹਿਲਾ ਦੇਸ਼ ਸੀ। ਭਾਰਤ ਦੀ ਪ੍ਰਧਾਨਗੀ ’ਚ ਜੀ20 ’ਚ ਇਸ ਪੂਰੇ ਕ੍ਰਿਪਟੋ ਇਕੋਸਿਸਟਮ ਨਾਲ ਨਿੱਬੜਨ ਦੇ ਸਬੰਧ ’ਚ ਇਕ ਅੰਤਰਰਾਸ਼ਟਰੀ ਸਮਝ ਵਿਕਸਿਤ ਕਰਨ ’ਤੇ ਇਕ ਸਮਝੌਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਕੁੱਝ ਤਰੱਕੀ ਹੋਈ ਹੈ।

ਮਹਿੰਗਾਈ ਦਾ ਖਤਰਾ ਬਰਕਰਾਰ

ਦਾਸ ਨੇ ਕਿਹਾ ਕਿ ਭਾਰਤੀ ਇਕਾਨਮੀ ’ਚ ਇਸ ਸਮੇਂ ਉਤਰਾਅ-ਚੜ੍ਹਾਅ ਜਾਰੀ ਹੈ। ਐੱਫ. ਆਈ. ਆਈ. ਦੇਸ਼ ਛੱਡ ਕੇ ਬਾਹਰ ਨਿਕਲ ਰਹੇ ਹਨ। ਇਸ ਦੌਰਾਨ ਪਿਛਲੇ ਕਈ ਦਿਨਾਂ ਤੋਂ ਸਟਾਕ ਮਾਰਕੀਟ ’ਚ ਵੀ ਭਾਰੀ ਗਿਰਾਵਟ ਵੇਖੀ ਜਾ ਰਹੀ ਹੈ। ਮਹਿੰਗਾਈ ਦਾ ਅੰਕੜਾ ਵੀ ਉੱਤੇ ਵੱਲ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਮਹਿੰਗਾਈ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਦੁਨੀਆ ’ਚ ਚੱਲ ਰਹੀਆਂ ਕਈ ਸਮੱਸਿਆਵਾਂ ਕਾਰਨ ਮਹਿੰਗਾਈ ’ਤੇ ਦਬਾਅ ਬਣਿਆ ਹੋਇਆ ਹੈ ਪਰ, ਦੇਸ਼ ’ਚ ਮਹਿੰਗਾਈ ਅਤੇ ਗ੍ਰੋਥ ਦੀ ਸਦਭਾਵਨਾ ਬਣੀ ਹੋਈ ਹੈ। ਭਾਰਤੀ ਇਕਾਨਮੀ ਮਜ਼ਬੂਤ ਸਥਿਤੀ ’ਚ ਹੈ। ਮਹਿੰਗਾਈ ’ਤੇ ਚਾਲੂ ਵਿੱਤੀ ਸਾਲ ਦੀ ਚੌਥੀ ਤਿਮਾਹੀ ਤੱਕ ਕੰਟਰੋਲ ਕਰ ਲਿਆ ਜਾਵੇਗਾ।


Harinder Kaur

Content Editor

Related News