ਬੈਂਕਾਂ ਦਾ ਕਰਜ਼ਾ 6.13 ਫ਼ੀਸਦੀ ਵਧਿਆ, ਜਮ੍ਹਾ ’ਚ 9 ਫ਼ੀਸਦੀ ਦਾ ਵਾਧਾ
Friday, Mar 13, 2020 - 12:48 AM (IST)
ਮੁੰਬਈ (ਭਾਸ਼ਾ)-ਬੈਂਕਾਂ ਦਾ ਕਰਜ਼ਾ 28 ਫਰਵਰੀ ਨੂੰ ਖ਼ਤਮ ਪੰਦਰਵਾੜੇ ’ਚ 6.13 ਫ਼ੀਸਦੀ ਵਧ ਕੇ 101.04 ਲੱਖ ਕਰੋਡ਼ ਰੁਪਏ ’ਤੇ ਪਹੁੰਚ ਗਿਆ। ਰਿਜ਼ਰਵ ਬੈਂਕ ਦੇ ਤਾਜ਼ਾ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਦੌਰਾਨ ਬੈਂਕਾਂ ’ਚ ਜਮ੍ਹਾ ਰਾਸ਼ੀ 9 ਫ਼ੀਸਦੀ ਵਧ ਕੇ 133.31 ਲੱਖ ਕਰੋਡ਼ ਰੁਪਏ ਰਹੀ। ਇਕ ਸਾਲ ਪਹਿਲਾਂ 1 ਮਾਰਚ, 2019 ਨੂੰ ਖ਼ਤਮ ਪੰਦਰਵਾੜੇ ਦੇ ਅੰਤ ’ਚ ਬੈਂਕਾਂ ਵੱਲੋਂ ਦਿੱਤਾ ਗਿਆ ਕਰਜ਼ਾ 95.20 ਲੱਖ ਕਰੋਡ਼ ਰੁਪਏ ਅਤੇ ਜਮ੍ਹਾ ਰਾਸ਼ੀ 122.30 ਲੱਖ ਕਰੋਡ਼ ਰੁਪਏ ਸੀ। ਇਸ ਤੋਂ ਪਹਿਲਾਂ ਯਾਨੀ 14 ਫਰਵਰੀ, 2020 ਨੂੰ ਖ਼ਤਮ ਪੰਦਰਵਾੜੇ ’ਚ ਬੈਂਕਾਂ ਦਾ ਕਰਜ਼ਾ 6.36 ਫ਼ੀਸਦੀ ਵਧ ਕੇ 100.41 ਲੱਖ ਕਰੋਡ਼ ਰੁਪਏ ਅਤੇ ਜਮ੍ਹਾ 9.2 ਫ਼ੀਸਦੀ ਵਧ ਕੇ 132.35 ਲੱਖ ਕਰੋਡ਼ ਰੁਪਏ ’ਤੇ ਸੀ। ਜਨਵਰੀ, 2020 ’ਚ ਬੈਂਕਾਂ ਦੀ ਕਰਜ਼ਾ ਵਾਧਾ ਦਰ ਘਟ ਕੇ 8.5 ਫ਼ੀਸਦੀ ਰਹੀ, ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 13.5 ਫ਼ੀਸਦੀ ਸੀ। ਸੇਵਾ ਖੇਤਰ ਨੂੰ ਕਰਜ਼ਾ ਘੱਟ ਰਹਿਣ ਨਾਲ ਕਰਜ਼ੇ ਦੀ ਵਾਧਾ ਦਰ ਘਟੀ ਸੀ।
ਇਸ ਦੌਰਾਨ ਸੇਵਾ ਖੇਤਰ ਨੂੰ ਕਰਜ਼ੇ ਦੀ ਵਾਧਾ ਦਰ 8.9 ਫ਼ੀਸਦੀ ਰਹੀ, ਜੋ ਜਨਵਰੀ, 2019 ’ਚ 23.9 ਫ਼ੀਸਦੀ ਰਹੀ ਸੀ। ਸਮੀਖਿਆ ਅਧੀਨ ਮਹੀਨੇ ’ਚ ਨਿੱਜੀ ਕਰਜ਼ੇ ਦੀ ਵਾਧਾ ਦਰ 16.9 ਫ਼ੀਸਦੀ ’ਤੇ ਸਥਿਰ ਰਹੀ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਨਿੱਜੀ ਕਰਜ਼ੇ ਤਹਿਤ ਘਰ ਲਈ ਕਰਜ਼ੇ ਦੀ ਵਾਧਾ ਦਰ 17.5 ਫ਼ੀਸਦੀ ਰਹੀ। ਸਾਲ ਪਹਿਲਾਂ ਦੀ ਇਸੇ ਮਿਆਦ ’ਚ ਘਰ ਲਈ ਕਰਜ਼ੇ ਦੀ ਵਾਧਾ ਦਰ 18.4 ਫ਼ੀਸਦੀ ਸੀ। ਉਥੇ ਹੀ ਸਿੱਖਿਆ ਕਰਜ਼ੇ ’ਚ 3.1 ਫ਼ੀਸਦੀ ਦੀ ਗਿਰਾਵਟ ਆਈ। ਜਨਵਰੀ, 2019 ’ਚ ਸਿੱਖਿਆ ਕਰਜ਼ਾ 2.3 ਫ਼ੀਸਦੀ ਘਟਿਆ ਸੀ। ਸਮੀਖਿਆ ਅਧੀਨ ਮਿਆਦ ’ਚ ਖੇਤੀਬਾੜੀ ਅਤੇ ਸਬੰਧਤ ਗਤੀਵਿਧੀ ਖੇਤਰ ਨੂੰ ਦਿੱਤੇ ਗਏ ਕਰਜ਼ੇ ਦੀ ਵਾਧਾ ਦਰ 6.5 ਫ਼ੀਸਦੀ ਰਹੀ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਸ ’ਚ 7.6 ਫ਼ੀਸਦੀ ਦਾ ਵਾਧਾ ਹੋਇਆ ਸੀ। ਇਸੇ ਤਰ੍ਹਾਂ ਉਦਯੋਗਾਂ ਨੂੰ ਦਿੱਤੇ ਗਏ ਕਰਜ਼ੇ ਦੀ ਵਾਧਾ ਦਰ ਘਟ ਕੇ 2.5 ਫ਼ੀਸਦੀ ’ਤੇ ਆ ਗਈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਸ ’ਚ 5.2 ਫ਼ੀਸਦੀ ਦਾ ਵਾਧਾ ਹੋਇਆ ਸੀ।