ਜਨਵਰੀ 2025 ’ਚ ਕ੍ਰੈਡਿਟ ਕਾਰਡ ਖਰਚ 10.8% ਵਧ ਕੇ 1.84 ਟ੍ਰਿਲੀਅਨ ਰੁਪਏ ਹੋ ਗਿਆ : RBI
Tuesday, Feb 25, 2025 - 12:34 PM (IST)

ਨੈਸ਼ਨਲ ਡੈਸਕ - ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜਨਵਰੀ 2025 ’ਚ ਕ੍ਰੈਡਿਟ ਕਾਰਡਾਂ 'ਤੇ ਖਰਚ ਸਾਲ-ਦਰ-ਸਾਲ 10.8 ਫੀਸਦੀ ਵਧ ਕੇ 1.84 ਟ੍ਰਿਲੀਅਨ ਰੁਪਏ ਹੋ ਗਿਆ, ਜਦੋਂ ਕਿ ਕ੍ਰਮਵਾਰ ਮਾਮੂਲੀ ਗਿਰਾਵਟ ਆਈ। ਮੋਹਰੀ ਕਾਰਡ ਜਾਰੀਕਰਤਾ HDFC ਬੈਂਕ ਦੇ ਕ੍ਰੈਡਿਟ ਕਾਰਡ ਖਰਚ ਸਾਲ-ਦਰ-ਸਾਲ 15.91 ਫੀਸਦੀ ਵਧ ਕੇ 50,664 ਕਰੋੜ ਰੁਪਏ ਹੋ ਗਏ। ਐੱਸ.ਬੀ.ਆਈ. ਦੇ ਖਰਚੇ ਸਾਲ-ਦਰ-ਸਾਲ 6 ਫੀਸਦੀ ਘਟ ਕੇ 28,976 ਕਰੋੜ ਰੁਪਏ ਹੋ ਗਏ, ਜਦੋਂ ਕਿ ਆਈ.ਸੀ. ਆਈ. ਸੀ. ਆਈ. ਬੈਂਕ ਦੇ ਖਰਚੇ ਸਾਲ-ਦਰ-ਸਾਲ 20.25 ਫੀਸਦੀ ਵਧ ਕੇ 35,682 ਕਰੋੜ ਰੁਪਏ ਹੋ ਗਏ। ਦੂਜੇ ਪਾਸੇ, ਐਕਸਿਸ ਬੈਂਕ ਦੇ ਖਰਚੇ 0.45 ਫੀਸਦੀ ਘੱਟ ਕੇ 20,212 ਕਰੋੜ ਰੁਪਏ ਰਹਿ ਗਏ।
ਉਦਯੋਗ ’ਚ ਪ੍ਰਤੀ ਕਾਰਡ ਖਰਚ 16,910 ਰੁਪਏ ਰਿਹਾ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 1.09 ਫੀਸਦੀ ਵੱਧ ਹੈ। HDFC ਬੈਂਕ ਦਾ ਪ੍ਰਤੀ ਕਾਰਡ ਖਰਚ ਸਾਲ-ਦਰ-ਸਾਲ 0.61 ਫੀਸਦੀ ਘਟ ਕੇ 21,609.93 ਰੁਪਏ, SBI ਕਾਰਡਸ ਦਾ ਸਾਲ-ਦਰ-ਸਾਲ 14.23 ਫੀਸਦੀ ਘਟ ਕੇ 14,147 ਰੁਪਏ ਅਤੇ ਐਕਸਿਸ ਬੈਂਕ ਦਾ 7.38 ਫੀਸਦੀ ਘਟ ਕੇ 13,673.41 ਰੁਪਏ ਰਹਿ ਗਿਆ। ਵੱਡੇ ਕਾਰਡ ਜਾਰੀਕਰਤਾਵਾਂ ’ਚੋਂ, ਸਿਰਫ਼ ਆਈ.ਸੀ. ਆਈ. ਸੀ. ਆਈ. ਬੈਂਕ ਨੇ ਪਿਛਲੇ ਸਾਲ ਦੇ ਮੁਕਾਬਲੇ ਪ੍ਰਤੀ ਕਾਰਡ ਖਰਚ ’ਚ 11.69 ਫੀਸਦੀ ਦਾ ਵਾਧਾ ਦਰਜ ਕੀਤਾ ਹੈ ਜੋ ਕਿ 19,730.81 ਰੁਪਏ ਹੋ ਗਿਆ ਹੈ।
ਅੰਕੜਿਆਂ ਤੋਂ ਪਤਾ ਚੱਲਿਆ ਕਿ ਦਸੰਬਰ 2023 ਦੇ ਮੁਕਾਬਲੇ ਜਨਵਰੀ ’ਚ ਕ੍ਰੈਡਿਟ ਕਾਰਡ ਜਾਰੀ ਕਰਨ ਵਾਲਿਆਂ ਦੀ ਗਿਣਤੀ ’ਚ ਵੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਇਸ ਮਹੀਨੇ ਕੁੱਲ ਜੋੜੇ ਗਏ ਕਾਰਡ 8,17,279 ਰਹੇ, ਜਦੋਂ ਕਿ ਦਸੰਬਰ 2024 ’ਚ ਜੋੜੇ ਗਏ 8,20,000 ਕਾਰਡ ਸਨ। ਜਨਵਰੀ ’ਚ, ਕਾਰਡਾਂ ਦੀ ਕੁੱਲ ਗਿਣਤੀ ਸਾਲ-ਦਰ-ਸਾਲ 9.4 ਫੀਸਦੀ ਵਧ ਕੇ 108.87 ਮਿਲੀਅਨ ਹੋ ਗਈ। ਪ੍ਰਮੁੱਖ ਕ੍ਰੈਡਿਟ ਕਾਰਡ ਜਾਰੀਕਰਤਾ HDFC ਬੈਂਕ ਨੇ ਜਨਵਰੀ ’ਚ 2,99,761 ਕਾਰਡ ਜੋੜੇ। ਇਸੇ ਤਰ੍ਹਾਂ, SBI ਕਾਰਡਾਂ ਨੇ 2,34,537 ਕਾਰਡ ਜੋੜੇ ਅਤੇ ICICI ਬੈਂਕ ਨੇ 1,83,157 ਕਾਰਡ ਜੋੜੇ। ਐਕਸਿਸ ਬੈਂਕ ਦੇ ਕੁੱਲ ਕਾਰਡ ਜੋੜਾਂ ’ਚ ਮਹੀਨੇ ਦੌਰਾਨ 14,862 ਦੀ ਗਿਰਾਵਟ ਆਈ।