ਖੁਦਰਾ ਦੁਕਾਨਦਾਰਾਂ ''ਤੇ ਕੋਰੋਨਾ ਦੀ ਤੀਜੀ ਲਹਿਰ ਦੀ ਮਾਰ
Saturday, Jan 15, 2022 - 05:56 PM (IST)
ਬਿਜਨੈੱਸ ਡੈਸਕ- ਕੋਵਿਡ-19 ਦੀ ਤੀਜੀ ਲਹਿਰ ਨਾਲ ਟਿਕਾਊ ਖਪਤਕਾਰ ਉਤਪਾਦ ਅਤੇ ਪੈਕੇਟਬੰਦ ਵਸਤੂਆਂ ਦੇ ਖੁਦਰਾ ਦੁਕਾਨਦਾਰਾਂ ਅਤੇ ਦੋਪਹੀਆ ਵਾਹਨ ਡੀਲਰਾਂ 'ਤੇ ਮਾੜਾ ਅਸਰ ਪੈ ਰਿਹਾ ਹੈ ਪਰ ਈ-ਕਾਮਰਸ ਕੰਪਨੀਆਂ ਤਗੜੀ ਕਮਾਈ ਕਰ ਰਹੀਆਂ ਹਨ। ਅੱਗੇ ਅਨਿਸ਼ਚਿਤਤਾ ਅਤੇ ਲਗਾਤਾਰ ਮਹਿੰਗਾਈ ਤੋਂ ਚਿਤਿੰਤ ਖਪਤਕਾਰ ਗੈਰ-ਜ਼ਰੂਰੀ ਚੀਜ਼ਾਂ ਦੀ ਖਰੀਦ ਘਟਾ ਰਹੇ ਹਨ ਪਰ ਕਰਿਆਨਾ, ਦਵਾਈ, ਕੋਵਿਡ ਜਾਂਚ ਕਿੱਟ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਖੂਬ ਖਰੀਦਾਰੀ ਕਰ ਰਹੇ ਹਨ।
ਗੋਦਰੇਜ਼ ਇੰਪਲਾਇਸੇਜ਼ ਦੇ ਕਾਰੋਬਾਰੀ ਪ੍ਰਮੁੱਖ ਅਤੇ ਕਾਰਜਕਾਰੀ ਉਪ ਪ੍ਰਧਾਨ ਕਮਲ ਨੰਦੀ ਨੇ ਕਿਹਾ ਕਿ ਤੀਜੀ ਤਿਮਾਹੀ 'ਚ ਤਿਉਹਾਰੀ ਸੀਜ਼ਨ ਹੋਣ ਦੇ ਬਾਵਜੂਦ ਖੇਤਰ ਦੇ ਮਾਤਰਾਤਮਕ ਵਿੱਕਰੀ 20 ਤੋਂ 25 ਫੀਸਦੀ ਘਟੀ ਹੈ ਅਤੇ ਕੀਮਤ ਦੇ ਲਿਹਾਜ਼ ਨਾਲ ਵੀ ਵਿੱਕਰੀ 'ਚ 5 ਤੋਂ 10 ਫੀਸਦੀ ਗਿਰਾਵਟ ਆਈ ਹੈ। ਇਹ ਸਥਿਤੀ ਉਦੋਂ ਹੈ ਜਦੋਂ ਕੰਪਨੀਆਂ ਨੇ ਕੀਮਤਾਂ 'ਚ 15 ਤੋਂ 16 ਫੀਸਦੀ ਵਾਧਾ ਕੀਤਾ ਸੀ। ਨੰਦੀ ਨੇ ਕਿਹਾ ਕਿ ਲੋਕਾਂ ਨੇ ਇਸ ਸਾਲ ਗੈਰ-ਜ਼ਰੂਰੀ ਚੀਜ਼ਾਂ 'ਤੇ ਖਰਚ ਨਹੀਂ ਕੀਤਾ ਅਤੇ ਅਰਥਵਿਵਸਥਾ 'ਚ ਮਹਿੰਗਾਈ ਨਾਲ ਰੁਝਾਣ ਕਮਜ਼ੋਰ ਬਣਿਆ ਹੋਇਆ ਹੈ। ਖਪਤਕਾਰਾਂ ਨੇ ਜ਼ਿਆਦਾਤਰ ਖਰਚ ਜ਼ਰੂਰੀ ਚੀਜ਼ਾਂ 'ਤੇ ਕੀਤਾ ਹੈ ਅਤੇ ਉਨ੍ਹਾਂ ਦਾ ਗੈਰ-ਜ਼ਰੂਰੀ ਚੀਜ਼ਾਂ 'ਤੇ ਖਰਚ ਨੂੰ ਲੈ ਕੇ ਰੁਝਾਣ ਸੁਸਤ ਰਿਹਾ ਹੈ।
ਸਨੈਪਬਿਜ਼ ਦੇ ਮੁੱਖ ਕਾਰਜਕਾਰੀ ਪ੍ਰੇਮ ਕੁਮਾਰ ਨੇ ਕਿਹਾ ਕਿ ਘਰ ਦਾ ਬਜਟ ਘੱਟ ਹੋਣ ਨਾਲ ਜ਼ਰੂਰੀ ਚੀਜ਼ਾਂ 'ਚੋਂ ਵੀ ਸਸਤੇ ਵਿਕਲਪਾਂ ਦਾ ਆਕਰਸ਼ਣ ਵਧ ਰਿਹਾ ਹੈ। ਨਤੀਜਤਨ ਛੋਟੇ ਕਰਿਆਨਾ ਦੁਕਾਨਦਾਰ ਖੇਤਰੀ ਬ੍ਰਾਂਡਾਂ ਦਾ ਜ਼ਿਆਦਾ ਸਟਾਕ ਕਰ ਰਹੇ ਹਨ। ਕੁਮਾਰ ਨੇ ਕਿਹਾ ਕਿ ਪਰਿਵਾਰ ਨੇ ਖਰਚ ਘਟਾ ਦਿੱਤਾ ਹੈ ਅਤੇ ਇਹ ਸਸਤੇ ਵਿਕਲਪ ਆਪਣਾ ਰਹੇ ਹਨ। ਸਨੈਪਬਿਜ਼ ਦੇਸ਼ ਭਰ 'ਚ ਕਰਿਆਨਾ ਦੁਕਾਨਾਂ ਲਈ ਡਿਜੀਟਲ ਹੱਲ ਮੁਹੱਈਆ ਕਰਵਾਉਂਦੀ ਹੈ।
ਕੋਵਿਡ ਦੀ ਵਜ੍ਹਾ ਨਾਲ ਲਗਾਈਆਂ ਪਾਬੰਦੀਆਂ ਦੇ ਕਾਰਨ ਖਪਤਕਾਰ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਹਨ, ਜਿਸ ਨਾਲ ਈ-ਕਾਮਰਸ ਕੰਪਨੀਆਂ ਦਾ ਕਾਰੋਬਾਰ ਵਧਿਆ ਹੈ। ਫਲਿਪਕਾਰਟ ਦੇ ਇਕ ਬੁਲਾਰੇ ਨੇ ਕਿਹਾ ਕਿ ਕੰਪਨੀ ਨੇ ਪਿਛਲੇ 12 ਦਿਨਾਂ ਤੋਂ ਸਿਹਤ ਸਬੰਧੀ ਜਾਂਚ ਕਿੱਟ, ਆਕਸੀਜਨ, ਡਿਜੀਟਲ ਥਰਮਾਮੀਟਰ ਅਤੇ ਕਰਿਆਨਾ ਦੀ ਮੰਗ 'ਚ ਮੁੱਖ ਵਾਧਾ ਦਰਜ ਕੀਤਾ ਹੈ। ਬੁਲਾਰੇ ਨੇ ਕਿਹਾ ਕਿ ਇਸ ਮਿਆਦ 'ਚ ਆਕਸੀਮੀਟਰ ਦੀ ਮੰਗ 'ਚ 3.5 ਗੁਣਾ ਅਤੇ ਸਿਹਤ ਸਬੰਧੀ ਜਾਂਚ ਕਿੱਟ ਦੀ ਮੰਗ 'ਚ 22 ਗੁਣਾ ਵਾਧਾ ਹੋਇਆ ਹੈ, ਜਦਕਿ ਕਰਿਆਨਾ 'ਚ 1.6 ਗੁਣਾ ਵਾਧਾ ਰਿਹਾ ਹੈ।