ਕੋਰੋਨਾ ਤੇ ਆਰਥਿਕ ਅੰਕੜਿਆਂ ਨਾਲ ਤੈਅ ਹੋਵੇਗੀ ਸ਼ੇਅਰ ਬਾਜ਼ਾਰ ਦੀ ਦਿਸ਼ਾ

Sunday, Apr 12, 2020 - 06:09 PM (IST)

ਕੋਰੋਨਾ ਤੇ ਆਰਥਿਕ ਅੰਕੜਿਆਂ ਨਾਲ ਤੈਅ ਹੋਵੇਗੀ ਸ਼ੇਅਰ ਬਾਜ਼ਾਰ ਦੀ ਦਿਸ਼ਾ

ਮੁੰਬਈ- ਘਰੇਲੂ ਸ਼ੇਅਰ ਬਾਜ਼ਾਰ ਵਿਚ ਬੀਤੇ ਹਫਤੇ ਤਕਰੀਬਨ 13 ਫੀਸਦੀ ਦੀ ਤੇਜ਼ੀ ਰਹੀ ਅਤੇ ਆਉਣ ਵਾਲੇ ਹਫਤੇ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਦੇ ਨਾਲ ਹੀ ਪ੍ਰਚੂਨ ਅਤੇ ਥੋਕ ਮਹਿੰਗਾਈ ਦੇ ਅੰਕੜਿਆਂ ਨਾਲ ਬਾਜ਼ਾਰ ਨੂੰ ਦਿਸ਼ਾ ਮਿਲੇਗੀ। 
ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਵਿਚਕਾਰ ਉਦਯੋਗਾਂ ਨੂੰ ਸਰਕਾਰ ਤੋਂ ਹੋਰ ਰਾਹਤ ਦੀ ਉਮੀਦ ਹੈ। ਉੱਥੇ ਹੀ ਲਾਕਡਾਊਨ ਅੱਗੇ ਵਧਾਉਣ ਜਾਂ ਨਾ ਵਧਾਉਣ ਦੇ ਫੈਸਲੇ 'ਤੇ ਵੀ ਨਿਵੇਸ਼ਕਾਂ ਦੀ ਨਜ਼ਰ ਹੋਵੇਗੀ। ਪੂਰੇ ਦੇਸ਼ ਵਿਚ ਲਾਕਡਾਊਨ 25 ਮਾਰਚ ਤੋਂ ਸ਼ੁਰੂ ਹੋਇਆ ਸੀ। ਮਾਰਚ ਦੇ ਮਹਿੰਗਾਈ ਦੇ ਅੰਕੜੇ ਇਸ ਹਫਤੇ ਜਾਰੀ ਹੋਣ ਵਾਲੇ ਹਨ। ਇਨ੍ਹਾਂ ਤੋਂ ਇਹ ਵੀ ਪਤਾ ਲੱਗੇਗਾ ਕਿ ਜ਼ਰੂਰੀ ਸਮਾਨ ਦੀਆਂ ਕੀਮਤਾਂ ਦੀ ਕੀ ਸਥਿਤੀ ਹੈ, ਹਾਲਾਂਕਿ ਮਾਰਚ ਮਹੀਨੇ ਵਿਚ ਲਾਕਡਾਊਨ ਸਿਰਫ ਆਖਰੀ ਹਫਤੇ ਹੀ ਰਿਹਾ ਸੀ।

ਪਿਛਲੇ ਹਫਤੇ ਬੀ. ਐੱਸ. ਈ. ਦਾ ਸੈਂਸੈਕਸ 3,568.67 ਅੰਕ ਯਾਨੀ 12.93 ਫੀਸਦੀ ਵੱਧ ਕੇ ਹਫਤੇ ਦੇ ਆਖੀਰ ਵਿਚ 31,159.62 ਅੰਕ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 1,028.10 ਅੰਕ ਯਾਨੀ 12.72 ਫੀਸਦੀ ਦੀ ਮਜਬੂਤੀ ਨਾਲ 9,111.90 ਅੰਕ 'ਤੇ ਪੁੱਜ ਗਿਆ। ਸੋਮਵਾਰ ਨੂੰ ਮਹਾਵੀਰ ਜਯੰਤੀ ਤੇ ਸ਼ੁੱਕਰਵਾਰ ਨੂੰ ਗੁੱਡ ਫਰਾਈਡੇ ਕਾਰਨ ਬਾਜ਼ਾਰ ਵਿਚ ਛੁੱਟੀ ਰਹੀ। ਬਾਕੀ ਤਿੰਨ ਦਿਨਾਂ ਵਿਚ ਮੰਗਲਵਾਰ ਅਤੇ ਵੀਰਵਾਰ ਨੂੰ ਚੰਗੀ ਮਜਬੂਤੀ ਦੇਖੀ ਗਈ, ਜਦਕਿ ਬੁੱਧਵਾਰ ਨੂੰ ਮਾਮੂਲੀ ਗਿਰਾਵਟ ਆਈ। ਦਰਮਿਆਨੀ ਅਤੇ ਛੋਟੀਆਂ ਕੰਪਨੀਆਂ ਵਿਚ ਨਿਵੇਸ਼ਕ ਵਿਅਸਤ ਰਹੇ। ਹਫਤੇ ਦੌਰਾਨ ਬੀ. ਐੱਸ. ਈ. ਦਾ ਮਿਡਕੈਪ 11.31 ਫੀਸਦੀ ਦੀ ਤੇਜ਼ੀ ਨਾਲ 11,374.35 ਅੰਕ 'ਤੇ ਅਤੇ ਸਮਾਲਕੈਪ 9.40 ਫੀਸਦੀ ਚੜ੍ਹ ਕੇ 10,293.75 ਅੰਕ 'ਤੇ ਬੰਦ ਹੋਇਆ।


author

Sanjeev

Content Editor

Related News