ਹਾਈਬ੍ਰਿਡ ਗੱਡੀਆਂ ਨੂੰ ਲੈ ਕੇ ਨਵੀਂ ਪਾਲਿਸੀ ਨਾਲ ਕੰਪਨੀਆਂ ’ਚ ਹੜਕੰਪ ; ਪੱਤਰ ਲਿਖ ਕੇ ਕੀਤਾ ਵਿਰੋਧ

Saturday, May 31, 2025 - 04:13 PM (IST)

ਹਾਈਬ੍ਰਿਡ ਗੱਡੀਆਂ ਨੂੰ ਲੈ ਕੇ ਨਵੀਂ ਪਾਲਿਸੀ ਨਾਲ ਕੰਪਨੀਆਂ ’ਚ ਹੜਕੰਪ ; ਪੱਤਰ ਲਿਖ ਕੇ ਕੀਤਾ ਵਿਰੋਧ

ਨਵੀਂ ਦਿੱਲੀ, 30 ਮਈ (ਇੰਟ.)-ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਜ਼, ਜੇ. ਐੱਸ. ਡਬਲਿਊ. ਐੱਮ. ਜੀ. ਮੋਟਰ, ਹੁੰਡਈ ਅਤੇ ਕੀਆ ਵਰਗੀਆਂ ਭਾਰਤ ਦੀਆਂ ਵੱਡੀਆਂ ਆਟੋ ਕੰਪਨੀਆਂ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ’ਚ ਸਰਕਾਰੀ ਗੱਡੀਆਂ ਲਈ ਹਾਈਬ੍ਰਿਡ ਵਾਹਨਾਂ ਨੂੰ ਉਤਸ਼ਾਹ ਦੇਣ ਦੇ ਫੈਸਲੇ ਦਾ ਵਿਰੋਧ ਕਰ ਰਹੀਆਂ ਹਨ। ਇਹ ਕੰਪਨੀਆਂ ਚਾਹੁੰਦੀਆਂ ਹਨ ਕਿ ਸਰਕਾਰ ਸਿਰਫ ਇਲੈਕਟ੍ਰਿਕ ਵਾਹਨਾਂ (ਈ. ਵੀ.) ਨੂੰ ਤਰਜੀਹ ਦੇਵੇ। ਇਨ੍ਹਾਂ ਕੰਪਨੀਆਂ ਨੇ ਭਾਰੀ ਉਦਯੋਗ ਮੰਤਰਾਲਾ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਹਾਈਬ੍ਰਿਡ ਗੱਡੀਆਂ ਨੂੰ ਇਲੈਕਟ੍ਰਿਕ ਗੱਡੀਆਂ ਦੇ ਬਰਾਬਰ ਮੰਨਣਾ ਗਲਤ ਹੈ ਅਤੇ ਇਸ ਨਾਲ ਈ. ਵੀ. ਦੀ ਵਿਕਰੀ ਅਤੇ ਨਿਵੇਸ਼ ’ਤੇ ਬੁਰਾ ਅਸਰ ਪਵੇਗਾ।

2 ਮਈ ਨੂੰ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀ. ਏ. ਕਿਊ. ਐੱਮ.) ਨੇ ਇਕ ਐਡਵਾਈਜ਼ਰੀ ਜਾਰੀ ਕੀਤੀ ਸੀ, ਜਿਸ ’ਚ ਹਾਈਬ੍ਰਿਡ ਗੱਡੀਆਂ ਨੂੰ ‘ਸਵੱਛ ਵਾਹਨ’ ਦੱਸਿਆ ਗਿਆ ਅਤੇ ਸਰਕਾਰੀ ਬੇੜੇ ’ਚ ਇਨ੍ਹਾਂ ਦੀ ਵਰਤੋਂ ਦੀ ਸਿਫਾਰਸ਼ ਕੀਤੀ ਗਈ। ਇਹ ਫੈਸਲਾ ਆਟੋ ਕੰਪਨੀਆਂ ਲਈ ਹੈਰਾਨ ਕਰਨ ਵਾਲਾ ਸੀ। ਕਮਿਸ਼ਨ ਦਾ ਕਹਿਣਾ ਹੈ ਕਿ ਦਿੱਲੀ ’ਚ ਗੱਡੀਆਂ ਦੀ ਭਾਰੀ ਭੀੜ ਕਾਰਨ ਪੈਟਰੋਲ-ਡੀਜ਼ਲ ਵਰਗੇ ਈਂਧਨ ਨਾਲ ਚੱਲਣ ਵਾਲੀਆਂ ਗੱਡੀਆਂ ਨੂੰ ਘੱਟ ਕਰਨਾ ਜ਼ਰੂਰੀ ਹੈ ਪਰ ਮਹਿੰਦਰਾ ਅਤੇ ਟਾਟਾ ਵਰਗੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਹਾਈਬ੍ਰਿਡ ਗੱਡੀਆਂ ਵੀ ਈਂਧਨ ’ਤੇ ਨਿਰਭਰ ਹਨ, ਜਦੋਂ ਕਿ ਇਲੈਕਟ੍ਰਿਕ ਗੱਡੀਆਂ ਪੂਰੀ ਤਰ੍ਹਾਂ ਪ੍ਰਦੂਸ਼ਣ-ਮੁਕਤ ਹਨ।

ਪਾਲਿਸੀ ’ਚ ਉਲਝਣ ਕਾਰਨ ਨੁਕਸਾਨ

ਕੰਪਨੀਆਂ ਦਾ ਕਹਿਣਾ ਹੈ ਕਿ ਹਾਈਬ੍ਰਿਡ ਨੂੰ ਉਤਸ਼ਾਹ ਦੇਣ ਨਾਲ ਸਰਕਾਰ ਦੀ ਆਪਣੀ ਪਾਲਿਸੀ ਕਮਜ਼ੋਰ ਹੋਵੇਗੀ, ਜੋ ਸਿਰਫ ਈ. ਵੀ. ਨੂੰ ਉਤਸ਼ਾਹ ਦਿੰਦੀ ਹੈ। 2022 ’ਚ ਭਾਰਤ ’ਚ ਸਰਕਾਰੀ ਏਜੰਸੀਆਂ ਕੋਲ 8,47,544 ਗੱਡੀਆਂ ਸਨ, ਜਿਨ੍ਹਾਂ ’ਚੋਂ ਸਿਰਫ 5,384 ਭਾਵ 1 ਫ਼ੀਸਦੀ ਤੋਂ ਵੀ ਘੱਟ ਇਲੈਕਟ੍ਰਿਕ ਸਨ। ਕੰਪਨੀਆਂ ਨੂੰ ਡਰ ਹੈ ਕਿ ਹਾਈਬ੍ਰਿਡ ਨੂੰ ਸਮਰਥਨ ਦੇਣ ਨਾਲ ਗਾਹਕਾਂ ’ਚ ਉਲਝਣ ਵਧੇਗੀ, ਈ. ਵੀ. ਦੀ ਵਿਕਰੀ ਘਟੇਗੀ ਅਤੇ ਨਿਵੇਸ਼ਕਾਂ ਦਾ ਭਰੋਸਾ ਡਗਮਗਾਏਗਾ। ਟਾਟਾ ਨੇ ਆਪਣੇ ਪੱਤਰ ’ਚ ਕਿਹਾ ਕਿ ਇਸ ਨਾਲ ਭਾਰਤ ਦੇ ਨਿਵੇਸ਼ਕ-ਪੱਖੀ ਅਕਸ ਨੂੰ ਨੁਕਸਾਨ ਹੋਵੇਗਾ।

ਮਹਿੰਦਰਾ ਨੇ 15 ਮਈ ਦੇ ਆਪਣੇ ਪੱਤਰ ’ਚ ਕਿਹਾ, “ਸਾਡੀ ਮੰਗ ਹੈ ਕਿ ਸਰਕਾਰ ਦੀਆਂ ਪਾਲਿਸੀਆਂ ਅਤੇ ਪ੍ਰੋਤਸਾਹਨ ਸਿਰਫ ਈ. ਵੀ. ’ਤੇ ਕੇਂਦ੍ਰਿਤ ਰਹੇ।” ਟਾਟਾ ਨੇ ਵੀ ਕਿਹਾ ਕਿ ਹਾਈਬ੍ਰਿਡ ਨੂੰ ਉਤਸ਼ਾਹ ਦੇਣ ਨਾਲ ਈ. ਵੀ. ’ਚ ਨਿਵੇਸ਼ ’ਤੇ ਅਸਰ ਪਵੇਗਾ। ਉਦਾਹਰਣ ਲਈ ਟਾਟਾ ਨੇ ਆਪਣੀਆਂ ਈ. ਵੀ. ਯੋਜਨਾਵਾਂ ਲਈ ਟੀ. ਪੀ. ਜੀ. ਤੋਂ 1 ਅਰਬ ਡਾਲਰ ਜੁਟਾਏ ਹਨ। ਉੱਥੇ ਹੀ, ਮੂਡੀਜ਼ ਦੀ ਇਕ ਰਿਪੋਰਟ ਦੇ ਅਨੁਸਾਰ 2030 ਤੱਕ ਭਾਰਤ ’ਚ ਈ. ਵੀ. ਅਤੇ ਬੈਟਰੀ ਨਿਰਮਾਣ ’ਚ 10 ਅਰਬ ਡਾਲਰ ਤੋਂ ਜ਼ਿਆਦਾ ਦਾ ਨਿਵੇਸ਼ ਹੋਣ ਦੀ ਉਮੀਦ ਹੈ ਪਰ ਚਾਰਜਿੰਗ ਸਟੇਸ਼ਨ ਦੀ ਕਮੀ ਅਤੇ ਈ. ਵੀ. ਦੀਆਂ ਉੱਚੀਆਂ ਕੀਮਤਾਂ ਕਾਰਨ ਪਹਿਲਾਂ ਹੀ ਉਨ੍ਹਾਂ ਦੀ ਵਿਕਰੀ ਮੱਠੀ ਹੈ। ਟੋਯੋਟਾ ਅਤੇ ਮਾਰੂਤੀ ਸੁਜ਼ੂਕੀ ਵਰਗੀਆਂ ਕੰਪਨੀਆਂ ਹਾਈਬ੍ਰਿਡ ਗੱਡੀਆਂ ਦਾ ਸਮਰਥਨ ਕਰ ਰਹੀਆਂ ਹਨ, ਜਿਸ ਨਾਲ ਈ. ਵੀ. ਅਤੇ ਹਾਈਬ੍ਰਿਡ ਵਿਚਾਲੇ ਪੁਰਾਣਾ ਵਿਵਾਦ ਫਿਰ ਤੋਂ ਗਰਮਾ ਗਿਆ ਹੈ। ਫਿਲਹਾਲ, ਭਾਰੀ ਉਦਯੋਗ ਮੰਤਰਾਲਾ ਅਤੇ ਕੰਪਨੀਆਂ ਨੇ ਇਸ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shubam Kumar

Content Editor

Related News