ਮਹਿੰਗਾ ਹੋ ਸਕਦਾ ਹੈ ਚਾਕਲੇਟ ਦਾ ਸਵਾਦ, ਗਿਫਟ ਦੇਣਾ ਪਵੇਗਾ ਭਾਰੀ!

01/25/2020 1:27:31 PM

ਨਵੀਂ ਦਿੱਲੀ— ਇਸ ਸਾਲ ਚਾਕਲੇਟ ਦਾ ਸਵਾਦ ਮਹਿੰਗਾ ਹੋ ਸਕਦਾ ਹੈ। ਕਿਸੇ ਖੁਸ਼ੀ ਦੇ ਮੌਕੇ ਇਸ ਦਾ ਗਿਫਟ ਦੇਣਾ ਯਾਨੀ ਜੇਬ ਢਿੱਲੀ ਕਰਨਾ ਹੋਵੇਗਾ। ਇਸ ਦਾ ਕਾਰਨ ਹੈ ਕਿ ਕੌਮਾਂਤਰੀ ਪੱਧਰ 'ਤੇ ਸਪਲਾਈ 'ਚ ਘਾਟ ਕਾਰਨ ਕੋਕੋ ਕੀਮਤਾਂ 'ਚ ਵਾਧਾ ਹੋ ਚੁੱਕਾ ਹੈ, ਜਿਸ ਤੋਂ ਇਹ ਬਣਦੀ ਹੈ।

 

ਭਾਰਤ ਘਰੇਲੂ ਬਜ਼ਾਰ 'ਚ ਸਪਲਾਈ ਅਤੇ ਮੰਗ ਵਿਚਕਾਰ ਪਾੜੇ ਨੂੰ ਦੂਰ ਕਰਨ ਲਈ ਕੋਕੋ ਬੀਨਜ਼ ਅਤੇ ਪਾਊਡਰ ਦੀ ਵੱਡੀ ਮਾਤਰਾ 'ਚ ਦਰਾਮਦ ਕਰਦਾ ਹੈ। ਕੌਮਾਂਤਰੀ ਪੱਧਰ 'ਤੇ ਕੋਕੋ ਦੀ ਕੀਮਤ 2,687.24 ਡਾਲਰ ਪ੍ਰਤੀ ਟਨ ਹੋ ਗਈ ਹੈ, ਜੋ ਸਾਲ ਦਰ ਸਾਲ ਦੇ ਹਿਸਾਬ ਨਾਲ 20 ਫੀਸਦੀ ਵੱਧ ਹੈ।

ਇਕ ਕੋਕੋ ਪ੍ਰੋਸੈਸਿੰਗ ਕੰਪਨੀ ਮੁਤਾਬਕ, ਮੌਜੂਦਾ ਕੌਮਾਂਤਰੀ ਕੀਮਤਾਂ ਦਾ ਭਾਰਤੀ ਬਾਜ਼ਾਰ 'ਚ ਪ੍ਰਭਾਵ 3-4 ਮਹੀਨੇ 'ਚ ਦਿਸ ਸਕਦਾ ਹੈ ਕਿਉਂਕਿ ਇੰਪੋਰਟਰ ਆਮ ਤੌਰ 'ਤੇ ਦੋ-ਤਿੰਨ ਮਹੀਨੇ ਪਹਿਲਾਂ ਹੀ ਸੌਦਾ ਬੁੱਕ ਕਰ ਲੈਂਦੇ ਹਨ। ਰਿਪੋਰਟਾਂ ਮੁਤਾਬਕ, ਕੋਕੋ ਦੇ ਸਭ ਤੋਂ ਵੱਡੇ ਉਤਪਾਦਕ ਪੱਛਮੀ ਅਫਰੀਕੀ ਦੇਸ਼ਾਂ 'ਚ ਖਰਾਬ ਮੌਸਮ ਦਾ ਅਸਰ ਤੇ ਇਸ ਤੋਂ ਇਲਾਵਾ ਉਤਪਾਦਨ 'ਤੇ ਇਕ ਲਿਮਟ ਨੇ ਵਿਸ਼ਵ ਪੱਧਰੀ ਸਪਲਾਈ ਨੂੰ ਸੀਮਤ ਕਰ ਦਿੱਤਾ ਹੈ। ਭਾਰਤ 'ਚ ਆਂਧਰਾ ਪ੍ਰਦੇਸ਼ ਤੇ ਕੇਰਲ ਦੋ ਮੁੱਖ ਉਤਪਾਦਕ ਹਨ।
2019-20 'ਚ ਭਾਰਤੀ ਉਤਪਾਦਨ 25,783 ਟਨ ਰਿਹਾ ਜੋ ਪਿਛਲੇ ਸਾਲ ਨਾਲੋਂ 7.5 ਫੀਸਦੀ ਵੱਧ ਹੈ। ਹਾਲਾਂਕਿ ਦੇਸ਼ 'ਚ ਬਹੁਤ ਸਾਰੀਆਂ ਚਾਕਲੇਟ ਫੈਕਟਰੀਆਂ ਹੋਣ ਨਾਲ ਜ਼ਰੂਰਤ ਲਗਭਗ ਤਿੰਨ ਗੁਣਾ ਜ਼ਿਆਦਾ ਹੈ। ਪਿਛਲੇ ਸਾਲ ਭਾਰਤ ਨੂੰ 52,739 ਟਨ ਕੋਕੋ ਬੀਨ ਦਰਾਮਦ ਕਰਨੇ ਪਏ ਸਨ, ਜੋ ਸਾਲ ਦਰ ਸਾਲ ਦੇ ਹਿਸਾਬ ਨਾਲ 57 ਫੀਸਦੀ ਵੱਧ ਰਿਹਾ। ਉੱਥੇ ਹੀ, ਮਿਲਕ ਪਾਊਡਰ ਕੀਮਤਾਂ ਦੋ ਗੁਣਾ ਹੋਣ ਤੇ ਵੈਜੀਟੇਬਲ ਤੇਲ ਕੀਮਤਾਂ 'ਚ 30 ਫੀਸਦੀ ਵਾਧਾ ਹੋਣ ਨਾਲ ਵੀ ਚਾਕਲੇਟ ਇੰਡਸਟਰੀ ਦੀ ਚਿੰਤਾ ਵਧੀ ਹੈ।


Related News