ਦੇਸ਼ ’ਚ ਚਿੱਪ ਮੈਨੂਫੈਕਚਰਿੰਗ ਦਾ ਰਾਹ ਪੱਧਰਾ, ਆਸਾਮ ’ਚ ਫੈਕਟਰੀ ਦਾ ਭੂਮੀ ਪੂਜਨ
Sunday, Aug 04, 2024 - 11:45 AM (IST)
ਜਾਗੀਰੋਡ (ਆਸਾਮ) (ਭਾਸ਼ਾ) - ਦੇਸ਼ ’ਚ ਚਿੱਪ ਮੈਨੂਫੈਕਚਰਿੰਗ ਸ਼ੁਰੂ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਅੱਜ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਅਤੇ ਟਾਟਾ ਸੰਜ਼ ਲਿਮਟਿਡ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਸ਼ਨੀਵਾਰ ਨੂੰ ਮੋਰੀਗਾਂਵ ਜ਼ਿਲੇ ਦੇ ਜਾਗੀਰੋਡ ’ਚ 27,000 ਕਰੋਡ਼ ਰੁਪਏ ਦੇ ਸੈਮੀਕੰਡਕਟਰ ਨਿਰਮਾਣ ਅਤੇ ਟੈਸਟਿੰਗ ਪਲਾਂਟ ਦਾ ਭੂਮੀ ਪੂਜਨ ਕੀਤਾ।
ਜਾਗੀਰੋਡ ’ਚ ਟਾਟਾ ਸੈਮੀਕੰਡਕਟਰ ਪਲਾਂਟ ਭਾਰਤ ਦਾ ਪਹਿਲਾ ਸਵਦੇਸ਼ੀ ਸੈਮੀਕੰਡਕਟਰ ਨਿਰਮਾਣ ਅਤੇ ਟੈਸਟਿੰਗ ਪਲਾਂਟ ਹੈ।
ਸਰਮਾ ਅਤੇ ਚੰਦਰਸ਼ੇਖਰਨ ਦੋਵਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਪੁਜਾਰੀਆਂ ਦੇ ਮੰਤਰ-ਉਚਾਰਨ ਦਰਮਿਆਨ ਧਾਰਮਿਕ ਰਸਮਾਂ ਕੀਤੀਆਂ। ਇਸ ਮੌਕੇ ਮੁੱਖ ਮੰਤਰੀ ਨੇ ਸੈਮੀਕੰਡਕਟਰ ਪਲਾਂਟ ਦੇ 3-ਡੀ ਮਾਡਲ ਦਾ ਉਦਘਾਟਨ ਕੀਤਾ ਗਿਆ। ਜਾਗੀਰੋਡ ’ਚ ਟਾਟਾ ਇਲੈਕਟ੍ਰਾਨਿਕਸ ਦੀ ਅਤਿਆਧੁਨਿਕ ਪ੍ਰਾਜੈਕਟ ’ਚ 27,000 ਕਰੋਡ਼ ਰੁਪਏ ਦਾ ਨਿਵੇਸ਼ ਹੋਵੇਗਾ ਅਤੇ ਇਸ ਨਾਲ 30,000 ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਮਿਲੇਗਾ।
ਪਲਾਂਟ ਦਾ ਪਹਿਲਾ ਪੜਾਅ 2025 ਦੇ ਅੱਧ ਤੱਕ ਚਾਲੂ ਹੋਣ ਦੀ ਉਮੀਦ ਹੈ। ਕੰਪਨੀ ਨੇ ਕਿਹਾ ਕਿ ਪ੍ਰਸਤਾਵਿਤ ਪਲਾਂਟ ਏ. ਆਈ., ਉਦਯੋਗਿਕ ਅਤੇ ਖਪਤਕਾਰ ਇਲੈਕਟ੍ਰਾਨਿਕਸ ਵਰਗੇ ਪ੍ਰਮੁੱਖ ਬਾਜ਼ਾਰ ਖੇਤਰਾਂ ’ਚ ਵਧਦੀ ਗਲੋਬਲ ਮੰਗ ਨੂੰ ਪੂਰਾ ਕਰੇਗਾ। ਇਹ ਪ੍ਰਾਜੈਕਟ ਪੂਰਬ-ਉੱਤਰ ਭਾਰਤ ’ਚ ਉਦਯੋਗੀਕਰਨ ਨੂੰ ਹੁਲਾਰਾ ਦੇਵੇਗਾ।