ਚੀਨ ਨਿਕਲਿਆ ਸੋਨੇ ਦਾ ਰਹੱਸਮਈ ਖਰੀਦਦਾਰ
Saturday, Dec 10, 2022 - 10:41 AM (IST)
ਬਿਜ਼ਨੈੱਸ ਡੈਸਕ- ਸੈਂਟਰਲ ਬੈਂਕਾਂ ਨੇ ਜੁਲਾਈ ਤੋਂ ਸਤੰਬਰ ਦਰਮਿਆਨ ਕੀਤੀ ਗਈ ਕਰੀਬ 400 ਟਨ ਸੋਨੇ ਦੀ ਖਰੀਦ ਦਾ ਰਹੱਸ ਡੂੰਘਾ ਹੋਣ ਤੋਂ ਬਾਅਦ ਚੀਨ ਨੇ ਨਵੰਬਰ ’ਚ 32 ਟਨ ਸੋਨੇ ਦੀ ਖਰੀਦ ਦੀ ਪੁਸ਼ਟੀ ਕੀਤੀ ਹੈ। ਇਸ ਖਰੀਦ ਤੋਂ ਬਾਅਦ ਚੀਨ ਦਾ ਗੋਲਡ ਰਿਜ਼ਰਵ ਵਧ ਕੇ 1980 ਟਨ ਹੋ ਗਿਆ ਹੈ। ਵਰਲਡ ਗੋਲਡ ਕੌਂਸਲ ਦੇ ਅੰਕੜਿਆਂ ਦੇ ਸੈਂਟਰਲ ਬੈਂਕ ਨੇ ਇਸ ਸਾਲ ਜੁਲਾਈ ਤੋਂ ਸਤੰਬਰ ਤੱਕ 399.3 ਟਨ ਸੋਨਾ ਖਰੀਦਿਆ। ਇਸ ਤੋਂ ਪਹਿਲਾਂ ਵਾਲੀ ਤਿਮਾਹੀ ਯਾਨੀ ਅਪ੍ਰੈਲ ਤੋਂ ਮਈ ਦਰਮਿਆਨ ਇਨ੍ਹਾਂ ਬੈਂਕਾਂ ਨੇ 186 ਟਨ ਸੋਨਾ ਖਰੀਦਿਆ ਸੀ। ਜਨਵਰੀ ਤੋਂ ਮਾਰਚ ਦਰਮਿਆਨ 87.7 ਟਨ ਸੋਨਾ ਖਰੀਦਿਆ ਗਿਆ ਸੀ। 1967 ਤੋਂ ਬਾਅਦ ਸੈਂਟਰਲ ਬੈਂਕਾਂ ਨੇ ਸੋਨੇ ਦੀ ਇੰਨੀ ਵੱਡੀ ਮਾਤਰਾ ’ਚ ਕਦੀ ਖਰੀਦਦਾਰੀ ਨਹੀਂ ਕੀਤੀ। ਇਸ ਖਰੀਦ ’ਚੋਂ ਤੁਰਕੀ, ਉਜਬੇਕਿਸਤਾਨ ਅਤੇ ਭਾਰਤ ਨੇ ਕ੍ਰਮਵਾਰ : 31.2 ਟਨ, 26.1 ਟਨ ਅਤੇ 17.5 ਟਨ ਸੋਨਾ ਖਰੀਦਿਆ ਸੀ ਅਤੇ ਹੋਰ ਕਰੀਬ 300 ਟਨ ਸੋਨੇ ਦੀ ਖਰੀਦ ਨੂੰ ਲੈ ਕੇ ਰਹੱਸ ਬਣਿਆ ਹੋਇਆ ਸੀ ਪਰ ਹੁਣ ਚੀਨ ਨੇ ਸਪੱਸ਼ਟ ਕੀਤਾ ਹੈ ਕਿ ਉਸ ਨੇ ਆਪਣੇ ਸੋਨੇ ਦੇ ਭੰਡਾਰ ’ਚ ਵਾਧਾ ਕੀਤਾ ਹੈ।
ਚੀਨ ਦੇ ਸੈਂਟਰਲ ਬੈਂਕ-ਪੀਪੁਲਸ ਬੈਂਕ ਆਫ ਚਾਈਨਾ ਨੇ ਆਪਣੇ ਭੰਡਾਰ ’ਚ ਮੌਜੂਦ ਸੋਨੇ ਬਾਰੇ ਆਖਰੀ ਵਾਰ ਜਾਣਕਾਰੀ ਸਤੰਬਰ 2019 ’ਚ ਕੀਤੀ ਸੀ। ਇਸ ਲਈ ਚੀਨ ਦੀਆਂ ਖਰੀਦਦਾਰੀਆਂ ਦੀ ਤਾਜ਼ਾ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ ਸੀ। ਬੁਲੀਅਨ ਮਾਰਕੀਟ ’ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਜ਼ੀਰੋ ਹੇਜ਼ ਨੇ ਚੀਨ ਵਲੋਂ ਕੀਤੀ ਗਈ ਇਸ ਖਰੀਦ ਨੂੰ ਲੈ ਕੇ ਵਿਸਤਾਰਪੂਰਵਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਸੇ ਵੈੱਬਸਾਈਟ ਨੇ ਨਵੰਬਰ ਮਹੀਨੇ ’ਚ 300 ਟਨ ਸੋਨੇ ਦੀ ਖਰੀਦ ਰਹੱਸਮਈ ਤਰੀਕੇ ਨਾਲ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।
ਚੀਨ ਪਹਿਲਾਂ ਵੀ ਕਰ ਚੁੱਕਾ ਹੈ ਅਜਿਹੀ ਖਰੀਦ
ਇਸ ਰਹੱਸਮਈ ਖਰੀਦ ਨੂੰ ਲੈ ਕੇ ਚੀਨ ’ਤੇ ਸਵਾਲ ਇਸ ਲਈ ਵੀ ਉੱਠ ਰਹੇ ਸਨ ਕਿਉਂਕਿ ਚੀਨ ਅਜਿਹੀ ਖਰੀਦਦਾਰੀ ਪਹਿਲਾਂ ਵੀ ਕਰ ਚੁੱਕਾ ਹੈ। 2009 ਤੋਂ ਚੁੱਪ ਧਾਰੀ ਰੱਖਣ ਤੋਂ ਬਾਅਦ 2015 ’ਚ ਉਸ ਨ ਇਹ ਦੱਸ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਕਿ ਉਸ ਦੇ ਭੰਡਾਰ ’ਚ 600 ਟਨ ਸੋਨਾ ਹੈ। ਇਸ ਤੋਂ ਬਾਅਦ ਚੀਨ ਨੇ 2016 ’ਚ ਸੋਨੇ ਦੀ ਅਧਿਕਾਰਕ ਖਰੀਦ ਦੀ ਪੁਸ਼ਟੀ ਕੀਤੀ ਸੀ ਅਤੇ ਫਿਰ 2019 ’ਚ ਆਖਰੀ ਵਾਰ ਆਪਣੇ ਗੋਲਡ ਰਿਜ਼ਰਵ ਦੀ ਅਧਿਕਾਰਕ ਜਾਣਕਾਰੀ ਦਿੱਤੀ ਸੀ।
ਗੋਲਡ ਅਤੇ ਵਿੱਤੀ ਵਿਸ਼ਲੇਕਸ਼ ਕੋਈਚਿਰੋ ਕਮੇਈ ਨੇ ਵੈੱਬਸਾਈਟ ਨਿੱਕਈ ਏਸ਼ੀਆ. ਕਾਮ ਨੇ ਕਿਹਾ ਕਿ ਕੁੱਝ ਅਣਪਛਾਤੀ ਖਰੀਦ ਹਮੇਸ਼ਾ ਹੁੰਦੀ ਹੈ। ਪਰ ਇੰਨੀ ਵੱਡੀ ਮਾਤਰਾ ’ਚ ਅਜਿਹਾ ਹੋਣ ਬਾਰੇ ਪਹਿਲਾਂ ਕਦੀ ਨਹੀਂ ਸੁਣਿਆ ਗਿਆ। ਜਾਪਾਨ ’ਚ ਰਹਿਣ ਵਾਲੇ ਤੁਰਕੀ ਦੇ ਅਰਥਸ਼ਾਸਤਰੀ ਅਮੀਨ ਯੁਰੂਮਾਜੂ ਨੇ ਕਿਹਾ ਕਿ ਇਹ ਦੇਖਣ ਤੋਂ ਬਾਅਦ ਕਿ ਰੂਸ ਦੀ ਵਿਦੇਸ਼ ’ਚ ਸਥਿਤ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ, ਪੱਛਮ ਵਿਰੋਧੀ ਦੇਸ਼ ਆਪਣੇ ਭੰਡਾਰ ’ਚ ਸੋਨਾ ਜਮ੍ਹਾ ਕਰ ਰਹੇ ਹਨ। ਮਾਰਕੀਟ ਐਨਾਲਿਸਟ ਇਤਸੁਓ ਤੋਸ਼ਿਮਾ ਨੇ ਕਿਹਾ ਕਿ ਸੰਭਵ ਹੀ ਚੀਨ ਨੇ ਰੂਸ ਤੋਂ ਵੱਡੀ ਮਾਤਰਾ ’ਚ ਸੋਨਾ ਖਰੀਦਿਆ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।