10 ਲੱਖ ਕਰੋੜ ਦੇ ਨਵੇਂ ਬੁਲੇਟ ਟਰੇਨ ਪ੍ਰਾਜੈਕਟਾਂ 'ਚ ਪੰਜਾਬ ਲਈ ਵੱਡੀ ਸੌਗਾਤ

09/14/2020 4:18:32 PM

ਨਵੀਂ ਦਿੱਲੀ— ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਜਿੱਥੇ ਮੁੰਬਈ-ਅਹਿਮਦਾਬਾਦ ਬੁਲੇਟ ਪ੍ਰਾਜੈਕਟ 'ਚ ਦੇਰੀ ਹੋ ਸਕਦੀ ਹੈ, ਉੱਥੇ ਹੀ ਇਸ ਵਿਚਕਾਰ ਦੇਸ਼ 'ਚ 10 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ 7 ਨਵੀਆਂ ਤੇਜ਼ ਰਫ਼ਤਾਰ ਟਰੇਨਾਂ ਨੂੰ ਚਲਾਉਣ ਦੀ ਯੋਜਨਾ ਬਣਾਈ ਗਈ ਹੈ। ਪੰਜਾਬ ਦੇ ਲੋਕਾਂ ਲਈ ਚੰਗੀ ਖ਼ਬਰ ਇਹ ਹੈ ਕਿ ਇਸ ਯੋਜਨਾ 'ਚ ਦਿੱਲੀ-ਅੰਮ੍ਰਿਤਸਰ ਮਾਰਗ ਵੀ ਸ਼ਾਮਲ ਹੈ। ਭਵਿੱਖ 'ਚ ਦਿੱਲੀ-ਅੰਮ੍ਰਿਤਸਰ ਦੀ ਦੂਰੀ ਸਮੇਂ ਦੇ ਹਿਸਾਬ ਨਾਲ ਛੋਟੀ ਰਹਿ ਜਾਵੇਗੀ।

ਇਸ ਯੋਜਨਾ 'ਚ ਸ਼ਾਮਲ ਨਵੇਂ ਮਾਰਗਾਂ ਦੀ ਕੁੱਲ ਲੰਬਾਈ ਤਕਰੀਬਨ 4,869 ਕਿਲੋਮੀਟਰ ਹੈ, ਜਿਸ 'ਚ 865 ਕਿਲੋਮੀਟਰ ਦਾ ਦਿੱਲੀ-ਵਾਰਾਣਸੀ, 753 ਕਿਲੋਮੀਟਰ ਦਾ ਮੁੰਬਈ-ਨਾਗਪੁਰ, 886 ਕਿਲੋਮੀਟਰ ਦਾ ਦਿੱਲੀ-ਅਹਿਮਦਾਬਾਦ, 453 ਕਿਲੋਮੀਟਰ ਦਾ ਚੇਨਈ-ਮੈਸੂਰ, 459 ਕਿਲੋਮੀਟਰ ਦਾ ਦਿੱਲੀ-ਅੰਮ੍ਰਿਤਸਰ, 711 ਕਿਲੋਮੀਟਰ ਦਾ ਮੁੰਬਈ-ਹੈਦਰਾਬਾਦ ਅਤੇ 760 ਕਿਲੋਮੀਟਰ ਦਾ ਵਾਰਾਣਸੀ-ਹਾਵੜਾ ਮਾਰਗ ਸ਼ਾਮਲ ਹੈ।  

ਇਸ ਸਮੇਂ 508 ਕਿਲੋਮੀਟਰ ਲੰਬੇ ਮੁੰਬਈ-ਅਹਿਮਦਾਬਾਦ ਮਾਰਗ 'ਤੇ ਕੰਮ ਚੱਲ ਰਿਹਾ ਹੈ ਅਤੇ ਇਸ ਨੂੰ 1.08 ਲੱਖ ਕਰੋੜ ਰੁਪਏ ਦੇ ਖਰਚ 'ਚ ਤਿਆਰ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ, 7 ਨਵੇਂ ਪ੍ਰਸਤਾਵਿਤ ਮਾਰਗਾਂ 'ਤੇ ਕੁੱਲ ਲਾਗਤ ਤਕਰੀਬਨ 10 ਲੱਖ ਕਰੋੜ ਰੁਪਏ ਦੀ ਆਵੇਗੀ।

ਪਡ਼੍ਹੋ ਹੋਰ ਖ਼ਬਰਾਂ- TV ਜਲਦ ਹੋਣ ਜਾ ਰਹੇ ਹਨ ਮਹਿੰਗੇ, ਕੀਮਤਾਂ 'ਚ ਇੰਨਾ ਹੋ ਸਕਦੈ ਵਾਧਾ ► SBI ਦੇ ਖਾਤਾਧਾਰਕਾਂ ਨੂੰ ਹੁਣ ਸਾਲ ਦੀ FD 'ਤੇ ਮਿਲੇਗਾ ਸਿਰਫ ਇੰਨਾ ਰਿਟਰਨ

ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਦੇ ਪ੍ਰਬੰਧਕ ਨਿਰਦੇਸ਼ਕ ਅਚਲ ਖਰੇ ਨੇ ਕਿਹਾ, ''ਫਿਲਹਾਲ ਸਰਕਾਰ ਨੇ ਸਾਨੂੰ 7 ਨਵੇਂ ਮਾਰਗਾਂ ਦੀ ਵਿਸਥਾਰ ਪ੍ਰਾਜੈਕਟ ਰਿਪੋਰਟ ਤਿਆਰ ਕਰਨ ਨੂੰ ਕਿਹਾ ਹੈ। ਇਸ ਪਿੱਛੋਂ ਹੀ ਪੂੰਜੀਗਤ ਲਾਗਤ ਦਾ ਅੰਦਾਜ਼ਾ ਲੱਗ ਸਕਦਾ ਹੈ।'' ਇਕ ਉੱਚ ਰੇਲ ਅਧਿਕਾਰੀ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਸਾਰੇ ਨਵੇਂ ਮਾਰਗ ਵੀ ਜਾਪਾਨ ਦੀ ਤਕਨੀਕ ਨਾਲ ਹੀ ਤਿਆਰ ਕੀਤੇ ਜਾਣ, ਇਸ ਲਈ ਲਾਗਤ 'ਚ ਫਰਕ ਆ ਸਕਦਾ ਹੈ। ਮੁੰਬਈ-ਅਹਿਮਦਾਬਾਦ ਪ੍ਰਾਜੈਕਟ ਲਈ ਜਾਪਾਨ ਦੀ ਸ਼ਿਨਕਾਨਸੇਨ ਤਕਨਾਲੋਜੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਨਵੇਂ ਮਾਰਗਾਂ ਲਈ ਯੋਜਨਾ ਅਜਿਹੇ ਸਮੇਂ 'ਤੇ ਬਣ ਰਹੀ ਹੈ ਜਦੋਂ ਇਹ ਵੀ ਖ਼ਬਰ ਆ ਰਹੀ ਹੈ ਕਿ ਪਹਿਲੀ ਬੁਲੇਟ ਟਰੇਨ ਦੌੜਨ ਦੀ ਤਾਰੀਖ਼ ਨੂੰ ਦਸੰਬਰ 2023 ਤੋਂ ਟਾਲ ਕੇ ਅਕਤੂਬਰ 2028 ਕੀਤਾ ਜਾ ਸਕਦਾ ਹੈ। ਇਸ ਲਈ ਜ਼ਮੀਨ ਪ੍ਰਾਪਤੀ 'ਚ ਹੋ ਰਹੀ ਦੇਰੀ ਅਤੇ ਮਹਾਮਾਰੀ ਨੂੰ ਕਾਰਨ ਦੱਸਿਆ ਜਾ ਰਿਹਾ ਹੈ। ਮੁੰਬਈ-ਅਹਿਮਦਾਬਾਦ ਪ੍ਰਾਜੈਕਟ ਲਈ ਹੁਣ ਤੱਕ 68 ਫੀਸਦੀ ਜ਼ਮੀਨ ਪ੍ਰਾਪਤ ਕੀਤੀ ਜਾ ਚੁੱਕੀ ਹੈ।


Sanjeev

Content Editor

Related News