Play Store ਤੋਂ Byju's App ਗਾਇਬ! ਜਾਣੋ ਕੀ ਹੈ ਪੂਰਾ ਮਾਮਲਾ
Tuesday, May 27, 2025 - 07:17 PM (IST)

ਗੈਜੇਟ ਡੈਸਕ - ਹਾਲ ਹੀ ’ਚ ਪ੍ਰਸਿੱਧ ਲਰਨਿੰਗ ਐਪ ਬਾਈਜੂ'ਸ ਨੂੰ ਗੂਗਲ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਹੈ ਜਿਸ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਸ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਇਹ ਐਪ ਚੌਥੀ ਤੋਂ 12ਵੀਂ ਜਮਾਤ ਦੇ ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ ਲਈ ਲਰਨਿੰਗ ਸਮੱਗਰੀ ਪ੍ਰਦਾਨ ਕਰਦੀ ਹੈ ਅਤੇ ਦਾਖਲਾ ਪ੍ਰੀਖਿਆਵਾਂ ਦੀ ਤਿਆਰੀ ’ਚ ਵੀ ਮਦਦ ਕਰਦੀ ਹੈ ਅਤੇ ਇਸ ਦੇ ਲੱਖਾਂ ਯੂਜ਼ਰਸ ਹਨ। ਪਲੇ ਸਟੋਰ ਤੋਂ ਹਟਾਉਣ ਦਾ ਕਾਰਨ ਵਿਕਰੇਤਾ ਨੂੰ ਸਮੇਂ ਸਿਰ ਭੁਗਤਾਨ ਨਾ ਕਰਨਾ ਹੈ। ਇਸ ਦੀ ਅਸਲ ਸੱਚਾਈ ਕੀ ਹੈ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਬਾਈਜੂ ਦੀ ਐਪ ਨੂੰ ਪਲੇ ਸਟੋਰ ਤੋਂ ਹਟਾਉਣ ਦਾ ਕਾਰਨ ਐਮਾਜ਼ਾਨ ਵੈੱਬ ਸਰਵਿਸਿਜ਼ (AWS) ਨੂੰ ਬਕਾਇਆ ਭੁਗਤਾਨ ਨਾ ਕਰਨਾ ਦੱਸਿਆ ਜਾ ਰਿਹਾ ਹੈ, ਜੋ ਐਪ ਨੂੰ ਕਲਾਉਡ ਸੇਵਾਵਾਂ ਪ੍ਰਦਾਨ ਕਰਦਾ ਹੈ। AWS, ਲਰਨਿੰਗ ਐਪਸ ਦੇ ਵਿਕਰੇਤਾ ਦੇ ਰੂਪ ’ਚ, ਯੂਜ਼ਰਸ ਨੂੰ ਕਲਾਉਡ-ਅਧਾਰਿਤ ਸਮੱਗਰੀ ਦਾ ਲਾਭ ਪ੍ਰਦਾਨ ਕਰਦਾ ਹੈ ਅਤੇ ਬਾਈਜੂ ਇਸਦਾ ਭੁਗਤਾਨ ਕਰ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਹੁਣ ਇਹ ਲਰਨਿੰਗ ਐਪ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ।
ਹਾਲਾਂਕਿ ਐਂਡਰਾਇਡ ਯੂਜ਼ਰਸ ਲਈ ਇਸ ਐਪ ਨੂੰ ਹਟਾ ਦਿੱਤਾ ਗਿਆ ਹੈ ਪਰ iOS ਯੂਜ਼ਰਸ ਅਜੇ ਵੀ ਇਸ ਨੂੰ ਐਪਲ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ।ਭਾਵ ਕਿ ਇਸ ਨੂੰ ਆਈਫੋਨ ਅਤੇ ਆਈਪੈਡ ਵਰਗੇ ਡਿਵਾਈਸਾਂ ’ਚ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ। ਇਸੇ ਤਰ੍ਹਾਂ, ਬਾਈਜੂ ਦੇ ਹੋਰ ਐਪਸ, ਜਿਵੇਂ ਕਿ ਬਾਈਜੂ ਦਾ ਐਗਜ਼ਾਮ ਪ੍ਰੈਪ ਅਤੇ ਥਿੰਕ ਐਂਡ ਲਰਨ ਪ੍ਰੀਮੀਅਮ, ਅਜੇ ਵੀ ਗੂਗਲ ਪਲੇ ਸਟੋਰ 'ਤੇ ਉਪਲਬਧ ਹਨ। ਹਾਲਾਂਕਿ, ਕੁਝ ਯੂਜ਼ਰਸ ਨੇ ਰਿਪੋਰਟ ਕੀਤੀ ਹੈ ਕਿ ਇਨ੍ਹਾਂ ਐਪਸ ਦੀਆਂ ਕੁਝ ਸੇਵਾਵਾਂ, ਜਿਵੇਂ ਕਿ ਵੀਡੀਓ ਸਟ੍ਰੀਮਿੰਗ ਅਤੇ ਪੇਡ ਕੰਟੈਂਟ ਆਦਿ ਹੁਣ ਕੰਮ ਨਹੀਂ ਕਰ ਰਹੀਆਂ ਹਨ।੍ਯ
ਦੱਸ ਦਈਏ ਕਿ ਬਾਈਜੂ ਦੇ ਖਿਲਾਫ ਦੀਵਾਲੀਆਪਨ ਦੀ ਕਾਰਵਾਈ ਵੀ ਚੱਲ ਰਹੀ ਹੈ ਤੇ ਇਸ ਪ੍ਰਕਿਰਿਆ ਦੀ ਨਿਗਰਾਨੀ ਇਕ ਇਨਸੌਲਵੈਂਸੀ ਰੈਜ਼ੋਲਿਊਸ਼ਨ ਪ੍ਰੋਫੈਸ਼ਨਲ (IRP) ਦੁਆਰਾ ਕੀਤੀ ਜਾ ਰਹੀ ਹੈ, ਜੋ ਕੰਪਨੀ ਦੇ ਵਿੱਤੀ ਮਾਮਲਿਆਂ ਦੀ ਨਿਗਰਾਨੀ ਕਰ ਰਿਹਾ ਹੈ। ਐਪ ਨੂੰ ਹਟਾਏ ਜਾਣ ਤੋਂ ਬਾਅਦ, AWS ਦੇ ਇੱਕ ਬੁਲਾਰੇ ਨੇ ਕਿਹਾ ਕਿ ਉਹ ਅਪ੍ਰੈਲ 2024 ਤੋਂ ਮੂਲ ਕੰਪਨੀ ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ ਨਾਲ ਬਕਾਇਆ ਭੁਗਤਾਨਾਂ ਦੇ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।