ਸਾਲ 2023-24 ਲਈ ਬਜਟ ਦੀ ਤਿਆਰੀ ਭਲਕੇ ਸ਼ੁਰੂ : ਸਰਕਾਰ
Sunday, Oct 09, 2022 - 04:05 PM (IST)

ਨਵੀਂ ਦਿੱਲੀ : ਕੇਂਦਰ ਸਰਕਾਰ ਵਿੱਤੀ ਸਾਲ 2023-24 ਦੇ ਬਜਟ ਨੂੰ ਬਣਾਉਣ ਦੀ ਤਿਆਰੀ ਸੋਮਵਾਰ ਨੂੰ ਕਰਨ ਜਾ ਰਹੀ ਹੈ। ਅਗਲੇ ਵਿੱਤੀ ਸਾਲ ਲਈ ਸਰਕਾਰ ਦੇ ਸਾਲਾਨਾ ਬਜਟ ਵਿੱਚ ਸੁਸਤ ਗਲੋਬਲ ਆਊਟਲੁੱਕ ਦੇ ਵਿਚਕਾਰ ਵਿਕਾਸ ਨੂੰ ਹੁਲਾਰਾ ਦੇਣ ਦੇ ਉਪਾਵਾਂ 'ਤੇ ਧਿਆਨ ਦੇਣ ਦੀ ਉਮੀਦ ਹੈ। ਬਜਟ ਦੀ ਪ੍ਰਕਿਰਿਆ ਮੌਜੂਦਾ ਵਿੱਤੀ ਸਾਲ 2022-23 ਲਈ ਖਰਚੇ ਦੇ ਸੰਸ਼ੋਧਿਤ ਅਨੁਮਾਨਾਂ (ਆਰਈ) ਅਤੇ 2023-24 ਲਈ ਫੰਡ ਦੀ ਜ਼ਰੂਰਤ 'ਤੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਨਾਲ ਸਲਾਹ-ਮਸ਼ਵਰੇ ਨਾਲ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ : ਦੇਸ਼ 'ਚ 10 ਗੁਣਾ ਵਧ ਸਕਦਾ ਹੈ ਫੁੱਟਵੀਅਰ ਉਤਪਾਦਨ : ਪੀਯੂਸ਼ ਗੋਇਲ
ਬਜਟ ਦੀ ਤਿਆਰੀ ਦੇ ਪਹਿਲੇ ਦਿਨ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਕਿਰਤ ਅਤੇ ਰੁਜ਼ਗਾਰ ਮੰਤਰਾਲੇ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਅਤੇ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਜਿਸ ਦੀ ਪ੍ਰਧਾਨਗੀ ਵਿੱਤ ਸਕੱਤਰ ਅਤੇ ਖਰਚ ਸਕੱਤਰ ਕਰਨਗੇ।
ਵਿੱਤ ਮੰਤਰਾਲੇ ਦੇ ਬਜਟ ਡਿਵੀਜ਼ਨ ਦੇ ਮੁਤਾਬਕ ਇਕ ਮਹੀਨੇ ਤੱਕ ਚੱਲਣ ਵਾਲੀ ਇਹ ਤਿਆਰੀ ਸਹਿਕਾਰਤਾ ਮੰਤਰਾਲੇ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ, ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵਿਚਕਾਰ ਬੈਠਕਾਂ ਤੋਂ ਬਾਅਦ ਪੂਰੀ ਹੋਵੇਗੀ। 2023-24 ਲਈ ਬਜਟ ਅਨੁਮਾਨਾਂ ਨੂੰ ਪ੍ਰੀ-ਬਜਟ ਮੀਟਿੰਗਾਂ ਤੋਂ ਬਾਅਦ ਸਥਾਈ ਤੌਰ 'ਤੇ ਅੰਤਿਮ ਰੂਪ ਦਿੱਤਾ ਜਾਵੇਗਾ। ਇਹ ਬੈਠਕਾਂ ਅਜਿਹੇ ਸਮੇਂ ਹੋਣ ਜਾ ਰਹੀਆਂ ਹਨ ਜਦੋਂ ਭਾਰਤੀ ਰਿਜ਼ਰਵ ਬੈਂਕ ਅਤੇ ਵਿਸ਼ਵ ਬੈਂਕ ਵਰਗੀਆਂ ਕਈ ਸੰਸਥਾਵਾਂ ਨੇ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ ਕ੍ਰਮਵਾਰ 7 ਫ਼ੀਸਦੀ ਅਤੇ 6.5 ਫ਼ੀਸਦੀ ਕਰ ਦਿੱਤਾ ਹੈ।
ਇਹ ਬਜਟ ਮੋਦੀ ਸਰਕਾਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਪੰਜਵਾਂ ਬਜਟ ਹੋਵੇਗਾ। ਅਪ੍ਰੈਲ-ਮਈ 2024 'ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਹ ਆਖ਼ਰੀ ਬਜਟ ਹੋਵੇਗਾ। ਇੱਕ ਚੋਣ ਸਾਲ ਵਿੱਚ ਸਰਕਾਰ ਇੱਕ ਸੀਮਤ ਮਿਆਦ ਲਈ ਖਾਤੇ 'ਤੇ ਵੋਟ ਦੀ ਪੇਸ਼ਕਸ਼ ਕਰਦੀ ਹੈ। ਇਸ ਤੋਂ ਬਾਅਦ ਜੁਲਾਈ ਵਿੱਚ ਬਜਟ ਪੇਸ਼ ਕੀਤਾ ਜਾਂਦਾ ਹੈ। ਵਿੱਤੀ ਸਾਲ 2023-24 ਦਾ ਬਜਟ 1 ਫਰਵਰੀ 2023 ਨੂੰ ਪੇਸ਼ ਕੀਤੇ ਜਾਣ ਦੀ ਉਮੀਦ ਹੈ।