ਮਹੀਨੇ ਦੇ ਆਖਰੀ ਕਾਰੋਬਾਰੀ ਦਿਨ ਬਾਜ਼ਾਰ ''ਚ ਰੌਣਕ, ਨਿਵੇਸ਼ਕਾਂ ਨੂੰ 1.75 ਲੱਖ ਕਰੋੜ ਰੁਪਏ ਦਾ ਲਾਭ

Friday, Aug 30, 2024 - 11:14 AM (IST)

ਮੁੰਬਈ - ਪਹਿਲੀ ਤਿਮਾਹੀ ਦੇ ਆਰਥਿਕ ਅੰਕੜਿਆਂ ਦੇ ਆਉਣ ਤੋਂ ਪਹਿਲਾਂ ਅਤੇ ਮਹੀਨੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸਵੇਰੇ ਕਾਰੋਬਾਰ ਦੀ ਸ਼ੁਰੂਆਤ ਤੋਂ ਬਾਅਦ ਸੈਂਸੈਕਸ ਅਤੇ ਨਿਫਟੀ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਏ ਹਨ। ਸਵੇਰੇ 9:15 ਵਜੇ ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਸੈਂਸੈਕਸ ਲਗਭਗ 320 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ ਅਤੇ ਨਿਫਟੀ ਲਗਭਗ 95 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ।

ਸਵੇਰੇ 9:40 ਵਜੇ ਤੱਕ, ਸੈਂਸੈਕਸ ਲਗਭਗ 250 ਅੰਕਾਂ ਦੇ ਵਾਧੇ ਨਾਲ 82,381 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ, ਅਤੇ ਨਿਫਟੀ 75 ਅੰਕਾਂ ਦੇ ਵਾਧੇ ਨਾਲ 25,226 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ। ਬਾਜ਼ਾਰ 'ਚ ਇਸ ਤੇਜ਼ੀ ਕਾਰਨ ਨਿਵੇਸ਼ਕਾਂ ਨੇ ਬਾਜ਼ਾਰ ਖੁੱਲ੍ਹਦੇ ਹੀ 1.75 ਲੱਖ ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ।

ਸੈਂਸੈਕਸ 'ਤੇ ਜ਼ਿਆਦਾਤਰ ਵੱਡੇ ਸ਼ੇਅਰ ਸ਼ੁਰੂਆਤੀ ਕਾਰੋਬਾਰ 'ਚ ਮੁਨਾਫੇ 'ਚ ਸਨ। ਬਜਾਜ ਫਿਨਸਰਵ ਸਭ ਤੋਂ ਵੱਧ 1.5 ਫੀਸਦੀ ਚੜ੍ਹਿਆ ਹੈ। ਟਾਈਟਨ, ਐੱਚ.ਡੀ.ਐੱਫ.ਸੀ. ਬੈਂਕ, ਬਜਾਜ ਫਾਈਨਾਂਸ ਵਰਗੇ ਸ਼ੇਅਰਾਂ 'ਚ ਵੀ 1 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ। ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ ਸਿਰਫ਼ 6 ਸ਼ੇਅਰ ਡਿੱਗੇ। ਚਾਰ ਵੱਡੇ ਆਈਟੀ ਸਟਾਕ ਟੀਸੀਐਸ, ਇੰਫੋਸਿਸ, ਐਚਸੀਐਲ ਟੈਕ ਅਤੇ ਟੈਕ ਮਹਿੰਦਰਾ ਘਾਟੇ ਵਿੱਚ ਰਹੇ।

ਨਿਵੇਸ਼ਕਾਂ ਦੀ ਦੌਲਤ 'ਚ 1.75 ਲੱਖ ਕਰੋੜ ਰੁਪਏ ਦਾ ਵਾਧਾ 

ਪਿਛਲੇ ਵਪਾਰਕ ਦਿਨ ਭਾਵ 29 ਅਗਸਤ 2024 ਨੂੰ BSE 'ਤੇ ਸੂਚੀਬੱਧ ਸਾਰੇ ਸ਼ੇਅਰਾਂ ਦੀ ਕੁੱਲ ਮਾਰਕੀਟ ਕੈਪ 4,62,56,079.12 ਕਰੋੜ ਰੁਪਏ ਸੀ। ਅੱਜ ਯਾਨੀ 30 ਅਗਸਤ 2024 ਨੂੰ ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਇਹ 4,64,31,348.69 ਕਰੋੜ ਰੁਪਏ ਤੱਕ ਪਹੁੰਚ ਗਿਆ। ਇਸ ਦਾ ਮਤਲਬ ਹੈ ਕਿ ਨਿਵੇਸ਼ਕਾਂ ਦੀ ਦੌਲਤ 'ਚ 1,75,269.57 ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਗਲੋਬਲ ਮਾਰਕੀਟ ਸਥਿਤੀ

ਅਮਰੀਕਾ ਵਿੱਚ ਜੀਡੀਪੀ ਦੇ ਅੰਕੜਿਆਂ ਤੋਂ ਬਾਅਦ ਬਾਜ਼ਾਰ ਦੇ ਮਾਹੌਲ ਵਿੱਚ ਕੁਝ ਸੁਧਾਰ ਹੋਇਆ ਹੈ। ਵੀਰਵਾਰ ਨੂੰ ਵਾਲ ਸਟਰੀਟ 'ਤੇ ਡਾਓ ਜੋਂਸ ਇੰਡਸਟਰੀਅਲ ਔਸਤ 0.59 ਫੀਸਦੀ ਵਧੀ। ਹਾਲਾਂਕਿ, S&P500 ਲਗਭਗ ਫਲੈਟ ਰਿਹਾ, ਜਦੋਂ ਕਿ Nasdaq ਕੰਪੋਜ਼ਿਟ ਇੰਡੈਕਸ 0.23 ਪ੍ਰਤੀਸ਼ਤ ਤੋਂ ਥੋੜ੍ਹਾ ਘੱਟ ਗਿਆ। ਏਸ਼ੀਆਈ ਬਾਜ਼ਾਰ ਅੱਜ ਮੁਨਾਫੇ 'ਚ ਕਾਰੋਬਾਰ ਕਰ ਰਹੇ ਹਨ। ਜਾਪਾਨ ਦਾ ਨਿੱਕੇਈ ਥੋੜ੍ਹਾ ਉੱਪਰ ਹੈ, ਜਦੋਂ ਕਿ ਟੌਪਿਕਸ 0.23 ਫ਼ੀਸਦੀ ਉੱਪਰ ਹੈ। ਦੱਖਣੀ ਕੋਰੀਆ ਦਾ ਕੋਸਪੀ 0.55 ਫੀਸਦੀ ਅਤੇ ਕੋਸਡੈਕ 0.74 ਫੀਸਦੀ ਚੜ੍ਹਿਆ ਹੈ। ਹਾਲਾਂਕਿ ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ ਅੱਜ ਖਰਾਬ ਸਥਿਤੀ 'ਚ ਰਿਹਾ।


Harinder Kaur

Content Editor

Related News