ਸ਼ੇਅਰ ਬਾਜ਼ਾਰ ਦਾ Black Monday! ਖੁੱਲ੍ਹਦੇ ਹੀ ਕਰੈਸ਼ ਹੋਈ ਮਾਰਕਿਟ, ਨਿਵੇਸ਼ਕਾਂ ਨੂੰ 9.52 ਲੱਖ ਕਰੋੜ ਰੁਪਏ ਦਾ ਨੁਕਸਾਨ

Monday, Aug 05, 2024 - 01:00 PM (IST)

ਸ਼ੇਅਰ ਬਾਜ਼ਾਰ ਦਾ Black Monday! ਖੁੱਲ੍ਹਦੇ ਹੀ ਕਰੈਸ਼ ਹੋਈ ਮਾਰਕਿਟ, ਨਿਵੇਸ਼ਕਾਂ ਨੂੰ 9.52 ਲੱਖ ਕਰੋੜ ਰੁਪਏ ਦਾ ਨੁਕਸਾਨ

ਮੁੰਬਈ - ਈਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਨੇ ਗਲੋਬਲ ਬਾਜ਼ਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਘਰੇਲੂ ਸ਼ੇਅਰ ਬਾਜ਼ਾਰ ਵੀ ਇਸ ਪ੍ਰਭਾਵ ਤੋਂ ਅਛੂਤੇ ਨਹੀਂ ਰਹੇ, ਸੋਮਵਾਰ ਦੀ ਸ਼ੁਰੂਆਤ ਭਾਰਤੀ ਬਾਜ਼ਾਰਾਂ ਲਈ ਕਾਲੇ ਸੋਮਵਾਰ ਵਜੋਂ ਹੋਈ। ਸੈਂਸੈਕਸ ਅਤੇ ਨਿਫਟੀ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਸਾਰੇ ਨਿਫਟੀ ਸੈਕਟਰ ਸੂਚਕਾਂਕ ਲਾਲ ਨਿਸ਼ਾਨ ਵਿੱਚ ਹਨ।

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਭਾਰੀ ਵਿਕਰੀ ਦਾ ਦਬਾਅ ਹੈ। ਅੱਜ BSE 'ਤੇ ਸੂਚੀਬੱਧ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ 'ਚ 9.52 ਲੱਖ ਕਰੋੜ ਰੁਪਏ ਦੀ ਕਮੀ ਆਈ ਹੈ, ਯਾਨੀ ਬਾਜ਼ਾਰ ਖੁੱਲ੍ਹਦੇ ਹੀ ਨਿਵੇਸ਼ਕਾਂ ਨੂੰ 9.52 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਫਿਲਹਾਲ ਸੈਂਸੈਕਸ 1231.98 ਅੰਕ ਜਾਂ 1.52 ਫੀਸਦੀ ਦੀ ਗਿਰਾਵਟ ਨਾਲ 79,749.97 'ਤੇ ਹੈ ਅਤੇ ਨਿਫਟੀ 393.25 ਅੰਕ ਜਾਂ 1.59 ਫੀਸਦੀ ਦੀ ਗਿਰਾਵਟ ਨਾਲ 24,324.45 'ਤੇ ਹੈ। ਸ਼ੁੱਕਰਵਾਰ ਨੂੰ ਸੈਂਸੈਕਸ 80,981.95 'ਤੇ ਅਤੇ ਨਿਫਟੀ 24,717.70 'ਤੇ ਬੰਦ ਹੋਇਆ।

ਨਿਵੇਸ਼ਕਾਂ ਨੂੰ 9.52 ਲੱਖ ਕਰੋੜ ਰੁਪਏ ਦਾ ਨੁਕਸਾਨ 

2 ਅਗਸਤ, 2024 ਨੂੰ BSE 'ਤੇ ਸੂਚੀਬੱਧ ਸਾਰੇ ਸ਼ੇਅਰਾਂ ਦੀ ਕੁੱਲ ਮਾਰਕੀਟ ਕੈਪ 4,57,16,946.13 ਕਰੋੜ ਰੁਪਏ ਸੀ। ਜਿਵੇਂ ਹੀ ਅੱਜ 5 ਅਗਸਤ 2024 ਨੂੰ ਬਾਜ਼ਾਰ ਖੁੱਲ੍ਹਿਆ, ਇਹ 4,47,64,692.65 ਕਰੋੜ ਰੁਪਏ 'ਤੇ ਆ ਗਿਆ। ਇਸ ਦਾ ਮਤਲਬ ਹੈ ਕਿ ਨਿਵੇਸ਼ਕਾਂ ਦੀ ਪੂੰਜੀ 9,52,253.48 ਕਰੋੜ ਰੁਪਏ ਘਟੀ ਹੈ।

ਇਹ 10 ਸ਼ੇਅਰ ਤਾਸ਼ ਦੇ ਪੈਕਟ ਵਾਂਗ ਡਿੱਗੇ

ਸ਼ੇਅਰ ਬਾਜ਼ਾਰ 'ਚ ਆਏ ਭੂਚਾਲ ਦਰਮਿਆਨ ਬੀਐੱਸਈ ਦੇ 30 'ਚੋਂ 28 ਸਟਾਕ ਲਾਲ ਨਿਸ਼ਾਨ 'ਚ ਖੁੱਲ੍ਹੇ। ਜੇਕਰ ਸਭ ਤੋਂ ਜ਼ਿਆਦਾ ਡਿੱਗਣ ਵਾਲੇ 10 ਸ਼ੇਅਰਾਂ ਦੀ ਗੱਲ ਕਰੀਏ ਤਾਂ ਲਾਰਜ ਕੈਪ ਕੰਪਨੀਆਂ 'ਚ ਸ਼ਾਮਲ ਟਾਟਾ ਗਰੁੱਪ ਦੀ ਆਟੋਮੋਬਾਈਲ ਕੰਪਨੀ ਟਾਟਾ ਮੋਟਰਜ਼ ਦਾ ਸ਼ੇਅਰ 4.28 ਫੀਸਦੀ, ਟਾਟਾ ਸਟੀਲ ਸ਼ੇਅਰ 3.89 ਫੀਸਦੀ, ਮਾਰੂਤੀ ਸ਼ੇਅਰ 3.19 ਫੀਸਦੀ, ਅਡਾਨੀ ਪੋਰਟ ਸ਼ੇਅਰ 3.26 ਫੀਸਦੀ, ਜੇ.ਐੱਸ.ਡਬਲਯੂ. ਸਟੀਲ ਸ਼ੇਅਰ 3.21%, ਐਸਬੀਆਈ ਸ਼ੇਅਰ 3.19%, ਐਮਐਮ ਸ਼ੇਅਰ 3.15%, ਟਾਈਟਨ 3.10%, ਐਲਟੀ ਸ਼ੇਅਰ 3% ਅਤੇ ਰਿਲਾਇੰਸ ਸ਼ੇਅਰ 2.27% ਘਟਿਆ।


author

Harinder Kaur

Content Editor

Related News