ICICI ਬੈਂਕ ਅਤੇ PNB ਦੇ ਗਾਹਕਾਂ ਨੂੰ ਨਵੇਂ ਸਾਲ ''ਚ ਵੱਡਾ ਝਟਕਾ, ਮਹਿੰਗਾ ਹੋਇਆ ਕਰਜ਼

Tuesday, Jan 03, 2023 - 01:57 PM (IST)

ICICI ਬੈਂਕ ਅਤੇ PNB ਦੇ ਗਾਹਕਾਂ ਨੂੰ ਨਵੇਂ ਸਾਲ ''ਚ ਵੱਡਾ ਝਟਕਾ, ਮਹਿੰਗਾ ਹੋਇਆ ਕਰਜ਼

ਬਿਜ਼ਨੈੱਸ ਡੈਸਕ-ਆਰ.ਬੀ.ਆਈ ਨੇ ਬੀਤੀ 7 ਦਸੰਬਰ ਨੂੰ ਰੈਪੋ ਰੇਟ 'ਚ 0.35 ਫੀਸਦੀ ਦੇ ਵਾਧੇ ਦਾ ਐਲਾਨ ਕੀਤਾ ਸੀ। ਰੈਪੋ ਰੇਟ ਵਧਾਉਣ ਤੋਂ ਬਾਅਦ ਬੈਂਕਾਂ ਨੇ ਮਾਰਜਿਨਲ ਕਾਸਟ ਬੇਸਡ ਲੈਂਡਿੰਗ ਰੇਟ (ਐੱਮ.ਸੀ.ਐੱਲ.ਆਰ) ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ਵਿੱਚ ਨਵੇਂ ਸਾਲ ਵਿੱਚ, ਨਿੱਜੀ ਖੇਤਰ ਦੇ ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਹੁਣ ਇਨ੍ਹਾਂ ਦੋਵਾਂ ਬੈਂਕਾਂ ਤੋਂ ਕਰਜ਼ਾ ਲੈਣਾ ਮਹਿੰਗਾ ਹੋ ਜਾਵੇਗਾ। ਬੈਂਕ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਨਵੀਆਂ ਦਰਾਂ 1 ਜਨਵਰੀ 2023 ਤੋਂ ਲਾਗੂ ਹੋ ਗਈਆਂ ਹਨ।
ਆਈ.ਸੀ.ਆਈ.ਸੀ.ਆਈ. ਬੈਂਕ ਨੇ ਐੱਮ.ਸੀ.ਐੱਲ.ਆਰ ਵਿੱਚ 0.25 ਫੀਸਦੀ ਦਾ ਵਾਧਾ ਕੀਤਾ ਹੈ। ਬੈਂਕ ਨੇ ਇਕ ਸਾਲ ਦਾ ਐੱਮ.ਸੀ.ਐੱਲ.ਆਰ 0.25 ਫੀਸਦੀ ਵਧਾ ਕੇ 8.65 ਫੀਸਦੀ ਕਰ ਦਿੱਤਾ ਹੈ। ਹੁਣ ਤੱਕ ਇਹ 8.40 ਫੀਸਦੀ ਸੀ। ਇਕ ਮਹੀਨੇ ਦੇ ਐੱਮ.ਸੀ.ਐੱਲ.ਆਰ ਨੂੰ 0.25 ਫੀਸਦੀ ਵਧਾ ਕੇ 8.40 ਫੀਸਦੀ ਕਰ ਦਿੱਤਾ ਗਿਆ ਹੈ। ਤਿੰਨ ਮਹੀਨਿਆਂ ਦੀ ਐੱਮ.ਸੀ.ਐੱਲ.ਆਰ ਨੂੰ ਵਧਾ ਕੇ 8.45 ਫੀਸਦੀ ਕਰ ਦਿੱਤਾ ਗਿਆ ਹੈ। 6 ਮਹੀਨਿਆਂ ਲਈ ਐੱਮ.ਸੀ.ਐੱਲ.ਆਰ ਨੂੰ ਵਧਾ ਕੇ 8.60 ਫੀਸਦੀ ਅਤੇ ਇੱਕ ਦਿਨ ਲਈ ਐੱਮ.ਸੀ.ਐੱਲ.ਆਰ ਨੂੰ 8.50 ਫੀਸਦੀ ਤੱਕ ਵਧਾ ਦਿੱਤਾ ਗਿਆ ਹੈ।
ਪੀ.ਐੱਨ.ਬੀ. ਐੱਮ.ਸੀ.ਐੱਲ.ਆਰ ਦਰਾਂ
ਪੰਜਾਬ ਨੈਸ਼ਨਲ ਬੈਂਕ ਨੇ ਐੱਮ.ਸੀ.ਐੱਲ.ਆਰ 0.20 ਤੋਂ ਵਧਾ ਕੇ 0.40 ਫੀਸਦੀ ਕਰ ਦਿੱਤਾ ਹੈ। ਬੈਂਕ ਨੇ ਇਕ ਸਾਲ ਦੇ ਐੱਮ.ਸੀ.ਐੱਲ.ਆਰ ਨੂੰ 0.20 ਫੀਸਦੀ ਵਧਾ ਕੇ 8.30 ਫੀਸਦੀ ਕਰ ਦਿੱਤਾ ਹੈ। ਹੁਣ ਤੱਕ ਇਹ 8.10 ਫੀਸਦੀ ਸੀ। ਇਕ ਮਹੀਨੇ ਦੇ ਐੱਮ.ਸੀ.ਐੱਲ.ਆਰ ਨੂੰ 0.40 ਫੀਸਦੀ ਵਧਾ ਕੇ 7.90 ਫੀਸਦੀ ਕਰ ਦਿੱਤਾ ਗਿਆ ਹੈ। ਤਿੰਨ ਮਹੀਨਿਆਂ ਦੀ ਐੱਮ.ਸੀ.ਐੱਲ.ਆਰ ਨੂੰ 0.40 ਫੀਸਦੀ ਵਧਾ ਕੇ 8.00 ਫੀਸਦੀ ਕਰ ਦਿੱਤਾ ਗਿਆ ਹੈ। 6 ਮਹੀਨਿਆਂ ਦੀ ਐੱਮ.ਸੀ.ਐੱਲ.ਆਰ  ਨੂੰ 0.40 ਫੀਸਦੀ ਵਧਾ ਕੇ 8.20 ਫੀਸਦੀ ਕਰ ਦਿੱਤਾ ਗਿਆ ਹੈ ਅਤੇ ਇਕ ਦਿਨ ਦਾ ਐੱਮ.ਸੀ.ਐੱਲ.ਆਰ 0.35 ਫੀਸਦੀ ਵਧਾ ਕੇ 7.80 ਫੀਸਦੀ ਕਰ ਦਿੱਤਾ ਗਿਆ ਹੈ।
ਵਧ ਜਾਵੇਗੀ ਤੁਹਾਡੀ ਈ.ਐੱਮ.ਆਈ
ਐੱਮ.ਸੀ.ਐੱਲ.ਆਰ 'ਚ ਵਾਧੇ ਨਾਲ ਮਆਦੀ ਕਰਜ਼ੇ 'ਤੇ ਈ.ਐੱਮ.ਆਈ ਵਧਣ ਦੀ ਉਮੀਦ ਹੈ। ਜ਼ਿਆਦਾਤਰ ਉਪਭੋਗਤਾ ਕਰਜ਼ੇ ਇੱਕ ਸਾਲ ਦੀ ਸੀਮਾਂਤ ਲਾਗਤ ਅਧਾਰਤ ਉਧਾਰ ਦਰ 'ਤੇ ਅਧਾਰਤ ਹੁੰਦੇ ਹਨ। ਅਜਿਹੇ 'ਚ ਐੱਮ.ਸੀ.ਐੱਲ.ਆਰ 'ਚ ਵਾਧੇ ਨਾਲ ਨਿੱਜੀ ਲੋਨ, ਆਟੋ ਅਤੇ ਹੋਮ ਲੋਨ ਮਹਿੰਗੇ ਹੋ ਸਕਦੇ ਹਨ।


author

Aarti dhillon

Content Editor

Related News