SBI ਕ੍ਰੈਡਿਟ ਕਾਰਡ ਧਾਰਕਾਂ ਲਈ ਵੱਡਾ ਝਟਕਾ, ਵੱਡੇ ਟ੍ਰਾਂਜ਼ੈਕਸ਼ਨਾਂ ''ਤੇ ਦੇਣਾ ਪਵੇਗਾ ਵਾਧੂ ਚਾਰਜ
Sunday, Nov 01, 2026 - 02:30 AM (IST)
ਨਵੀਂ ਦਿੱਲੀ : ਜੇਕਰ ਤੁਸੀਂ ਭਾਰਤੀ ਸਟੇਟ ਬੈਂਕ (SBI) ਦਾ ਕ੍ਰੈਡਿਟ ਕਾਰਡ ਵਰਤਦੇ ਹੋ, ਤਾਂ 1 ਦਸੰਬਰ ਤੋਂ ਵੱਡੇ ਟ੍ਰਾਂਜ਼ੈਕਸ਼ਨਾਂ 'ਤੇ ਤੁਹਾਨੂੰ ਵਾਧੂ ਫ਼ੀਸ ਦੇਣੀ ਪਵੇਗੀ। ਐੱਸ.ਬੀ.ਆਈ. ਕਾਰਡ (SBI Card) ਨੇ ਆਪਣੇ ਫ਼ੀਸ ਢਾਂਚੇ ਵਿੱਚ 1 ਦਸੰਬਰ ਤੋਂ ਬਦਲਾਅ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਤੈਅ ਸੀਮਾ ਤੋਂ ਵੱਧ ਦੇ ਟ੍ਰਾਂਸਪੋਰਟੇਸ਼ਨ ਅਤੇ ਫਿਊਲ (ਤੇਲ) ਖ਼ਰਚਿਆਂ 'ਤੇ ਕਾਰਡਧਾਰਕਾਂ ਤੋਂ ਵਾਧੂ ਸ਼ੁਲਕ ਲਿਆ ਜਾਵੇਗਾ। ਕੰਪਨੀ ਵੱਲੋਂ ਜਾਰੀ ਨੋਟਿਸ ਮੁਤਾਬਕ, ਵੱਡੇ ਟ੍ਰਾਂਸਪੋਰਟੇਸ਼ਨ ਭੁਗਤਾਨ ਅਤੇ ਬਿਲਿੰਗ ਸਾਈਕਲ ਵਿੱਚ ਵੱਧ ਫਿਊਲ ਖ਼ਰਚ ਕਰਨ ਵਾਲੇ ਗਾਹਕ ਇਸ ਦੇ ਘੇਰੇ ਵਿੱਚ ਆਉਣਗੇ।
ਨਵੇਂ ਨਿਯਮਾਂ ਅਨੁਸਾਰ, 30,000 ਰੁਪਏ ਤੋਂ ਵੱਧ ਦੇ ਹਰੇਕ ਟ੍ਰਾਂਸਪੋਰਟੇਸ਼ਨ ਟ੍ਰਾਂਜ਼ੈਕਸ਼ਨ 'ਤੇ 1 ਫ਼ੀਸਦੀ ਵਾਧੂ ਫ਼ੀਸ ਲਗਾਈ ਜਾਵੇਗੀ। ਇਹ ਪੇਮੈਂਟਸ ਮਰਚੈਂਟ ਕੈਟੇਗਰੀ ਕੋਡ (MCC) 4111, 4784 ਅਤੇ 4131 ਦੇ ਆਧਾਰ 'ਤੇ ਪਛਾਣੇ ਜਾਣਗੇ, ਜੋ ਕਿ ਵੱਖ-ਵੱਖ ਟ੍ਰਾਂਸਪੋਰਟੇਸ਼ਨ ਸੇਵਾਵਾਂ ਲਈ ਵਰਤੇ ਜਾਂਦੇ ਹਨ। ਉਦਾਹਰਨ ਵਜੋਂ, ਜੇਕਰ ਕੋਈ ਗਾਹਕ ਕਿਸੇ ਪ੍ਰਮਾਣਿਤ ਟ੍ਰਾਂਸਪੋਰਟੇਸ਼ਨ ਸੇਵਾ ਲਈ 35,000 ਰੁਪਏ ਦਾ ਭੁਗਤਾਨ ਕਰਦਾ ਹੈ, ਤਾਂ ਉਸ ਨੂੰ 350 ਰੁਪਏ ਵਾਧੂ ਦੇਣੇ ਪੈਣਗੇ। ਇਸੇ ਤਰ੍ਹਾਂ 50,000 ਰੁਪਏ ਦੇ ਭੁਗਤਾਨ 'ਤੇ 500 ਰੁਪਏ ਫ਼ੀਸ ਲੱਗੇਗੀ। ਇਹ ਚਾਰਜ ਪੂਰੇ ਬਿਲਿੰਗ ਸਾਈਕਲ 'ਤੇ ਨਹੀਂ, ਸਗੋਂ 30,000 ਰੁਪਏ ਤੋਂ ਵੱਧ ਦੇ ਹਰੇਕ ਟ੍ਰਾਂਜ਼ੈਕਸ਼ਨ 'ਤੇ ਲਾਗੂ ਹੋਵੇਗਾ।
ਪੈਟਰੋਲ ਅਤੇ ਡੀਜ਼ਲ 'ਤੇ ਹੋਣ ਵਾਲੇ ਖ਼ਰਚਿਆਂ ਲਈ ਵੀ ਨਿਯਮ ਬਦਲੇ ਗਏ ਹਨ। ਹੁਣ ਜੇਕਰ ਕਿਸੇ ਕਾਰਡਧਾਰਕ ਦਾ ਇੱਕ ਬਿਲਿੰਗ ਸਾਈਕਲ ਵਿੱਚ ਕੁੱਲ ਫਿਊਲ ਖ਼ਰਚ 50,000 ਰੁਪਏ ਤੋਂ ਵੱਧ ਹੁੰਦਾ ਹੈ, ਤਾਂ ਪੂਰੀ ਰਕਮ 'ਤੇ 1 ਫ਼ੀਸਦੀ ਫ਼ੀਸ ਲਗਾਈ ਜਾਵੇਗੀ। ਉਦਾਹਰਨ ਵਜੋਂ, ਜੇਕਰ ਕਿਸੇ ਯੂਜ਼ਰ ਨੇ ਬਿਲਿੰਗ ਸਾਈਕਲ ਦੌਰਾਨ ਤੇਲ 'ਤੇ ਕੁੱਲ 55,000 ਰੁਪਏ ਖ਼ਰਚ ਕੀਤੇ, ਤਾਂ ਉਸ ਨੂੰ 550 ਰੁਪਏ ਵਾਧੂ ਚਾਰਜ ਦੇਣਾ ਪਵੇਗਾ। ਇਹ ਚਾਰਜ ਸਿਰਫ਼ 50,000 ਰੁਪਏ ਤੋਂ ਉੱਪਰ ਦੀ ਰਕਮ 'ਤੇ ਨਹੀਂ, ਸਗੋਂ ਪੂਰੇ 55,000 ਰੁਪਏ 'ਤੇ ਹਿਸਾਬ ਲਗਾ ਕੇ ਵਸੂਲਿਆ ਜਾਵੇਗਾ।
