ਕੋਵਿਡ-19 ਮਹਾਮਾਰੀ ਦੇ ਬਾਵਜੂਦ ਬਰਜਰ ਪੇਂਟਸ ਦੀ ਨਿਵੇਸ਼ ਯੋਜਨਾ ਪਟੜੀ ''ਤੇ, ਬਾਜ਼ਾਰ ਹਿੱਸੇਦਾਰੀ ਵਧਾਉਣ ਦਾ ਟੀਚਾ
Saturday, Sep 26, 2020 - 10:21 PM (IST)
ਕੋਲਕਾਤਾ (ਭਾਸ਼ਾ)–ਦੇਸ਼ ਦੀ ਦੂਜੀ ਸਭ ਤੋਂ ਵੱਡੀ ਪੇਂਟ ਕੰਪਨੀ ਬਰਜਰ ਪੇਂਟਸ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਬਾਵਜੂਦ ਚਾਲੂ ਵਿੱਤੀ ਸਾਲ ਲਈ ਉਸ ਦਾ ਪੂੰਜੀ ਨਿਵੇਸ਼ ਪ੍ਰਭਾਵਿਤ ਨਹੀਂ ਹੋਇਆ ਹੈ। ਕੰਪਨੀ ਨੇ ਕਿਹਾ ਕਿ 2020-21 'ਚ ਵੀ ਉਸ ਦਾ ਨਿਵੇਸ਼ ਪਿਛਲੇ ਸਾਲ ਦੇ ਬਰਾਬਰ ਰਹੇਗਾ। ਕੰਪਨੀ ਦੇ ਪ੍ਰਮੁੱਖ ਨਿਵੇਸ਼ ਲਖਨਊ ਦੇ ਕੋਲ ਸਾਂਡਿਲਾ ਪਲਾਂਟ 'ਚ ਕਰੀਬ 260 ਕਰੋੜ ਰੁਪਏ ਦਾ ਰਹੇਗਾ। ਇਸ ਪਲਾਂਟ ਦੇ 2022 ਤੋਂ ਆਪ੍ਰੇਟਿੰਗ 'ਚ ਆਉਣ ਦੀ ਉਮੀਦ ਹੈ।
ਕੰਪਨੀ ਦੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਭਿਜੀਤ ਰਾਏ ਨੇ ਕਿਹਾ ਕਿ ਅਸੀਂ ਪੇਂਟ ਬਾਜ਼ਾਰ ਦੀ ਮੋਹਰੀ ਕੰਪਨੀ ਏਸ਼ੀਅਨ ਪੇਂਟਸ ਦੇ ਨਾਲ ਅੰਤਰ ਨੂੰ ਘੱਟ ਕਰਨ ਲਈ ਕੁਝ ਰਣਨੀਤੀਆਂ ਲਾਗੂ ਕਰ ਰਹੇ ਹਾਂ। ਪੇਂਟ ਉਦਯੋਗ 'ਚ ਏਸ਼ੀਅਨ ਪੇਂਟਸ ਦੀ ਬਾਜ਼ਾਰ ਹਿੱਸੇਦਾਰੀ ਕਰੀਬ 50 ਫੀਸਦੀ ਹੈ। ਰਾਏ ਨੇ ਕਿਹਾ ਕਿ ਅਸੀਂ ਆਪਣੀ ਬਾਜ਼ਾਰ ਹਿੱਸੇਦਾਰੀ ਵਧਾਉਣਾ ਚਾਹੁੰਦੇ ਹਾਂ ਅਤੇ ਏਸ਼ੀਅਨ ਪੇਂਟਸ ਨਾਲ ਅੰਤਰ ਨੂੰ ਘੱਟ ਕਰਨਾ ਚਾਹੁੰਦੇ ਹਾਂ। ਸਾਡਾ ਇਹੀ ਯਤਨ ਹੈ। ਇਸ ਲਈ ਅਸੀਂ ਕਈ ਉਪਾਅ ਕੀਤੇ ਹਨ।