ਟ੍ਰਾਂਜੈਕਸ਼ਨ ਫੇਲ ਹੋਣ ਦੇ ਬਾਵਜੂਦ ਕੱਟੇ ਪੈਸੇ ਤਾਂ ਤੁਰੰਤ ਰਿਫੰਡ ਕਰਨਗੇ ਬੈਂਕ, RBI ਦੇ ਸਕਦੈ ਦਖਲ
Sunday, Jan 03, 2021 - 09:39 AM (IST)
ਨਵੀਂ ਦਿੱਲੀ(ਇੰਟ.) – ਆਉਣ ਵਾਲੇ ਦਿਨਾਂ ’ਚ ਅਸਫਲ ਜਾਂ ਰੱਦ ਬੈਂਕਿੰਗ ਲੈਣ-ਦੇਣ ’ਚ ਕੱਟੀ ਗਈ ਰਕਮ ਨੂੰ ਬੈਂਕ ਤੁਰੰਤ ਰਿਫੰਡ ਕਰਨਗੇ। ਦਰਅਸਲ ਖਪਤਕਾਰ ਸੁਰੱਖਿਆ ਰੈਗੁਲੇਟਰੀ ਸੀ. ਸੀ. ਪੀ. ਏ. ਨੇ ਆਰ. ਬੀ. ਆਈ. ਨੂੰ ਇਸ ਮਾਮਲੇ ’ਚ ਦਖਲ ਦੇਣ ਲਈ ਕਿਹਾ ਹੈ, ਤਾਂ ਕਿ ਸਮੇਂ ਸਿਰ ਪੈਸੇ ਦੀ ਵਾਪਸੀ ਯਕੀਨੀ ਕੀਤੀ ਜਾ ਸਕੇ।
ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ (ਸੀ. ਸੀ. ਪੀ. ਏ.) ਦੀ ਮੁੱਖ ਕਮਿਸ਼ਨਰ ਨਿਧੀ ਖਰੇ ਨੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਡਿਪਟੀ ਗਵਰਨਰ ਐੱਮ. ਕੇ. ਜੈਨ. ਨੂੰ ਲਿਖੇ ਪੱਤਰ ’ਚ ਕਿਹਾ ਕਿ ਲੈਣ-ਦੇਣ ਅਸਫਲ/ਰੱਦ ਹੋਣ, ਪਰ ਪੈਸੇ ਰਿਫੰਡ ਨਾ ਹੋਣ ਦੀਆਂ 2,850 ਸ਼ਿਕਾਇਤਾਂ ਪੈਂਡਿੰਗ ਹਨ। ਬੈਂਕਿੰਗ ਖੇਤਰ ’ਚ ਰਜਿਸਟਰਡ ਹੋਣ ਵਾਲੀਆਂ ਸ਼ਿਕਾਇਤਾਂ ’ਚ 20 ਫੀਸਦੀ ਸਰਕਾਰ ਵਲੋਂ ਸੰਚਾਲਿਤ ਰਾਸ਼ਟਰੀ ਖਪਤਕਾਰ ਹੈਲਪਲਾਈਨ (ਐੱਨ. ਸੀ. ਐੱਚ.) ਰਾਹੀਂ ਕੀਤੀਆਂ ਜਾਂਦੀਆਂ ਹਨ।
ਇਹ ਵੀ ਵੇਖੋ - ਸਿਰਫ਼ ਇਕ 'ਮਿਸ ਕਾਲ' ਨਾਲ LPG ਸਿਲੰਡਰ ਹੋ ਜਾਵੇਗਾ ਬੁੱਕ, ਹੁਣੇ ਨੋਟ ਕਰੋ ਇਹ ਨੰਬਰ
ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਬੈਂਕ ਖਪਤਕਾਰ ਜਾਂ ਲਾਭਪਾਤਰੀ ਦੇ ਖਾਤੇ ’ਚ ਧਨ ਰਾਸ਼ੀ ਜਮ੍ਹਾ ਕਰ ਦਿੰਦੇ ਹਨ ਪਰ ਇਸ ਨੂੰ ਆਰ. ਬੀ. ਆਈ. ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਮੇਂ ਸਿਰ ਨਹੀਂ ਕੀਤਾ ਜਾ ਰਿਹਾ। ਖਰੇ ਨੇ ਕਿਹਾ ਕਿ ਅਜਿਹੇ ’ਚ ਆਰ. ਬੀ. ਆਈ. ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਬੈਂਕਾਂ ਨੂੰ ਸਮਾਂ ਹੱਦ ਦੇ ਅੰਦਰ ਦਾਅਵਿਆਂ ਦਾ ਨਿਪਟਾਰਾ ਕਰਨ ਦੀ ਲੋੜ ਹੈ। ਖਰੇ ਨੇ ਕਿਹਾ ਕਿ ਬੈਂਕਿੰਗ ਰੈਗੁਲੇਟਰੀ ਹੋਣ ਦੇ ਨਾਤੇ ਆਰ. ਬੀ. ਆਈ. ਨੂੰ ਬੇਨਤੀ ਹੈ ਕਿ ਉਹ ਇਸ ਮਾਮਲੇ ’ਚ ਧਿਆਨ ਦੇਵੇ ਅਤੇ ਤੈਅ ਦਿਸ਼ਾ-ਨਿਰਦੇਸ਼ਾਂ ਮੁਤਾਬਕ ਨਿਰਧਾਰਤ ਸਮਾਂ ਹੱਦ ਦੀ ਪਾਲਣ ਕਰਨ ਲਈ ਬੈਂਕਾਂ ਨੂੰ ਕਹੇ।
ਇਹ ਵੀ ਵੇਖੋ - ਡਰੈਗਨ ਨੂੰ ਵੱਡਾ ਝਟਕਾ, ਤਿੰਨ ਚੀਨੀ ਕੰਪਨੀਆਂ ਨੂੰ ਅਮਰੀਕਾ ਨੇ ਸ਼ੇਅਰ ਬਾਜ਼ਾਰ ਤੋਂ ਕੀਤਾ ਬਾਹਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।