ਬੈਂਕ ਆਫ ਇੰਡੀਆ ਦਾ ਮੁਨਾਫਾ ਵਧ ਕੇ ਦੁੱਗਣੇ ਤੋਂ ਜ਼ਿਆਦਾ ਹੋਇਆ
Friday, Nov 06, 2020 - 11:05 PM (IST)
ਨਵੀਂ ਦਿੱਲੀ–ਬੈਂਕ ਆਫ ਇੰਡੀਆ ਨੇ ਕਿਹਾ ਕਿ 30 ਸਤੰਬਰ ਨੂੰ ਖਤਮ ਹੋਈ ਵਿੱਤੀ ਸਾਲ 2020-21 ਦੀ ਦੂਜੀ ਤਿਮਾਹੀ ’ਚ ਉਸ ਦਾ ਸ਼ੁੱਧ ਲਾਭ ਦੁੱਗਣੇ ਤੋਂ ਜ਼ਿਆਦਾ ਵਧ ਕੇ 543.47 ਕਰੋੜ ਰੁਪਏ ਹੋ ਗਿਆ। ਬੈਂਕ ਨੇ ਬੀਤੇ ਵਿੱਤੀ ਸਾਲ ਦੀ ਸਮਾਨ ਮਿਆਦ ’ਚ 257.31 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਸੀ।
ਜਨਤਕ ਖੇਤਰ ਦੇ ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਜੁਲਾਈ-ਸਤੰਬਰ 2020 ਦੌਰਾਨ ਉਸ ਦੀ ਕੁਲ ਆਮਦਨ ਵਧ ਕੇ 12,477.79 ਕਰੋੜ ਰੁਪਏ ਹੋ ਗਈ, ਜੋ ਬੀਤੇ ਸਾਲ ਦੀ ਸਮਾਨ ਮਿਆਦ ’ਚ 12,062.55 ਕਰੋੜ ਰੁਪਏ ਸੀ। ਬੈਂਕ ਨੇ ਦੱਸਿਆ ਕਿ ਸਿੰਗਲ ਆਧਾਰ ’ਤੇ ਉਸ ਦਾ ਸ਼ੁੱਧ ਲਾਭ ਵਧ ਕੇ 525.78 ਕਰੋੜ ਰੁਪਏ ਹੋ ਗਿਆ, ਜੋ ਇਕ ਸਾਲ ਪਹਿਲਾਂ ਦੀ ਸਮਾਨ ਮਿਆਦ ’ਚ 266.37 ਕਰੋੜ ਰੁਪਏ ਸੀ। ਬੈਂਕ ਦੀ ਕੁਲ ਨਾਨ ਪ੍ਰਫਾਰਮਿੰਗ ਅਸੈਟਸ (ਐੱਨ. ਪੀ. ਏ.) 30 ਸਤੰਬਰ 2020 ਤੱਕ ਕੁਲ ਕਰਜ਼ੇ ਦੇ ਮੁਕਾਬਲੇ 13.79 ਫੀਸਦੀ ਸਨ। ਇਕ ਸਾਲ ਪਹਿਲਾਂ ਦੀ ਸਮਾਨ ਮਿਆਦ ’ਚ ਇਹ ਅੰਕੜਾ 16.31 ਫੀਸਦੀ ਸੀ।