ਬੈਂਕ ਆਫ ਇੰਡੀਆ ''ਚ 10,086 ਕਰੋੜ ਰੁਪਏ ਦੀ ਪੂੰਜੀ ਪਾਵੇਗਾ ਕੇਂਦਰ
Sunday, Dec 30, 2018 - 09:32 AM (IST)

ਨਵੀਂ ਦਿੱਲੀ—ਸਰਕਾਰ ਨੇ ਬੈਂਕ ਆਫ ਇੰਡੀਆ 'ਚ 10,086 ਕਰੋੜ ਰੁਪਏ ਦੀ ਪੂੰਜੀ ਪਾਉਣ ਦਾ ਫੈਸਲਾ ਕੀਤਾ ਹੈ। ਸਰਕਾਰੀ ਅਗਵਾਈ ਵਾਲੇ ਬੈਂਕ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਜਨਤਕ ਖੇਤਰ ਦੇ ਅੱਧੇ ਦਰਜਨ ਤੋਂ ਜ਼ਿਆਦਾ ਬੈਂਕਾਂ 'ਚ 28,615 ਕਰੋੜ ਦੀ ਪੂੰਜੀ ਪਾਉਣ ਦੀ ਸਰਕਾਰ ਦੀ ਯੋਜਨਾ ਦੇ ਤਹਿਤ ਇਹ ਰਾਸ਼ੀ ਬੈਂਕ ਆਫ ਇੰਡੀਆ ਨੂੰ ਉਪਲੱਬਧ ਕਰਵਾਈ ਜਾਵੇਗੀ।
ਬੈਂਕ ਆਫ ਇੰਡੀਆ ਨੇ ਰੇਗੂਲੇਟਰ ਨੂੰ ਦਿੱਤੀ ਗਈ ਜਾਣਕਾਰੀ 'ਚ ਕਿਹਾ ਕਿ ਵਿੱਤੀ ਮੰਤਰਾਲੇ ਨੇ 26 ਦਸੰਬਰ ਨੂੰ ਉਸ ਨੂੰ ਪੂੰਜੀ ਪਾਏ ਜਾਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ਼ੇਅਰਾਂ ਦੀ ਤਰਜ਼ੀਹੀ ਵੰਡ ਦੇ ਰਾਹੀਂ ਇਹ ਪੂੰਜੀ ਪਾਈ ਜਾਵੇਗੀ। ਸੂਤਰਾਂ ਮੁਤਾਬਕ ਸਰਕਾਰ ਨੇ ਜਨਤਕ ਖੇਤਰਾਂ ਦੇ ਸੱਤ ਬੈਂਕਾਂ 'ਚ ਮੁੜਪੂੰਜੀਕਰਣ ਬਾਂਡ ਦੇ ਰਾਹੀਂਂ 28,615 ਕਰੋੜ ਰੁਪਏ ਪਾਉਣ ਦਾ ਫੈਸਲਾ ਕੀਤਾ ਹੈ।
ਸਰਕਾਰ ਨੇ ਚਾਲੂ ਵਿੱਤੀ ਸਾਲ ਦੌਰਾਨ ਜਨਤਕ ਖੇਤਰ ਦੇ ਬੈਂਕਾਂ 'ਚ 65,000 ਕਰੋੜ ਦੀ ਪੂੰਜੀ ਪਾਉਣ ਦਾ ਐਲਾਨ ਕੀਤਾ ਸੀ। ਇਸ 'ਚੋਂ 23,000 ਕਰੋੜ ਪਹਿਲਾਂ ਹੀ ਵੰਡੇ ਜਾ ਚੁੱਕੇ ਹਨ, ਜਦੋਂ ਕਿ ਬਾਕੀ 42,000 ਕਰੋੜ ਰੁਪਏ ਦੀ ਪੂੰਜੀ ਅਜੇ ਉਪਲੱਬਧ ਕਰਵਾਈ ਜਾਣੀ ਹੈ।
ਵਿੱਤੀ ਮੰਤਰੀ ਅਰੁਣ ਜੇਤਲੀ ਨੇ ਇਸ ਮਹੀਨੇ ਦੇ ਸ਼ੁਰੂਆਤ 'ਚ ਕਿਹਾ ਕਿ ਸਰਕਾਰ ਜਨਤਕ ਖੇਤਰ ਦੇ ਬੈਂਕਾਂ 'ਚ 41,000 ਕਰੋੜ ਰੁਪਏ ਦੀ ਹੋਰ ਪੂੰਜੀ ਪਾਵੇਗੀ। ਇਹ ਰਾਸ਼ੀ ਪਹਿਲਾਂ ਐਲਾਨ ਰਾਸ਼ੀ ਤੋਂ ਵੱਖਰੀ ਹੋਵੇਗੀ। ਸਰਕਾਰ ਨੇ 20 ਦਸੰਬਰ ਨੂੰ ਬੈਂਕਾਂ 'ਚ ਪਾਉਣ ਲਈ 41,000 ਕਰੋੜ ਰੁਪਏ ਦੀ ਰਾਸ਼ੀ ਲਈ ਸੰਸਦ ਦੀ ਮਨਜ਼ੂਰੀ ਮੰਗੀ ਹੈ।