ਫਸਲਾਂ ''ਤੇ ਨਹੀਂ ਪਵੇਗੀ ਮੌਸਮ ਦੀ ਮਾਰ, ਅਜਿਹੇ 497 ਬੀਜ ਹੋਏ ਤਿਆਰ
Sunday, Aug 12, 2018 - 03:29 PM (IST)
ਨਵੀਂ ਦਿੱਲੀ— ਕਿਸਾਨਾਂ ਦੀ ਸਭ ਤੋਂ ਵੱਡੀ ਚਿੰਤਾ ਫਸਲਾਂ 'ਤੇ ਖਰਾਬ ਮੌਸਮ ਦੀ ਮਾਰ ਹੈ ਪਰ ਹੁਣ ਦੇਸ਼ 'ਚ ਅਜਿਹੀ ਖੇਤੀ ਹੋਵੇਗੀ, ਜਿਸ 'ਤੇ ਖਰਾਬ ਮੌਸਮ ਦਾ ਅਸਰ ਨਹੀਂ ਪਵੇਗਾ ਅਤੇ ਪੈਦਾਵਾਰ ਵੀ ਜ਼ਿਆਦਾ ਹੋਵੇਗੀ। ਇਸ ਲਈ ਖੇਤੀਬਾੜੀ ਮੰਤਰਾਲੇ ਨੇ 720 'ਚੋਂ 623 ਜ਼ਿਲਿਆਂ ਦੇ ਜਲਵਾਯੂ ਅਨੁਸਾਰ ਵੱਖ-ਵੱਖ ਪਲਾਨ ਤਿਆਰ ਕੀਤੇ ਹਨ। ਇਨ੍ਹਾਂ ਜ਼ਿਲਿਆਂ ਲਈ 497 ਅਜਿਹੇ ਬੀਜ ਤਿਆਰ ਕੀਤੇ ਗਏ ਹਨ, ਜੋ ਖਰਾਬ ਮੌਸਮ 'ਚ ਵੀ ਪੂਰੀ ਪੈਦਾਵਾਰ ਦੇਣਗੇ। 'ਸੈਂਟਰਲ ਰਿਸਰਚ ਇੰਸਟੀਚਿਊਟ ਆਫ ਡ੍ਰਾਈਲੈਂਡ ਐਗਰੀਕਲਚਰ, ਹੈਦਰਾਬਾਦ' ਨੇ ਇਸ ਤਰ੍ਹਾਂ ਦੀ ਖੇਤੀ ਕਰਾਉਣ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ।
ਝੋਨੇ ਦੀਆਂ 13 ਕਿਸਮਾਂ ਦੇ ਅਜਿਹੇ ਬੀਜ ਤਿਆਰ ਕੀਤੇ ਗਏ ਹਨ, ਜੋ 20-20 ਦਿਨ ਤਕ ਪਾਣੀ 'ਚ ਡੁੱਬੇ ਰਹਿਣ ਦੇ ਬਾਅਦ ਵੀ ਨਸ਼ਟ ਨਹੀਂ ਹੋਣਗੇ। ਇਸੇ ਤਰ੍ਹਾਂ ਸੋਕੇ 'ਤੇ ਵੀ ਆਮ ਪੈਦਾਵਾਰ ਕਰਨ ਵਾਲੇ 15 ਬੀਜ ਤਿਆਰ ਕੀਤੇ ਗਏ ਹਨ। ਇਸ ਦੇ ਇਲਾਵਾ ਕਣਕ, ਮੱਕਾ, ਬਾਜਰਾ, ਜਵਾਰ, ਅਲਸੀ, ਛੋਲੇ, ਮਸਰ, ਗੰਨੇ ਸਮੇਤ ਕਈ ਫਸਲਾਂ ਦੇ ਬੀਜ ਤਿਆਰ ਕੀਤੇ ਗਏ ਹਨ, ਜਿਨ੍ਹਾਂ ਨੂੰ ਹੜ੍ਹ, ਸੋਕੇ ਦੇ ਇਲਾਵਾ ਬੀਮਾਰੀ ਹੋਣ ਜਾਂ ਕੀਟਾਣੂ ਦੀ ਚਪੇਟ 'ਚ ਆਉਣ 'ਤੇ ਵੀ ਕੋਈ ਨੁਕਸਾਨ ਨਹੀਂ ਹੋਵੇਗਾ।
ਇਸ ਸਾਲ ਦੇ ਅਖੀਰ ਤਕ ਸਾਰੇ ਜ਼ਿਲਿਆਂ ਨੂੰ ਇਸ ਯੋਜਨਾ ਤਹਿਤ ਕਵਰ ਕੀਤਾ ਜਾਵੇਗਾ। ਰਿਸਰਚ ਟੀਮ ਨੇ ਦੇਸ਼ ਭਰ ਦੇ 700 ਖੇਤੀਬਾੜੀ ਵਿਗਿਆਨ ਕੇਂਦਰਾਂ ਦੀ ਮਦਦ ਨਾਲ ਹਰੇਕ ਜ਼ਿਲੇ ਦੀ ਜਲਵਾਯੂ ਦਾ ਅਧਿਐਨ ਕੀਤਾ ਹੈ। ਇਸ 'ਚ ਖੇਤੀ ਦੀ ਮਿੱਟੀ, ਮੌਸਮ, ਜ਼ਮੀਨ ਦਾ ਇਸਤੇਮਾਲ, ਜਲਵਾਯੂ, ਨਮੀ ਆਦਿ ਸ਼ਾਮਲ ਹਨ। ਇਸ ਦੇ ਇਲਾਵਾ ਜ਼ਿਲੇ 'ਚ ਹੜ੍ਹ ਅਤੇ ਸੋਕੇ ਦੇ ਅੰਕੜੇ ਇਕੱਠੇ ਕਰਕੇ ਹਰ ਜ਼ਿਲੇ ਦੀ ਰਿਪੋਰਟ ਤਿਆਰ ਕੀਤੀ ਗਈ ਹੈ। ਪਲਾਨ ਮੁਤਾਬਕ, ਸੂਬਾ ਸਰਕਾਰਾਂ ਰਾਸ਼ਟਰੀ ਬੀਜ ਕਾਰਪੋਰੇਸ਼ਨ ਲਿਮਟਿਡ ਤੋਂ ਜ਼ਰੂਰਤ ਨੂੰ ਦੇਖਦੇ ਹੋਏ ਬੀਜ ਮੰਗਵਾ ਸਕਦੀਆਂ ਹਨ। ਜੇਕਰ ਕੋਈ ਕਿਸਾਨ ਨਿੱਜੀ ਤੌਰ 'ਤੇ ਬੀਜ ਮੰਗਾਉਣਾ ਚਾਹੁੰਦਾ ਹੈ, ਤਾਂ ਜ਼ਿਲੇ ਦੇ ਕਿਸਾਨ ਵਿਗਿਆਨ ਕੇਂਦਰ ਤੋਂ ਇਹ ਪਤਾ ਲਾਉਣਾ ਹੋਵੇਗਾ ਕਿ ਇਹ ਬੀਜ ਕਿਹੜੇ ਡੀਲਰ ਕੋਲ ਉਪਲੱਬਧ ਹਨ। ਦੇਸ਼ 'ਚ 2500 ਬੀਜ ਡੀਲਰ ਹਨ। ਕਿਸਾਨ ਭਾਰਤੀ ਖੇਤੀਬਾੜੀ ਰਿਸਰਚ ਕੌਂਸਲ ਤੋਂ ਵੀ ਬੀਜ ਲੈ ਸਕਦੇ ਹਨ, ਜਿਸ ਦੇ ਵਿਗਿਆਨਾਂ ਨੇ ਇਹ 497 ਬੀਜ ਵਿਕਸਤ ਕੀਤੇ ਹਨ।
