Anil Ambani  ਦੇ ਇਸ ਸਟਾਕ ''ਤੇ ਲੱਗ ਰਿਹਾ ਅੱਪਰ ਸਰਕਟ, ਬਾਜ਼ਾਰ ਖੁੱਲ੍ਹਦੇ 52 ਹਫਤੇ ਦੇ ਸਿਖਰ ''ਤੇ ਪਹੁੰਚਿਆ ਸ਼ੇਅਰ

Tuesday, Sep 24, 2024 - 11:10 AM (IST)

ਮੁੰਬਈ - ਭਾਰੀ ਕਰਜ਼ੇ ਦਾ ਸਾਹਮਣਾ ਕਰ ਰਹੇ ਕਾਰੋਬਾਰੀ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਪਾਵਰ ਦੇ ਸ਼ੇਅਰ 'ਤੇ ਅੱਜ ਲਗਾਤਾਰ ਪੰਜਵੇਂ ਦਿਨ ਅੱਪਰ ਸਰਕਟ ਲੱਗ ਗਿਆ। ਇਸ ਦੀ ਕੀਮਤ ਪੰਜ ਦਿਨਾਂ 'ਚ 25 ਫੀਸਦੀ ਵਧ ਕੇ 52 ਹਫਤਿਆਂ ਦੇ ਸਿਖਰ 'ਤੇ ਪਹੁੰਚ ਗਈ ਹੈ। ਬੀਐੱਸਈ 'ਤੇ ਪਿਛਲੇ ਸੈਸ਼ਨ 'ਚ ਇਹ 38.16 ਰੁਪਏ 'ਤੇ ਬੰਦ ਹੋਇਆ ਸੀ ਅਤੇ ਅੱਜ ਬਾਜ਼ਾਰ ਖੁੱਲ੍ਹਦੇ ਹੀ ਇਹ 5 ਫੀਸਦੀ ਦੇ ਵਾਧੇ ਨਾਲ 40.06 ਰੁਪਏ 'ਤੇ ਪਹੁੰਚ ਗਿਆ। ਇਸ ਵਾਧੇ ਨਾਲ ਕੰਪਨੀ ਦਾ ਮਾਰਕੀਟ ਕੈਪ 16,091.99 ਕਰੋੜ ਰੁਪਏ ਹੋ ਗਿਆ ਹੈ।

ਰਿਲਾਇੰਸ ਪਾਵਰ ਅਤੇ ਇਸ ਦੇ ਪ੍ਰਮੋਟਰ ਰਿਲਾਇੰਸ ਇੰਫਰਾ ਨੇ ਹਾਲ ਹੀ 'ਚ ਆਪਣਾ ਕਰਜ਼ਾ ਘਟਾਇਆ ਹੈ। ਰਿਲਾਇੰਸ ਪਾਵਰ ਆਪਣੇ ਪ੍ਰਮੋਟਰਾਂ ਅਤੇ ਚੋਣਵੇਂ ਨਿਵੇਸ਼ਕਾਂ ਨੂੰ ਨਵੇਂ ਇਕੁਇਟੀ ਸ਼ੇਅਰ ਜਾਂ ਪਰਿਵਰਤਨਯੋਗ ਵਾਰੰਟ ਜਾਰੀ ਕਰਕੇ ਕੁੱਲ 1,525 ਕਰੋੜ ਰੁਪਏ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਟਾਕ ਮਾਰਕੀਟ ਆਪਰੇਟਰ ਸੰਜੇ ਡਾਂਗੀ ਅਤੇ ਇਕਵਿਟੀ ਨਿਵੇਸ਼ਕ ਸੰਜੇ ਕੋਠਾਰੀ ਅਨਿਲ ਅੰਬਾਨੀ ਦੀ ਬਿਜਲੀ ਕੰਪਨੀ ਰਿਲਾਇੰਸ ਪਾਵਰ 'ਚ 925 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਤਿਆਰ ਹਨ। ਇਹ ਦੋਵੇਂ ਉੱਚ ਸੰਪਤੀ ਦੇ ਨਿਵੇਸ਼ਕ ਹਨ। ਇਸ ਕਦਮ ਦਾ ਉਦੇਸ਼ ਰਿਲਾਇੰਸ ਪਾਵਰ ਦੇ ਕਰਜ਼ੇ ਨੂੰ ਘਟਾਉਣਾ ਅਤੇ ਇਸ ਦੀਆਂ ਹਰੀ ਊਰਜਾ ਪਹਿਲਕਦਮੀਆਂ ਦਾ ਸਮਰਥਨ ਕਰਨਾ ਹੈ।

ਅਡਾਨੀ ਦੀ ਨਜ਼ਰ

ਇਸ ਤੋਂ ਇਲਾਵਾ ਰਿਲਾਇੰਸ ਇਨਫਰਾਸਟਰੱਕਚਰ ਵੀ ਰਿਲਾਇੰਸ ਪਾਵਰ 'ਚ 600 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਇਸ ਨਾਲ ਕੰਪਨੀ 'ਚ ਉਸ ਦੀ ਹਿੱਸੇਦਾਰੀ 23 ਫੀਸਦੀ ਤੋਂ ਵਧ ਕੇ 25 ਫੀਸਦੀ ਹੋ ਜਾਵੇਗੀ। ਹਾਲ ਹੀ 'ਚ ਰਿਲਾਇੰਸ ਪਾਵਰ ਦੇ ਸ਼ੇਅਰਾਂ 'ਚ ਕਾਫੀ ਵਾਧਾ ਹੋਇਆ ਹੈ। ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ ਉਸਨੇ ਆਪਣੀ ਸਹਾਇਕ ਕੰਪਨੀ ਵਿਦਰਭ ਇੰਡਸਟਰੀਜ਼ ਪਾਵਰ ਲਈ ਗਾਰੰਟਰ ਵਜੋਂ 3,872 ਕਰੋੜ ਰੁਪਏ ਦੀ ਸਾਰੀ ਦੇਣਦਾਰੀ ਦਾ ਭੁਗਤਾਨ ਕੀਤਾ ਹੈ। ਇਸ ਦਾ ਨਾਗਪੁਰ ਦੇ ਬੁਟੀਬੋਰੀ ਵਿੱਚ 600 ਮੈਗਾਵਾਟ ਦਾ ਪਾਵਰ ਪਲਾਂਟ ਹੈ ਜਿਸ ਉੱਤੇ ਅਡਾਨੀ ਗਰੁੱਪ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ। ਇਹ ਪਲਾਂਟ ਮੁੰਬਈ ਨੂੰ ਬਿਜਲੀ ਸਪਲਾਈ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਹੁਣ ਰਿਲਾਇੰਸ ਪਾਵਰ ਵਲੋਂ ਕਰਜ਼ਾ ਚੁਕਾਉਣ ਨਾਲ ਇਸ ਡੀਲ ਦੀ ਵੱਡੀ ਰੁਕਾਵਟ ਦੂਰ ਹੋ ਗਈ ਹੈ।
 


Harinder Kaur

Content Editor

Related News