SBI ਦੇ ਵਿੱਤੀ ਪ੍ਰਦਰਸ਼ਨ ਦੀ ਵਿਸ਼ਲੇਸ਼ਕ ਸ਼ਲਾਘਾ ਕਰ ਰਹੇ : ਦਿਨੇਸ਼ ਖਾਰਾ

Sunday, Nov 27, 2022 - 12:55 PM (IST)

SBI ਦੇ ਵਿੱਤੀ ਪ੍ਰਦਰਸ਼ਨ ਦੀ ਵਿਸ਼ਲੇਸ਼ਕ ਸ਼ਲਾਘਾ ਕਰ ਰਹੇ : ਦਿਨੇਸ਼ ਖਾਰਾ

ਕੋਲਕਾਤਾ (ਭਾਸ਼ਾ) - ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਦੇ ਚੇਅਰਮੈਨ ਦਿਨੇਸ਼ ਖਾਰਾ ਨੇ ਕਿਹਾ ਕਿ ਐੱਸ. ਬੀ. ਆਈ. ਦੇ ਵਿੱਤੀ ਪ੍ਰਦਰਸ਼ਨ ਦੀ ਵਿਸ਼ਲੇਸ਼ਕ ਅਤੇ ਬ੍ਰੋਕਿੰਗ ਕੰਪਨੀਆਂ ਸ਼ਲਾਘਾ ਕਰ ਰਹੀਆਂ ਹਨ। ਖਾਰਾ ਨੇ ਕਿਹਾ, “ਹਾਲ ਹੀ ਦੇ ਤਿਮਾਹੀ ਵਿੱਤੀ ਨਤੀਜਿਆਂ ’ਚ ਬੈਂਕ ਦਾ ਲਾਭ ਹੁਣ ਤੱਕ ਦਾ ਸਭ ਤੋਂ ਉੱਚਾ ਰਿਹਾ ਹੈ। ਐੱਸ. ਬੀ. ਆਈ. ਨੇ ਹੁਣ ਤਕ ਦੇ ਕਿਸੇ ਵੀ ਕੰਪਨੀ ਦੇ ਸਭ ਤੋਂ ਵੱਧ ਲਾਭ ਨੂੰ ਪਾਰ ਕਰ ਲਿਆ ਹੈ ਅਤੇ ਵਿਸ਼ਲੇਸ਼ਕ ਅਤੇ ਬ੍ਰੋਕਿੰਗ ਕੰਪਨੀਆਂ ਇਸ ਦੀ ਸ਼ਲਾਘਾ ਕਰ ਰਹੀਆਂ ਹਨ।’’ ਜ਼ਿਕਰਯੋਗ ਹੈ ਕਿ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਐੱਸ. ਬੀ. ਆਈ. ਦਾ ਸ਼ੁੱਧ ਲਾਭ ਸਾਲਾਨਾ ਆਧਾਰ ’ਤੇ 74 ਫੀਸਦੀ ਉੱਛਲ ਕੇ 13,265 ਕਰੋੜ ਰੁਪਏ ਰਿਹਾ ਹੈ। ਖਾਰਾ ਨੇ ਕਿਹਾ ਕਿ ਐੱਸ. ਬੀ. ਆਈ. ਦੇਸ਼ ਦੀ ਆਰਥਿਕਤਾ ਦੀ ਪ੍ਰਤੀਨਿਧਤਾ ਕਰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਬੈਂਕ 47 ਕਰੋੜ ਗਾਹਕਾਂ ਨੂੰ ਸੇਵਾਵਾਂ ਦਿੰਦਾ ਹੈ ਅਤੇ ਵਿਹਾਰਕ ਤੌਰ ’ਤੇ ਇਹ ਹਰ ਘਰ ਦਾ ਬੈਂਕ ਹੈ। ਉਨ੍ਹਾਂ ਕਿਹਾ ਕਿ ਭਾਰਤ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਅਤੇ ਸੰਭਵ ਹੈ ਕਿ 2027 ਤੱਕ ਦੇਸ਼ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।

ਸੇਵਾਵਾਂ ’ਚ ਸੁਧਾਰ ਦੀ ਲੋੜ

ਖਾਰਾ ਨੇ ਕਿਹਾ ਕਿ ਗਾਹਕਾਂ ਨੂੰ ਮਿਲਣ ਵਾਲੀਆਂ ਸੇਵਾਵਾਂ ’ਚ ਸੁਧਾਰ ਦੀ ਲੋੜ ਹੈ, ਕਿਉਂਕਿ ਅੱਜ ਬਹੁਤ ਸਾਰੇ ਵਿਕਲਪ ਉਪਲਬਧ ਹਨ। ਗਾਹਕਾਂ ਦੀਆਂ ਉਮੀਦਾਂ ਬਦਲ ਰਹੀਆਂ ਹਨ ਅਤੇ ਬੈਂਕ ਨੂੰ ਗਾਹਕਾਂ ਨੂੰ ਹਰ ਸੰਭਵ ਸਹਾਇਤਾ ਆਸਾਨੀ ਨਾਲ ਪ੍ਰਦਾਨ ਕਰਨ ਦੀ ਲੋੜ ਹੈ। ਗਾਹਕਾਂ ਦੇ ਘਰਾਂ ਤੱਕ ਸੇਵਾਵਾਂ ਪਹੁੰਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਅਸੀਂ ਗਾਹਕ ਸੇਵਾ ’ਚ ਸੁਧਾਰ ਕੀਤਾ ਹੈ ਪਰ ਅਜੇ ਲੰਮਾ ਸਫ਼ਰ ਤੈਅ ਕਰਨਾ ਹੈ। ਅੱਜ ਗਾਹਕ ਜੋ ਚਾਹੁੰਦੇ ਹਨ, ਸਾਨੂੰ ਉਸੇ ਅਨੁਸਾਰ ਪੇਸ਼ਕਸ਼ ਨੂੰ ਲੈ ਕੇ ਪੈਕੇਜ ਤਿਆਰ ਕਰਨ ਦੀ ਲੋੜ ਹੈ।’


author

Harinder Kaur

Content Editor

Related News