40,000 ਕਰੋੜ ਦੇ ਕਰਜ਼ੇ ਦੀ ਤਿਆਰੀ ਵਿਚ ਅੰਬਾਨੀ

Friday, Jul 20, 2018 - 12:04 AM (IST)

40,000 ਕਰੋੜ ਦੇ ਕਰਜ਼ੇ ਦੀ ਤਿਆਰੀ ਵਿਚ ਅੰਬਾਨੀ

ਮੁੰਬਈ-ਟੈਲੀਕਾਮ ਸੈਕਟਰ ਦੇ ਬਾਅਦ ਹੁਣ ਰਿਟੇਲ ਕਾਰੋਬਾਰ ਵਿਚ ਵੀ ਤਹਿਲਕਾ ਮਚਾਉਣ ਦੀ ਤਿਆਰੀ 'ਚ ਲੱਗੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਨੇ ਵਿਦੇਸ਼ ਤੋਂ ਫੰਡ ਲਿਆਉਣ ਦਾ ਫੈਸਲਾ ਲਿਆ ਹੈ। ਬਲੂਮਬਰਗ ਨੇ ਦੱਸਿਆ ਸੀ ਕਿ ਵਿੱਤੀ ਸਾਲ 2019 'ਚ ਕੰਪਨੀ 40,000 ਕਰੋੜ ਯਾਨੀ 5.8 ਅਰਬ ਡਾਲਰ ਦਾ ਕਰਜ਼ਾ ਲੈ ਸਕਦੀ ਹੈ। ਪਿਛਲੇ 5 ਸਾਲਾਂ ਵਿਚ ਕੰਪਨੀ 'ਤੇ ਕਰਜ਼ਾ 3 ਗੁਣਾ ਵਧਿਆ ਹੈ ਕਿਉਂਕਿ ਉਸਨੇ ਕੈਪੀਟਲ ਐਕਸਪੈਂਡੀਚਰ ਲਈ 3.3 ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਕੰਪਨੀ ਨੂੰ 2022 ਤੱਕ ਕਰੀਬ 2.2 ਲੱਖ ਕਰੋੜ ਰੁਪਏ ਦਾ ਕਰਜ਼ਾ ਚੁਕਾਉਣਾ ਹੈ।
ਸੂਤਰਾਂ ਅਨੁਸਾਰ ਰਿਲਾਇੰਸ ਸਮੂਹ ਵਿਦੇਸ਼ ਤੋਂ 2.5 ਅਰਬ ਡਾਲਰ ਦਾ ਕਰਜ਼ਾ ਲੈਣ ਲਈ ਬੈਂਕਾਂ ਨਾਲ ਗੱਲ ਕਰ ਰਿਹਾ ਹੈ। ਇਸ ਯੋਜਨਾ ਤੋਂ ਜਾਣੂ ਚਾਰ ਸੂਤਰਾਂ ਨੇ ਦੱਸਿਆ ਕਿ ਇਸ ਪੈਸੇ ਨੂੰ ਟੈਲੀਕਾਮ ਅਤੇ ਰਿਟੇਲ ਬਿਜ਼ਨੈੱਸ ਵਿਚ ਲਾਇਆ ਜਾਵੇਗਾ। ਕੰਪਨੀ ਇਕ ਜਾਂ ਉਸ ਤੋਂ ਜ਼ਿਆਦਾ ਵਾਰ 'ਚ ਕਰਜ਼ਾ ਲੈਣ ਲਈ ਦਰਜਨ ਭਰ ਬੈਕਾਂ ਨਾਲ ਗੱਲ ਕਰ ਰਹੀ ਹੈ।

ਢਾਈ ਸਾਲ ਪਹਿਲਾਂ ਲਿਆ ਗਿਆ ਵਿਦੇਸ਼ੀ ਕਰਜ਼ਾ ਚੁਕਾਵੇਗੀ ਰਿਲਾਇੰਸ

ਸੂਤਰਾਂ ਨੇ ਦੱਸਿਆ ਕਿ ਕੰਪਨੀ ਨੇ ਫਾਈਬਰ ਨੈੱਟਵਰਕ ਅਤੇ ਰਿਟੇਲ ਸਟੋਰਸ ਦੀ ਗਿਣਤੀ ਵਧਾਉਣ ਦੌਰਾਨ ਇਹ ਫੈਸਲਾ ਕੀਤਾ ਹੈ। ਇਸ ਕਰਜ਼ੇ ਨਾਲ ਰਿਲਾਇੰਸ ਢਾਈ ਸਾਲ ਪਹਿਲਾਂ ਲਿਆ ਗਿਆ ਵਿਦੇਸ਼ੀ ਕਰਜ਼ਾ ਚੁਕਾਵੇਗੀ। ਇਸ ਨਾਲ ਕੰਪਨੀ ਦੀ ਵਿਆਜ ਦੇਣਦਾਰੀ ਘੱਟ ਹੋਵੇਗੀ। ਕੰਪਨੀ ਲੰਡਨ ਇੰਟਰਬੈਂਕ ਆਫਰਡ ਰੇਟ (ਲਾਇਬੋਰ) ਤੋਂ 1-1.25 ਫੀਸਦੀ ਜ਼ਿਆਦਾ ਰੇਟ 'ਤੇ 3-5 ਸਾਲਾਂ ਲਈ ਕਰਜ਼ਾ ਲੈ ਸਕਦੀ ਹੈ। ਸੂਤਰਾਂ ਨੇ ਦੱਸਿਆ ਕਿ ਅਜੇ ਇਨਵੈਸਟਰਜ਼ ਇੰਨੇ ਵਿਆਜ ਦੀ ਮੰਗ ਕਰ ਰਹੇ ਹਨ ਪਰ ਅਜੇ ਤੱਕ ਕੁਝ ਵੀ ਫਾਈਨਲ ਨਹੀਂ ਹੋਇਆ ਹੈ।

ਨਹੀਂ ਦਿੱਤਾ ਕੋਈ ਜਵਾਬ

ਇਸ ਮਾਮਲੇ 'ਚ ਪੁੱਛੇ ਗਏ ਸਵਾਲਾਂ ਦਾ ਰਿਲਾਇੰਸ ਨੇ ਖਬਰ ਲਿਖੇ ਜਾਣ ਤੱਕ ਕੋਈ ਜਵਾਬ ਨਹੀਂ ਦਿੱਤਾ ਸੀ। ਇਹ ਦੇਸ਼ ਦੀ ਬੈਸਟ ਰੇਟਿੰਗ ਵਾਲੀ ਕੰਪਨੀਆਂ 'ਚ ਸ਼ਾਮਲ ਹੈ, ਇਸ ਲਈ ਉਹ ਆਸਾਨੀ ਨਾਲ ਘੱਟ ਰੇਟ 'ਤੇ ਫੰਡ ਜੁਟਾ ਸਕਦੀ ਹੈ। ਰਿਲਾਇੰਸ ਪਹਿਲਾਂ ਕਈ ਵਾਰ ਅਜਿਹਾ ਕਰ ਚੁੱਕੀ ਹੈ। ਕੁਝ ਸਮਾਂ ਪਹਿਲਾਂ ਕੰਪਨੀ ਦੀ ਸਾਲਾਨਾ ਜਨਰਲ ਮੀਟਿੰਗ (ਏ. ਜੀ. ਐੱਮ.) 'ਚ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਸੀ ਕਿ ਟੈਲੀਕਾਮ ਬਿਜ਼ਨੈੱਸ ਨੂੰ ਵਧਾਉਣ ਲਈ ਹੋਰ ਨਿਵੇਸ਼ ਕੀਤਾ ਜਾਵੇਗਾ।


Related News