ਬਜਟ : ਝੋਨੇ ਦੀ ਜਗ੍ਹਾ ਹੋਰ ਫ਼ਸਲਾਂ ਦੀ ਖੇਤੀ ਲਈ ਮਿਲ ਸਕਦੇ ਨੇ 7,000 ਰੁ:
Monday, Jan 25, 2021 - 07:43 PM (IST)
ਨਵੀਂ ਦਿੱਲੀ- ਸਰਕਾਰ ਝੋਨੇ, ਗੰਨੇ ਵਰਗੀਆਂ ਫ਼ਸਲਾਂ ਦੀ ਜਗ੍ਹਾ ਹੋਰ ਫ਼ਸਲਾਂ ਨੂੰ ਤਵੱਜੋ ਦੇਣ ਵਾਲੇ ਕਿਸਾਨਾਂ ਲਈ 1 ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ ਵਿਚ ਵੱਡੀ ਘੋਸ਼ਣਾ ਕਰ ਸਕਦੀ ਹੈ। ਇਸ ਦਾ ਮਕਸਦ ਫ਼ਸਲ ਵਿਭਿੰਨਤਾ ਵਧਾਉਣਾ ਅਤੇ ਜ਼ਮੀਨੀ ਪਾਣੀ ਦੀ ਹੋ ਰਹੀ ਖ਼ਪਤ ਨੂੰ ਘਟਾਉਣਾ ਹੈ।
ਸਰਕਾਰ ਫ਼ਸਲ ਵਿਭਿੰਨਤਾ ਨੂੰ ਬੜ੍ਹਾਵਾ ਦੇਣ 'ਤੇ ਵਿਚਾਰ ਕਰ ਰਹੀ ਹੈ। ਖ਼ਬਰਾਂ ਹਨ ਕਿ ਅਜਿਹੇ ਕਿਸਾਨਾਂ ਨੂੰ 7,000 ਰੁਪਏ ਪ੍ਰਤੀ ਕਿੱਲੇ ਦੇ ਦਿੱਤੇ ਜਾ ਸਕਦੇ ਹਨ।
ਬਿਜਾਈ 'ਤੇ 2,000 ਰੁਪਏ ਅਤੇ ਫ਼ਸਲ ਪੱਕਣ 'ਤੇ 5,000 ਰੁਪਏ ਦਿੱਤੇ ਜਾ ਸਕਦੇ ਹਨ। ਸਰਕਾਰ ਦੀ ਇਸ ਸਕੀਮ ਨਾਲ ਪੰਜਾਬ, ਹਰਿਆਣਾ ਅਤੇ ਪੱਛਮੀ ਯੂ. ਪੀ. ਦੇ ਕਿਸਾਨਾਂ ਨੂੰ ਜ਼ਿਆਦਾ ਫਾਇਦਾ ਹੋਵੇਗਾ। ਖ਼ਬਰਾਂ ਮੁਤਾਬਕ, ਸ਼ੁਰੂ ਵਿਚ ਇਹ ਸਕੀਮ ਨੋਟੀਫਾਈਡ ਖੇਤਰ ਵਿਚ ਲਾਗੂ ਹੋਵੇਗੀ।
ਗੌਰਤਲਬ ਹੈ ਕਿ ਜ਼ਿਆਦਾਤਰ ਝੋਨੇ, ਗੰਨੇ ਦੀ ਖੇਤੀ ਕਾਰਨ ਜ਼ਮੀਨੀ ਪਾਣੀ 'ਤੇ ਬਹੁਤ ਡੂੰਘਾ ਅਸਰ ਪੈ ਰਿਹਾ ਹੈ। ਹਰੀ ਕ੍ਰਾਂਤੀ ਵਾਲੇ ਖੇਤਰਾਂ ਵਿਚ ਪਾਣੀ ਬਹੁਤ ਹੇਠਾਂ ਚਲਾ ਗਿਆ ਹੈ। ਕਈ ਇਲਾਕਿਆਂ ਵਿਚ ਪੀਣ ਦੇ ਪਾਣੀ ਦੇ ਵੀ ਲਾਲੇ ਪੈਣ ਲੱਗੇ ਹਨ। ਇਸ ਨੂੰ ਧਿਆਨ ਵਿਚ ਰੱਖ ਕੇ ਘੱਟ ਪਾਣੀ ਵਾਲੀਆਂ ਫ਼ਸਲਾਂ ਵੱਲ ਰੁਖ਼ ਕਰਨ ਦੀ ਜ਼ਰੂਰਤ ਪੈ ਰਹੀ ਹੈ, ਲਿਹਾਜਾ ਇਸ ਲਈ ਸਰਕਾਰ ਨਵੀਂ ਸਕੀਮ ਸ਼ੁਰੂ ਕਰ ਸਕਦੀ ਹੈ।